ਪੱਛਮੀ ਆਸਟ੍ਰੇਲੀਆ ਨੇ ਸਥਾਈ ਨਿਵਾਸ ਲਈ ਨਵੇਂ ਰਾਹ ਖੋਲ੍ਹਦਿਆਂ, ਉਪ-ਕਲਾਸ 190 ਅਤੇ 491ਲਈ ਹੁਨਰਮੰਦ ਮਾਈਗ੍ਰੇਸ਼ਨ ਪ੍ਰੋਗਰਾਮ 2022-23 ਦਾ ਐਲਾਨ ਕੀਤਾ ਹੈ।
ਸਰਕਾਰ ਅਨੁਸਾਰ ਹੁਨਰਮੰਦ ਪੇਸ਼ੇ ਦੀ ਸੂਚੀ ਦੇ ਵਿਸਥਾਰ ਦੀ ਪਹਿਲਕਦਮੀ ਪ੍ਰਵਾਸੀਆਂ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਆਕਰਸ਼ਿਤ ਕਰਨ ਲਈ ਹੈ ਤਾਂ ਜੋ ਪੱਛਮੀ ਆਸਟ੍ਰੇਲੀਆ ਵਿੱਚ ਯੋਗ ਕਾਮਿਆਂ ਦੀ ਘਾਟ ਨੂੰ ਦੂਰ ਕੀਤਾ ਜਾ ਸਕੇ।
ਵੈਸਟਰਨ ਆਸਟ੍ਰੇਲੀਆ ਦੀ ਸਰਕਾਰ ਨੇ ਕਿਹਾ ਕਿ ਸਟੇਟ ਸਪੌਂਸਰਸ਼ਿੱਪ ਲਈ ਚੋਣ, ਰੈਂਕਿੰਗ ਪ੍ਰਣਾਲੀ ਦੁਆਰਾ ਕੀਤੀ ਜਾਵੇਗੀ।
ਪਹਿਲੀ ਤਰਜੀਹ ਰਾਜ ਵਿੱਚ ਰਹਿ ਰਹੇ ਬਿਨੈਕਾਰਾਂ ਨੂੰ ਦਿੱਤੀ ਜਾਵੇਗੀ, ਉਸ ਤੋਂ ਬਾਅਦ ਆਸਟਰੇਲੀਆ ਦੇ ਦੂਜੇ ਰਾਜਾਂ ਵਿੱਚ ਰਹਿੰਦੇ ਲੋਕ ਯੋਗ ਹੋਣਗੇ ਅਤੇ ਅਖੀਰਲਾ ਸੱਦਾ ਵਿਦੇਸ਼ਾਂ ਵਿੱਚ ਰਹਿੰਦੇ 'ਸਕਿਲਡ ਵਰਕਰਜ਼' ਲਈ ਹੋਵੇਗਾ।
ਇਨ੍ਹਾਂ ਤਬਦੀਲੀਆਂ ਦੇ ਲਾਭਾਂ ਬਾਰੇ ਦੱਸਦੇ ਹੋਏ, ਅੰਤਰਰਾਸ਼ਟਰੀ ਸਿੱਖਿਆ ਮੰਤਰੀ ਡੇਵਿਡ ਟੈਂਪਲਮੈਨ ਨੇ ਕਿਹਾ ਕਿ,"ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹਨਾਂ ਦੀਆਂ ਯੋਗਤਾਵਾਂ ਨੂੰ ਬਰਕਰਾਰ ਰੱਖਣ ਲਈ ਪੱਛਮੀ ਆਸਟ੍ਰੇਲੀਆ ਵੱਲ ਆਕਰਸ਼ਿਤ ਕਰਨ ਲਈ ਇੱਕ ਹੁਨਰਮੰਦ ਮਾਈਗ੍ਰੇਸ਼ਨ ਮਾਰਗ ਪ੍ਰਦਾਨ ਕਰਨਾ ਮਹੱਤਵਪੂਰਨ ਕਦਮ ਹੈ।"
ਐਸ ਬੀ ਐਸ ਪੰਜਾਬੀ ਨੇ ਨਵੇਂ ਐਲਾਨ ਦੇ ਸਬੰਧ ਵਿੱਚ ਪਰਥ ਸਥਿਤ ਮਾਈਗ੍ਰੇਸ਼ਨ ਏਜੰਟ ਨਰਿੰਦਰ ਕੌਰ ਸੰਧੂ ਨਾਲ ਗੱਲ ਕੀਤੀ।
ਉਨ੍ਹਾਂ ਦੱਸਿਆ ਕਿ ਪੱਛਮੀ ਆਸਟ੍ਰੇਲੀਆ ਵਿੱਚ ਪਹਿਲਾਂ 'ਰਾਜ ਨਾਮਜ਼ਦਗੀ' ਜ਼ਿਆਦਾ ਪ੍ਰਚਲਿਤ ਨਹੀਂ ਸੀ ਪਰ ਇੱਕ ਸਾਲ ਦੇ ਅੰਦਰ ਹੀ ਇਸਨੂੰ ਬਹੁਤ ਸਾਰੇ ਕਿੱਤਿਆਂ ਨਾਲ਼ ਜੋੜ੍ਹਨ ਪਿੱਛੋਂ ਰਾਜ ਦੀ ਇਹ ਕਿੱਤਾ ਸੂਚੀ ਆਸਟ੍ਰੇਲੀਆ ਦੀਆਂ ਸਭ ਤੋਂ ਵੱਧ ਵਿਆਪਕ ਸੂਚੀਆਂ ਵਿੱਚੋਂ ਇੱਕ ਬਣ ਗਈ ਹੈ।
"ਹੁਣ ਗ੍ਰੈਜੂਏਟ ਕਿੱਤਿਆਂ ਦੀ ਸੂਚੀ ਵਿੱਚ 331 ਕਿੱਤੇ ਸੂਚੀਬੱਧ ਹਨ, ਜਿਨ੍ਹਾਂ ਵਿੱਚ ਨਵੇਂ ਸ਼ਾਮਲ ਕੀਤੇ ਗਏ ਕਿੱਤੇ ਵੀ ਸ਼ਾਮਲ ਹਨ, ਜਿਵੇਂ ਕਿ ਹੇਅਰ ਡ੍ਰੈਸਰ, ਬ੍ਰਿਕਲੇਅਰ, ਆਈਟੀ ਖੇਤਰ ਦੇ ਪੇਸ਼ੇਵਰ, ਮੋਟਰ ਮਕੈਨਿਕ, ਤਰਖਾਣ, ਕੁੱਕ, ਡਾਂਸਰ, ਸਿਹਤ ਕਿੱਤੇ ਆਦਿ।
ਉਨ੍ਹਾਂ ਕਿਹਾ, "ਜੇਕਰ ਕੋਈ ਅੰਤਰਰਾਸ਼ਟਰੀ ਵਿਦਿਆਰਥੀ ਪੱਛਮੀ ਆਸਟ੍ਰੇਲੀਆ ਤੋਂ ਗ੍ਰੈਜੂਏਟ ਹੁੰਦਾ ਹੈ, ਤਾਂ ਇਹ ਪ੍ਰੋਗਰਾਮ ਸਥਾਈ ਨਿਵਾਸ ਲਈ ਇੱਕ ਸੁਖਾਲ਼ਾ ਰਸਤਾ ਪ੍ਰਦਾਨ ਕਰੇਗਾ।"
ਪੂਰੀ ਆਡੀਓ ਰਿਪੋਰਟ ਸੁਨਣ ਲਈ ਇਸ ਲਿੰਕ ਉੱਤੇ ਕਲਿਕ ਕਰੋ.....
Also Read