Key Points
- ਸਿਡਨੀ ਦੇ ਇਲਾਕੇ ‘ਬਲੈਕਟਾਊਨ’ ਦੀਆਂ ਸੜਕਾਂ ‘ਤੇ ਦਿਨ ਕੱਟ ਰਿਹਾ ਸੀ ਮਾਨਸਿਕ ਤੌਰ ‘ਤੇ ਪਰੇਸ਼ਾਨ ਪ੍ਰੀਤ ਅਨਮੋਲ ਸਿੰਘ ਗਰੇਵਾਲ
- ਪੰਜਾਬ ਤੋਂ ਆਪਣੇ ਪੁੱਤਰ ਦੇ ਇਲਾਜ ਲਈ ਪਹੁੰਚੀ ਗਰੇਵਾਲ ਦੀ ਮਾਂ ਨੇ ਭਾਈਚਾਰੇ ਨੂੰ ਮਦਦ ਦੀ ਅਪੀਲ ਕੀਤੀ
- ਸਮਾਜਿਕ ਕਾਰਕੁਨ ਜਸਬੀਰ ਸਿੰਘ ਅਤੇ ਹੋਰ ਸਿੱਖ ਜਥੇਬੰਦੀਆਂ ਕਰ ਰਹੀਆਂ ਹਨ ਇਲਾਜ 'ਚ ਸਹਾਇਤਾ
ਪ੍ਰੀਤ ਅਨਮੋਲ ਸਿੰਘ ਗਰੇਵਾਲ, ਜੋ ਕਿ ਪੇਸ਼ੇ ਤੋਂ ਇੰਜੀਨੀਅਰ ਹੈ, ਇਸ ਸਮੇਂ ਸਿਡਨੀ ਦੇ ਬਲੈਕਟਾਊਨ ਇਲਾਕੇ ਵਿੱਚ ਸੜਕਾਂ 'ਤੇ ਜੀਵਨ ਬਿਤਾ ਰਿਹਾ ਹੈ।
ਗਰੇਵਾਲ ਨੇ ਪੰਜਾਬ ਦੇ ਮਸ਼ਹੂਰ 'ਪੰਜਾਬ ਪਬਲਿਕ ਸਕੂਲ ਨਾਭਾ' ਤੋਂ ਸਕੂਲੀ ਪੜ੍ਹਾਈ ਕੀਤੀ ਸੀ ਅਤੇ 2006 ਵਿੱਚ ਸਟੂਡੈਂਟ ਵੀਜ਼ੇ 'ਤੇ ਇੰਜੀਨੀਅਰਿੰਗ ਦੀ ਪੜ੍ਹਾਈ ਲਈ ਆਸਟ੍ਰੇਲੀਆ ਆਇਆ ਸੀ।
ਸਮਾਜਿਕ ਕਾਰਕੁਨ ਜਸਬੀਰ ਸਿੰਘ, ਜੋ ਗਰੇਵਾਲ ਦੇ ਇਲਾਜ ਵਿੱਚ ਇਸ ਸਮੇਂ ਮੱਦਦ ਕਰ ਰਹੇ ਹਨ, ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਪ੍ਰੀਤ ਅਨਮੋਲ ਸਿੰਘ ਬਹੁਤ ਹੋਣਹਾਰ ਵਿਦਿਆਰਥੀ ਸੀ ਪਰ ਪਰਿਵਾਰ ਤੋਂ ਦੂਰ ਰਹਿੰਦਿਆਂ ਉਹ ਹੌਲੀ-ਹੌਲੀ ਦਿਮਾਗੀ ਤੌਰ 'ਤੇ ਪਰੇਸ਼ਾਨ ਹੁੰਦਾ ਗਿਆ।
ਉਸਦਾ ਵਿਆਹ ਹੋਇਆ ਅਤੇ ਇੱਕ ਬੱਚਾ ਵੀ ਹੈ ਪਰ ਦਿਮਾਗੀ ਹਾਲਤ ਕਾਰਨ ਉਸਦਾ ਤਲਾਕ ਹੋ ਗਿਆ ਜਿਸ ਤੋਂ ਬਾਅਦ ਉਸਦੀ ਹਾਲਤ ਹੋਰ ਵਿਗੜ ਗਈ।ਜਸਬੀਰ ਸਿੰਘ
ਗਰੇਵਾਲ ਦੀ ਮਾਂ ਹਰਮੀਤ ਕੌਰ ਗਰੇਵਾਲ ਇਸ ਵੇਲੇ ਭਾਰਤ ਤੋਂ ਸਿਡਨੀ ਆਈ ਹੋਈ ਹੈ ਤਾਂ ਜੋ ਆਪਣੇ ਪੁੱਤਰ ਨੂੰ ਇਸ ਔਖੀ ਘੜੀ ਵਿੱਚ ਸੰਭਾਲ ਸਕੇ।
ਹਰਮੀਤ ਕੌਰ ਨੇ ਐਸ ਬੀ ਅੇਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਆਸਟ੍ਰੇਲੀਆ ਵਿੱਚ ਰਹਿੰਦੇ ਹੋਏ ਗਰੇਵਾਲ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ ਅਤੇ ਪਰਿਵਾਰ ਤੋਂ ਆਰਥਿਕ ਮੱਦਦ ਮੰਗਣ ਲੱਗ ਪਿਆ।"
ਗਰੇਵਾਲ ਨੇ ਕੁੱਝ ਸਮਾਂ ਭਾਰਤ ਵਾਪਸ ਜਾ ਕੇ ਪਰਿਵਾਰ ਨਾਲ ਬਿਤਾਇਆ।
ਉਹਨਾਂ ਦੱਸਿਆ ਕਿ ਉਸ ਸਮੇਂ ਗਰੇਵਾਲ ਦਾ ਵਿਆਹ ਕਰ ਦਿੱਤਾ ਗਿਆ ਅਤੇ ਫਿਰ ਉਹ ਆਪਣੀ ਪਤਨੀ ਨਾਲ ਆਸਟ੍ਰੇਲੀਆ ਵਾਪਸ ਆ ਗਿਆ, ਪਰ ਉਸ ਦੀ ਹਾਲਤ ਨਾ ਸੁਧਰੀ ਅਤੇ ਉਹ ਬੇਘਰ ਹੋ ਗਿਆ।
ਸੋਸ਼ਲ ਮੀਡੀਆ ਰਾਹੀਂ ਉਸਦੀ ਸਥਿਤੀ ਸਾਹਮਣੇ ਆਉਣ 'ਤੇ 'ਹਰਮਨ ਫਾਊਂਡੇਸ਼ਨ' ਅਤੇ 'ਟਰਬਨਜ਼ ਫੋਰ ਆਸਟ੍ਰੇਲੀਆ' ਵਰਗੀਆਂ ਕਈ ਹੋਰ ਸੰਸਥਾਵਾਂ ਮੱਦਦ ਲਈ ਅੱਗੇ ਆਈਆਂ।
ਜਸਬੀਰ ਸਿੰਘ ਅਨੁਸਾਰ, "ਕਈ ਵਾਰ ਗਰੇਵਾਲ ਦੀ ਹਾਲਤ ਇੰਨੀ ਖ਼ਰਾਬ ਹੋ ਜਾਂਦੀ ਹੈ ਕਿ ਉਹ ਹਿੰਸਕ ਹੋ ਜਾਂਦਾ ਅਤੇ ਪੁਲਿਸ ਨੂੰ ਕਾਰਵਾਈ ਕਰਨੀ ਪੈਂਦੀ ਸੀ।"
ਅੱਜ ਮੇਰਾ ਪੁੱਤ ਇਸ ਹਾਲਤ ਵਿੱਚ ਹੈ, ਕੱਲ੍ਹ ਕਿਸੇ ਹੋਰ ਦਾ ਹੋ ਸਕਦਾ ਹੈ। ਕਿਰਪਾ ਕਰ ਕੇ ਮਾਨਸਿਕ ਬੀਮਾਰੀਆਂ ਨਾਲ ਜੂਝ ਰਹੇ ਲੋਕਾਂ ਲਈ ਸਹਾਇਤਾ ਦੇ ਹੱਥ ਵਧਾਓ।ਮਾਤਾ ਹਰਮੀਤ ਕੌਰ
ਇਸ ਵੇਲੇ ਗਰੇਵਾਲ ਬਲੈਕਟਾਊਨ ਹਸਪਤਾਲ ਵਿੱਚ ਮੁੱਢਲੀ ਜਾਂਚ ਅਧੀਨ ਹੈ, ਅਤੇ ਉਸਦੇ ਇਲਾਜ ਦੇ ਅਗਲੇ ਕਦਮ ਇਸ ਜਾਂਚ 'ਤੇ ਨਿਰਭਰ ਕਰਨਗੇ।
ਹੋਰ ਵੇਰਵੇ ਲਈ ਆਡੀਓ ਬਟਨ ਕਲਿਕ ਕਰੋ
ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।