ਕੁਲਦੀਪ ਕੌਰ ਲਗਭਗ 12 ਸਾਲ ਪਹਿਲਾਂ ਬਿਹਤਰ ਜ਼ਿੰਦਗੀ ਲਈ ਭਾਰਤ ਤੋਂ ਆਸਟ੍ਰੇਲੀਆ ਆ ਗਈ ਸੀ ਪਰ ਇਸ ਸਮੇਂ ਦੌਰਾਨ ਉਸਨੂੰ ਬਹੁਤ ਸਾਰੀਆਂ ਚੁਣੌਤੀਆਂ ਅਤੇ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ।
ਐਸ ਬੀ ਐਸ ਪੰਜਾਬੀ ਨਾਲ ਇੱਕ ਇੰਟਰਵਿਊ ਵਿੱਚ, ਸ਼੍ਰੀਮਤੀ ਕੌਰ ਨੇ ਉਨ੍ਹਾਂ ਹਾਲਾਤਾਂ ਬਾਰੇ ਗੱਲ ਕੀਤੀ ਜਿਨ੍ਹਾਂ ਦੇ ਚਲਦਿਆਂ ਉਸਦੀ ਜ਼ਿੰਦਗੀ ਪ੍ਰਭਾਵਤ ਹੋਈ ਤੇ ਕਿਵੇਂ ਉਸਨੇ ਇਹਨਾਂ ਚੁਣੌਤੀਆਂ ਦਾ ਡਟਕੇ ਮੁਕਾਬਲਾ ਕੀਤਾ।
“ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਕਾਲਾ ਦੌਰ ਸੀ। ਪਰ ਮੈਂ ਇਹ ਚੁਣੌਤੀਆਂ ਨੂੰ ਕਾਬੂ ਕਰਨ ਲਈ ਨਿਰੰਤਰ ਯਤਨਸ਼ੀਲ ਹਾਂ ਅਤੇ ਆਪਣੀ ਜਿੰਦਗੀ ਵਿਚ ਸ਼ਾਂਤੀ, ਖੁਸ਼ਹਾਲੀ ਅਤੇ ਸਫਲਤਾ ਪ੍ਰਾਪਤ ਕਰਨ ਲਈ ਅੱਗੇ ਵਧ ਰਹੀ ਹਾਂ,” ਉਸਨੇ ਕਿਹਾ।
"ਭਾਵੇ ਮੈਂ ਬਹੁਤ ਹੀ ਭੈੜਾ ਤੇ ਡਰਾਉਣਾ ਸਮਾਂ ਵੀ ਦੇਖਿਆ ਪਰ ਗੁਰੂ ਸਾਹਿਬ ਜੀ ਦੀ ਬਖਸ਼ੀ ਸਿੱਖੀ, ਸਰੂਰ ਅਤੇ ਹਿੰਮਤੀ ਜਜ਼ਬੇ ਨਾਲ ਹਮੇਸ਼ਾਂ ਨਿਵਾਜਦੀ ਰਹੀ ਹੈ।“

ਸ਼੍ਰੀਮਤੀ ਕੌਰ ਜੋ ਇੱਕ ਸੁਰਖਿਆ ਅਧਿਕਾਰੀ ਅਤੇ ਇੱਕ ਸਿਹਤ ਸੰਭਾਲ ਕਰਮਚਾਰੀ ਵਜੋਂ ਵੀ ਕੰਮ ਕਰ ਚੁੱਕੀ ਹੈ, ਨੇ ਪਿਛਲੇ ਸਾਲ ਹੱਥੀਂ-ਬੁਣੇ ਕਪੜੇ ਦਾ ਕਾਰੋਬਾਰ ਸ਼ੁਰੂ ਕਰਨ ਪਿੱਛੇ ਆਪਣੀ 'ਮਜਬੂਰੀ' ਵੀ ਸਾਂਝੀ ਕੀਤੀ।
ਦੋ ਧੀਆਂ ਦੀ ਮਾਂ ਸ੍ਰੀਮਤੀ ਕੌਰ ਨੇ ਕਿਹਾ ਕਿ ਉਸਨੇ ਆਪਣੇ ਦੂਜੇ ਬੱਚੇ ਦੇ ਜਨਮ ਤੋਂ ਬਾਅਦ ਆਪਣੀ ਨੌਕਰੀ ਛੱਡ ਦਿੱਤੀ ਸੀ।
“ਮੇਰੀ ਚਾਰ ਮਹੀਨੇ ਦੀ ਛੋਟੀ ਬੱਚੀ ਦੀਆਂ ਕੁਝ ਖਾਸ ਜ਼ਰੂਰਤਾਂ ਹਨ ਜਿਸ ਕਰਕੇ ਮੈਨੂੰ ਹਰ ਪਲ ਘਰ ਰਹਿਣਾ ਪੈਂਦਾ ਹੈ। ਉਸਨੂੰ ਸਿਹਤਯਾਬ ਹੋਣ ਲਈ 1 ਸਾਲ ਦੀ ਉਮਰ ਵਿੱਚ ਸਰਜਰੀ ਕਰਾਉਣ ਦੀ ਜ਼ਰੂਰਤ ਹੋਏਗੀ,” ਉਸਨੇ ਕਿਹਾ।
ਸ੍ਰੀਮਤੀ ਕੌਰ ਦੇ ਪਤੀ ਦਿਲ ਦੇ ਰੋਗ ਦੀ ਇੱਕ ਗੰਭੀਰ ਸਮੱਸਿਆ ਤੋਂ ਪ੍ਰੇਸ਼ਾਨ ਰਹੇ ਹਨ - ਉਨ੍ਹਾਂ ਨੂੰ ਆਪਣੇ ਸਿਹਤ-ਮਸਲਿਆਂ ਕਾਰਨ ਕੰਮ ਤੇ ਵਾਪਸ ਪਰਤਣ ਵਿੱਚ ਮੁਸ਼ਕਿਲ ਆਈ ਅਤੇ ਕੋਵਿਡ-19 ਮਹਾਂਮਾਰੀ ਨਾਲ ਜੁੜੇ ਹਾਲਾਤਾਂ ਦੇ ਚੱਲਦਿਆਂ ਵੀ ਉਹ ਕੰਮ ਤੇ ਵਾਪਸ ਨਾ ਜਾ ਸਕੇ।
ਇਨ੍ਹਾਂ ਸਾਰੀਆਂ ਸਮੱਸਿਆਵਾਂ ਦੇ ਚੱਲਦਿਆਂ ਸ੍ਰੀਮਤੀ ਕੌਰ ਨੇ ਹੱਥ-ਬੁਣਤੀ ਦਾ ਇਹ ਕਾਰੋਬਾਰ ਸ਼ੁਰੂ ਕੀਤਾ ਜਿਸ ਨਾਲ ਉਨ੍ਹਾਂ ਦੇ ਪਰਿਵਾਰ ਦਾ ਗੁਜ਼ਾਰਾ ਹੋ ਰਿਹਾ ਹੈ।
“ਮੇਰੀ ਜ਼ਿੰਦਗੀ ਦੇ ਔਖੇ ਸਮੇਂ ਵਿੱਚ ਮੇਰੇ ਪਰਿਵਾਰ ਨੇ ਖਾਸ ਕਰ ਮੇਰੇ ਪਤੀ ਨੇ ਮੇਰਾ ਬਹੁਤ ਸਾਥ ਦਿੱਤਾ। ਇਹ ਨਵਾਂ ਕਾਰੋਬਾਰ ਮੈਂ ਆਪਣੇ ਭਾਈਚਾਰੇ ਦੇ ਸਹਿਯੋਗ ਨਾਲ ਹੀ ਚਲਾ ਰਹੀ ਹਾਂ। ਬੁਣਤੀ ਦਾ ਇਹ ਗੁਣ ਮੇਰੀ ਮਾਂ ਨੇ ਮੈਨੂੰ ਵਿਰਸੇ ਵਿੱਚ ਸੌਂਪਿਆ ਹੈ,” ਉਸਨੇ ਕਿਹਾ।
“ਮੈਂ ਮਿਹਨਤ ਕਰਨ ਵਿੱਚ ਵਿਸ਼ਵਾਸ ਰੱਖਦੀ ਹਾਂ ਅਤੇ ਸੈਂਟਰਲਿੰਕ ਤੋਂ ਕਿਸੇ ਕਿਸਮ ਦਾ ਸਹਿਯੋਗ ਨਹੀਂ ਚਾਹੁੰਦੀ। ਮੈਂ ਆਪਣੇ ਪਰਿਵਾਰ ਨੂੰ ਇਸ ਔਖੀ ਆਰਥਿਕ ਸਥਿਤੀ ਤੋਂ ਬਾਹਰ ਕੱਢਣ ਲਈ ਆਪਣੀ ਮਿਹਨਤ ਉਤੇ ਭਰੋਸਾ ਕਰਦੀ ਹਾਂ।“

ਸ਼੍ਰੀਮਤੀ ਕੌਰ ਨੇ ਕਿਹਾ ਕਿ ਖੁਸ਼ੀ ਦੇ ਨਵੇਂ ਅਰਥ ਲੱਭਣ ਲਈ ਉਸਨੇ ਜ਼ਿੰਦਗੀ ਨੂੰ ਨਵਾਂ ਮੋੜਾ ਦਿੱਤਾ ਹੈ।
"ਜ਼ਿੰਦਗੀ ਵਿੱਚ ਚਮਕਣ ਲਈ ਆਪਣੇ ਆਪ ਨੂੰ ਆਪ ਤਰਾਸ਼ਣਾ ਪੈਦਾ ਕਿਉਂਕਿ ਆਪੇ ਤੋਂ ਵੱਧ ਸਾਨੂੰ ਹੋਰ ਕੋਈ ਨਹੀਂ ਜਾਣਦਾ! ਬੁਣਤੀ ਦੀ ਸ਼ੁਰੂਆਤ ਭਾਂਵੇ ਚੰਦ ਕੁ ਘੁਰਿਆਂ ਤੋਂ ਹੁੰਦੀ ਹੈ ਪਰ ਜੋ ਮਿਹਨਤੀ ਜਜ਼ਬਿਆਂ ਨਾ’ ਤਿਆਰ ਹੁੰਦਾ ਹੈ ਉਹਦੀ ਖ਼ੂਬਸੂਰਤੀ ਸਭ ਨੂੰ ਭਾਉਂਦੀ ਹੈ। ਬੁਣਦੇ ਜਾਉ, ਹੌਲੀ ਹੌਲੀ ਸੁਖ ਦੁੱਖ ਨਾਲ ਜ਼ਿੰਦਗੀ, ਯਕੀਨ ਮੰਨਿਓ ਅੰਤ ਬਿਹਤਰੀਨ ਹੀ ਹੋਵੇਗਾ,” ਉਸਨੇ ਕਿਹਾ।
"ਉਧੇੜਣਾ, ਕੱਟਣਾ ਬਹੁਤ ਆਸਾਨ ਤੇ ਹੁੰਦਾ ਪਰ ਵਸਤੂ ਖ਼ਰਾਬ ਕਰ ਦਿੰਦਾ ਹੈ। ਇਸ ਲਈ ਜ਼ਿੰਦਗੀ ਜ਼ਿੰਦਾ-ਦਿਲੀ ਨਾਲ ਬੁਣਦੇ ਜਾਓ ਕਿਓਂਕਿ ਸਕਾਰਾਤਮਿਕ ਸੋਚ ਸਫਲਤਾ ਨੂੰ ਪੈਰ ਚੁੰਮਣ ਲਈ ਮਜਬੂਰ ਕਰ ਦਿੰਦੀ ਹੈ।"

ਮਾਨਸਿਕ ਸਿਹਤ ਮਹੀਨਾ ਹਰ ਸਾਲ ਅਕਤੂਬਰ ਵਿੱਚ ਆਉਂਦਾ ਹੈ ਤੇ 10 ਅਕਤੂਬਰ ਨੂੰ ਵਿਸ਼ਵ ਮਾਨਸਿਕ ਸਿਹਤ ਦਿਵਸ ਵਜੋਂ ਮਨਾਇਆ ਜਾਂਦਾ ਹੈ।
ਆਤਮ ਹੱਤਿਆ ਰੋਕਥਾਮ ਤੇ ਸਹਾਇਤਾ ਅਤੇ ਜਾਣਕਾਰੀ ਪ੍ਰਾਪਤ ਕਰਨ ਲਈ 13 11 14 ਉੱਤੇ ਲਾਈਫਲਾਈਨ ਨੂੰ ਸੰਪਰਕ ਕੀਤਾ ਜਾ ਸਕਦਾ ਹੈ।
ਮਾਨਸਿਕ ਸਿਹਤ ਬਾਰੇ ਵਧੇਰੇ ਜਾਣਕਾਰੀ ਬੀਜੋਂਡ ਬਲੂ ਉੱਤੇ ਉਪਲਬਧ ਹੈ।
ਐਸ ਬੀ ਐਸ ਆਸਟ੍ਰੇਲੀਆ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ।
63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ sbs.com.au/coronavirus ਉੱਤੇ ਉਪਲਬਧ ਹਨ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।
ਐੱਸ ਬੀ ਐੱਸ ਪੰਜਾਬੀ ਦੀਆਂ ਹੋਰ ਪੇਸ਼ਕਾਰੀਆਂ







