ਵਿਕਟੋਰੀਆ ਦੇ ਪ੍ਰੀਮੀਅਰ ਡੇਨੀਅਲ ਐਂਡਰੀਊਜ਼ ਨੇ ਪੁਸ਼ਟੀ ਕੀਤੀ ਹੈ ਕਿ ਚਿਹਰੇ ਨੂੰ ਢਕਣ ਲਈ ਵਰਤੇ ਜਾਣ ਵਾਲੇ ਮਾਸਕ ਹਮੇਸ਼ਾਂ ਆਪਣੇ ਨਾਲ ਰੱਖਣੇ ਹੋਣਗੇ ਅਤੇ ਜਨਤਕ ਟਰਾਂਸਪੋਰਟ, ਅੰਦਰੂਨੀ ਖਰੀਦਦਾਰੀ ਵਾਲੀਆਂ ਥਾਵਾਂ ਅਤੇ ਹੋਰ ਭਾਰੀ ਇਕੱਠਾਂ ਵਾਲੀਆਂ ਥਾਵਾਂ ਤੇ ਅਜੇ ਵੀ ਮਾਸਕ ਪਾਉਣੇ ਹੋਣਗੇ।
ਐਤਵਾਰ ਤੋਂ ਮੈਲਬਰਨ ਨਿਵਾਸੀ ਇਹ ਫੈਸਲਾ ਖੁੱਦ ਕਰਨਗੇ ਕਿ ਕਿਹੜੀਆਂ ਥਾਵਾਂ ਉੱਤੇ ਮਾਸਕ ਪਾਏ ਜਾਣੇ ਚਾਹੀਦੇ ਹਨ, ਜਿਵੇਂ ਕਿ ਅਜਿਹੀਆਂ ਥਾਵਾਂ ਜਿੱਥੇ 1.5 ਮੀਟਰ ਦੀ ਸਮਾਜਕ ਦੂਰੀ ਬਣਾਈ ਰੱਖਣਾ ਮੁਸ਼ਕਲ ਹੋਵੇ।
ਸ਼੍ਰੀ ਐਂਡਰਿਊਜ਼ ਨੇ ਕਿਹਾ, “ਮਾਸਕ ਸਾਡੇ ਬਚਾਅ ਦਾ ਵਧੀਆ ਸਾਧਨ ਹਨ ਅਤੇ ਕਈ ਥਾਵਾਂ ਉੱਤੇ ਇਹਨਾਂ ਦੀ ਵਰਤੋਂ ਕਰਦੇ ਰਹਿਣਾ ਹੋਵੇਗਾ”।
ਐਤਵਾਰ ਦੀ ਰਾਤ ਤੋਂ ਮੈਲਬਰਨ ਦੇ ਘਰਾਂ ਵਿੱਚ 30 ਮਹਿਮਾਨ ਆਉਣ ਦੀ ਇਜਾਜਤ ਹੋਵੇਗੀ। ਕੰਮ ਵਾਲੀਆਂ ਥਾਵਾਂ ‘ਤੇ ਵੀ ਸਾਲ 2021 ਦੇ ਸ਼ੁਰੂ ਤੋਂ ਨਰਮੀ ਵਰਤੀ ਜਾਵੇਗੀ।
ਇਹਨਾਂ ਰਾਹਤਾਂ ਲਈ ਕੀਤੇ ਐਲਾਨਾਂ ਦੇ ਨਾਲ ਹੀ ਰਾਜ ਦੇ ਸਿਹਤ ਅਧਿਕਾਰੀਆਂ ਨੇ ਉਹਨਾਂ 176 ਹਵਾਈ ਮੁਸਾਫਰਾਂ ਨੂੰ ਇਕੱਲਤਾ ਧਾਰਨ ਲਈ ਕਿਹਾ ਹੈ ਜੋ ਕਿ ਇੱਕ ਹਵਾਈ ਉਡਾਣ ਰਾਹੀਂ ਮੈਲਬਰਨ ਪਹੁੰਚੇ ਹਨ।
ਕਰੋਨਾਵਾਇਰਸ ਦੇ ਖਤਰੇ ਦਾ ਐਲਾਨ ਉਸ ਸਮੇਂ ਕੀਤਾ ਗਿਆ ਹੈ ਜਦੋਂ ਜਰਮਨੀ ਦੇ ਦੋ ਯਾਤਰੀ ਸਿਡਨੀ ਹਵਾਈ ਅੱਡੇ ਉੱਤੇ ਲਾਜ਼ਮੀ ਕੂਆਰਨਟੀਨ ਵਿੱਚੋਂ ਬੱਚ ਕੇ ਨਿਕਲਦੇ ਹੋਏ ਵਰਜਿਨ ਫਲਾਈਟ ਨੰਬਰ ਵੀਏ 838 ਦੁਆਰਾ ਸ਼ਨੀਵਾਰ ਦੁਪਿਹਰ 1.25 ਵਜੇ ਮੈਲਬਰਨ ਪਹੁੰਚੇ ਸਨ।
ਇਸ ਜੋੜੇ ਉੱਤੇ ਕੀਤੇ ਗਏ ਤਾਜ਼ਾ ਟੈਸਟ ਨਕਾਰਾਤਮਕ ਆਏ ਹਨ।
ਸਿਹਤ ਮੰਤਰੀ ਮਾਰਟਿਨ ਫੋਲੀ ਨੇ ਕਿਹਾ, “ਬੇਸ਼ਕ ਇਹਨਾਂ ਦੋਨਾਂ ਵਿਅਕਤੀਆਂ ਦੇ ਟੈਸਟ ਨਕਾਰਾਤਮਕ ਆਏ ਹਨ ਪਰ ਫੇਰ ਵੀ ਬਾਕੀ ਦੇ 176 ਯਾਤਰੀਆਂ ਨੂੰ ਇਕੱਲਤਾ ਵਿੱਚ ਰਹਿਣਾ ਹੋਵੇਗਾ”।
ਇਸ ਸਮੇਂ ਫੈਡਰਲ ਅਤੇ ਰਾਜ ਦੇ ਅਧਿਕਾਰੀ ਇਹ ਜਾਂਚ ਕਰ ਰਹੇ ਹਨ ਕਿ ਇਹ ਦੋਨੋਂ ਵਿਅਕਤੀ ਲਾਜ਼ਮੀ ਕੂਆਰਨਟੀਨ ਵਿੱਚੋਂ ਬੱਚ ਕੇ ਨਿਕਲੇ ਕਿਸ ਤਰਾਂ ਸਨ।
ਵਿਕਟੋਰੀਆ ਵਿੱਚ 37ਵੇਂ ਦਿਨ ਵੀ ਕੋਈ ਨਵਾਂ ਕਰੋਨਾਵਾਇਰਸ ਦਾ ਕੇਸ ਸਾਹਮਣੇ ਨਹੀਂ ਆਇਆ ਹੈ। ਪਰ ਫੇਰ ਵੀ ਪ੍ਰੀਮੀਅਰ ਨੇ ਲੋਕਾਂ ਨੂੰ ਚੇਤੰਨ ਰਹਿਣ ਦੀ ਸਲਾਹ ਦਿੱਤੀ ਹੈ।
ਸ਼੍ਰੀ ਐਂਡਰਿਊਜ਼ ਨੇ ਕਿਹਾ, “ਮਹਾਂਮਾਰੀ ਅਜੇ ਖਤਮ ਨਹੀਂ ਹੋਈ ਹੈ, ਇਹ ਕਦੀ ਵੀ ਵਾਪਸ ਆ ਸਕਦੀ ਹੈ”।
“ਬੇਸ਼ਕ ਅਸੀਂ ਆਮ ਹਾਲਾਤਾਂ ਵੱਲ ਵਧ ਰਹੇ ਹਾਂ ਪਰ ਸਥਿਤੀ ਅਜੇ ਪੂਰੀ ਤਰਾਂ ਕੰਟਰੋਲ ਵਿੱਚ ਨਹੀਂ ਕਹੀ ਜਾ ਸਕਦੀ। ਗਰਮੀਆਂ ਨੂੰ ਸੁਰੱਖਿਅਤ ਰੱਖਣ ਲਈ ਸਾਨੂੰ ਸਾਰੀਆਂ ਸਾਵਧਾਨੀਆਂ ਵਰਤਣੀਆਂ ਹੋਣਗੀਆਂ”।
ਸੋਮਵਾਰ ਤੋਂ ਮੈਲਬਰਨ ਵਿੱਚ ਅੰਤਰਰਾਸ਼ਟਰੀ ਉਡਾਣਾਂ ਦੀ ਆਮਦ ਸ਼ੁਰੂ ਹੋਣ ਜਾ ਰਹੀ ਹੈ ਅਤੇ ਸੁਰੱਖਿਆ ਅਤੇ ਸਿਹਤ ਅਧਿਕਾਰੀਆਂ ਵਲੋਂ ਸਾਰੇ ਪ੍ਰਬੰਧ ਪੂਰੇ ਕਰ ਲਏ ਗਏ ਹਨ।
ਹਾਲ ਦੀ ਘੜੀ, ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦੀ ਗਿਣਤੀ 160 ਉੱਤੇ ਨਿਯਤ ਰੱਖੀ ਗਈ ਹੈ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਅਤੇ ਪ੍ਰਦੇਸ਼ ਦੇ ਨਿਯਮਾਂ ਬਾਰੇ ਜਾਣੋ।
ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।
ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।
ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ 63 ਭਾਸ਼ਾਵਾਂ ਵਿੱਚ sbs.com.au/coronavirus ਉੱਤੇ ਉਪਲੱਬਧ ਹਨ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ






