31 ਮਈ ਤੋਂ ਕੋਵਿਡ-19 ਕਾਰਨ ਲਾਈਆਂ ਬੰਦਸ਼ਾਂ ਨੂੰ ਅੱਜ ਕੀਤੇ ਐਲਾਨ ਤਹਿਤ ਨਰਮ ਕੀਤਾ ਜਾ ਰਿਹਾ ਹੈ।
"ਨਜਦੀਕੀ ਮਿੱਤਰਾਂ ਅਤੇ ਰਿਸ਼ਤੇਦਾਰਾਂ ਨੂੰ ਇਹਨਾਂ ਬੰਦਸ਼ਾਂ ਕਾਰਨ ਬਹੁਤ ਪ੍ਰੇਸ਼ਾਨੀ ਹੋ ਰਹੀ ਸੀ। ਹੁਣ ਪੰਜ ਲੋਕ ਆਪਸ ਵਿੱਚ ਮਿਲ ਜੁਲ ਸਕਣਗੇ", ਪ੍ਰੀਮੀਅਰ ਡੇਨਿਅਲ ਐਂਡਰਿਊਜ਼ ਨੇ ਸੋਮਵਾਰ ਨੂੰ ਕਿਹਾ।
20 ਮਿਲੀਅਨ ਡਾਲਰਾਂ ਦੀ ਲਾਗਤ ਨਾਲ ਰੈਪਿੱਡ ਰਿਸਪੋਂਸ ਸਕੁਐਡ ਸਥਾਪਿਤ ਕੀਤੇ ਜਾਣਗੇ ਤਾਂ ਕਿ ਨਵੇਂ ਕੋਵਿਡ-19 ਦੇ ਕੇਸਾਂ ਨਾਲ ਤੁਰੰਤ ਨਜਿੱਠਿਆ ਜਾ ਸਕੇ।
ਇਹ ਟੀਮਾਂ ਕਰੋਨਾਵਾਇਰਸ ਨੂੰ ਰੋਕਣ, ਉਸ ਨਾਲ ਨਜਿੱਠਣ ਅਤੇ ਇਸ ਨੂੰ ਸੀਮਤ ਰੱਖਣ ਵਿੱਚ ਮਦਦ ਕਰਨਗੀਆਂ।
ਸਿਹਤ ਮੰਤਰੀ ਜੈਨੀ ਮਿਕਾਕੋਸ ਦਾ ਕਹਿਣਾ ਹੈ ਕਿ ਇਹ ਫੰਡਿੰਗ ਕਈ ਉਪਾਵਾਂ ਦਾ ਸਮਰਥਨ ਕਰੇਗੀ ਅਤੇ ਹਾਲ ਵਿੱਚ ਕੀਤੀ ਜਾ ਰਹੀ ਟੈਸਟਿੰਗ ਤੋਂ ਅਲਾਵਾ ਕਈ ਹੋਰ ਕਾਰਜਾਂ ਵਿੱਚ ਵੀ ਮਦਦ ਕਰੇਗੀ।
ਪਿਛਲੇ ਦੋ ਹਫਤਿਆਂ ਦੌਰਾਨ 1 ਲੱਖ 61 ਹਜਾਰ ਵਿਕਟੋਰੀਅਨ ਲੋਕਾਂ ਦੀ ਇਸ ਵਾਇਰਸ ਲਈ ਪਰਖ ਕੀਤੀ ਗਈ ਹੈ।
ਆਉਣ ਵਾਲੇ ਮਹੀਨੇ ਦੌਰਾਨ ਵੀ ਕਰੋਨਾਵਾਇਰਸ ਲਈ ਕੀਤੇ ਜਾਣ ਵਾਲੇ ਟੈਸਟ ਜਾਰੀ ਰਹਿਣਗੇ। ਉਮੀਦ ਹੈ ਕਿ ਹਲਕੇ ਕਿਸਮ ਦੇ ਲੱਛਣਾਂ ਵਾਲੇ ਲੋਕਾਂ ਉੱਤੇ ਵੀ ਇੱਕ ਹਫਤੇ ਦੌਰਾਨ 50 ਹਜ਼ਾਰ ਟੈਸਟ ਕੀਤੇ ਜਾਣਗੇ। ਮਈ ਦੇ ਅਖੀਰ ਤੱਕ ਕੁੱਲ ਟੈਸਟਾਂ ਦੀ ਗਿਣਤੀ 1 ਲੱਖ 50 ਹਜਾਰ ਤੱਕ ਪਹੁੰਚਣ ਦੀ ਉਮੀਦ ਹੈ।
ਮਿਸ ਮਿਕਾਕੋਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਪਾਬੰਦੀਆਂ ਵਿੱਚ ਦਿੱਤੀ ਜਾਣ ਵਾਲੀ ਢਿੱਲ ਨਾਲ ਕਰੋਨਾਵਾਇਰਸ ਦੇ ਕੇਸਾਂ ਦੀ ਗਿਣਤੀ ਵਧ ਸਕਦੀ ਹੈ।
"ਵਿਕਟੋਰੀਅਨ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਸਿਹਤ ਵਿਭਾਗ ਅਤੇ ਮਨੁੱਖੀ ਸੇਵਾਵਾਂ ਵਾਲੇ ਵਿਭਾਗ ਨੇ ਰਲ ਕੇ ਇੱਕ ਰੂਪ ਰੇਖਾ ਤਿਆਰ ਕੀਤੀ ਹੈ।"
ਰਾਜ ਵਿੱਚ ਕਰੋਨਾਵਾਇਰਸ ਦੇ ਸੱਤ ਹੋਰ ਕੇਸ ਸਾਹਮਣੇ ਆਉਣ ਨਾਲ ਹੁਣ ਕੁੱਲ ਗਿਣਤੀ 1,494 ਹੋ ਗਈ ਹੈ।
ਇਹਨਾਂ ਨਵੇਂ ਕੇਸਾਂ ਵਿੱਚ ਸੀਡਰ ਮੀਟਸ ਦੇ ਪੀੜਤ ਵੀ ਸ਼ਾਮਲ ਹਨ ਅਤੇ ਇਸ ਕੰਪਨੀ ਵਿੱਚ ਪੀੜਤਾਂ ਦੀ ਕੁੱਲ਼ ਗਿਣਤੀ ਹੁਣ 77 ਤੱਕ ਪਹੁੰਚ ਗਈ ਹੈ।
ਨਵੇਂ ਤਿਆਰ ਕੀਤੇ ਰੈਪਿੱਡ ਰਿਸਪੌਂਸ ਯੂਨਿਟ ਵਿੱਚ ਸਿਹਤ ਵਿਭਾਗ ਦੇ ਮਾਹਰਾਂ ਦੇ ਨਾਲ ਕਲੀਨੀਸ਼ੀਅਨਸ ਨੂੰ ਵੀ ਸ਼ਾਮਲ ਕੀਤਾ ਜਾਵੇਗਾ ਤਾਂ ਕਿ ਕਰੋਨਾਵਾਇਰਸ ਟੈਸਟ ਹੋਰ ਵਧੀਆ ਤਰੀਕੇ ਨਾਲ ਕਰਵਾਏ ਜਾ ਸਕਣ, ਕੋਵਿਡ ਪੀੜਤਾਂ ਦੇ ਸੰਪਰਕਾਂ ਵਿੱਚ ਆਏ ਲੋਕਾਂ ਦੀ ਭਾਲ ਹੋਰ ਕਾਰਗਰ ਬਣਾਈ ਜਾ ਸਕੇ, ਅਤੇ ਚੰਗੀ ਸਾਫ-ਸਫਾਈ ਵੀ ਯਕੀਨੀ ਬਣਾਈ ਜਾ ਸਕੇ।
ਇਹ ਯੂਨਿਟ, ਉੱਚ-ਜੋਖਿਮ ਵਾਲੀਆਂ ਸਹੂਲਤਾਂ, ਕਾਰੋਬਾਰਾਂ ਅਤੇ ਉਦਿਯੋਗਾਂ ਦਾ ਦੌਰਾ ਕਰਦੇ ਹੋਏ ਇਸ ਲਾਗ ਦੇ ਨਿਯੰਤਰਣ ਅਤੇ ਰੋਕਥਾਮ ਨੂੰ ਯਕੀਨੀ ਬਨਾਉਣਗੇ।
ਇਸ ਤੋਂ ਅਲਾਵਾ ਮੋਬਾਈਲ ਟੈਸਟਿੰਗ ਯੂਨਿਟਾਂ ਪਹਿਲਾਂ ਵਾਂਗ ਹੀ ਕੰਮ ਕਰਨਾ ਜਾਰੀ ਰੱਖਣਗੀਆਂ। ਇਹਨਾਂ ਨੂੰ ਉਹਨਾਂ ਭਾਈਚਾਰਿਆਂ ਤੱਕ ਵੀ ਵਧਾਇਆ ਜਾਵੇਗਾ ਜਿੱਥੇ ਕਰੋਨਾਵਾਇਰਸ ਦੇ ਮਾਮਲੇ ਜਿਆਦਾ ਸਾਹਮਣੇ ਆਉਣਗੇ।
ਫੰਡਿੰਗ ਵਿੱਚ 8 ਮਿਲੀਅਨ ਡਾਲਰ ਖੋਜ ਸੰਸਥਾਵਾਂ ਵਾਸਤੇ ਵੀ ਹੋਣਗੇ। ਇਸ ਦੇ ਨਾਲ ਸੀਵਰੇਜ ਪਲਾਂਟਾਂ ਦੀ ਜਾਂਚ ਵੀ ਕੀਤੀ ਜਾਵੇਗੀ ਤਾਂ ਕਿ ਵਿਸ਼ਾਣੂਆਂ ਦੇ ਫੈਲਣ ਦਾ ਕਾਰਨ ਅਤੇ ਪਤਾ ਲਗਾਇਆ ਜਾ ਸਕੇ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ ਰਾਜ ਜਾਂ ਪ੍ਰਦੇਸ਼ ਦੀ ਵੈਬਸਾਈਟ ਤੋਂ ਲੈ ਸਕਦੇ ਹੋ।
ਕਰੋਨਾਵਾਇਰਸ ਦੀ ਟੈਸਟਿੰਗ ਹੁਣ ਆਸਟ੍ਰੇਲੀਆ ਭਰ ਵਿੱਚ ਉਪਲਬਧ ਹੈ। ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।
ਫੈਡਰਲ ਸਰਕਾਰ ਵਲੋਂ ਕਰੋਨਾਵਾਇਰਸ ਪੀੜਤਾਂ ਦੀ ਨਿਸ਼ਾਨਦੇਹੀ ਕਰਨ ਵਾਸਤੇ ਜਾਰੀ ਕੀਤੀ ਕੋਵਿਡਸੇਫ ਨਾਮੀ ਐਪ ਨੂੰ ਤੁਸੀਂ ਆਪਣੇ ਫੋਨ ਦੇ ਐਪ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ।
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ SBS.com.au/coronavirus ਉੱਤੇ ਉਪਲਬਧ ਹਨ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।