ਕੋਵਿਡ-19 ਮਹਾਂਮਾਰੀ ਅਤੇ ਰਿਕਾਰਡ-ਘੱਟ ਵਿਆਜ ਦਰਾਂ ਪ੍ਰਤੀ ਸਰਕਾਰ ਦੇ ਰਵਈਏ ਕਾਰਨ ਆਸਟ੍ਰੇਲੀਆ ਵਿੱਚ 2021 ਅਤੇ 2022 ਦਰਮਿਆਨ ਘਰਾਂ ਦੀਆਂ ਕੀਮਤਾਂ ਵਿੱਚ ਇੱਕ "ਨਾਟਕੀ ਵਾਧਾ" ਦੇਖਿਆ ਗਿਆ ਸੀ।
ਪਰ ਜਿਵੇਂ ਹੀ ਮਹਾਂਮਾਰੀ ਤੋਂ ਰਿਕਵਰੀ ਸ਼ੁਰੂ ਹੋਈ, ਆਸਟ੍ਰੇਲੀਆ ਦੇ ਰਿਜ਼ਰਵ ਬੈੰਕ ਨੇ ਆਪਣੀਆਂ ਨਵੀਆਂ ਵਿਆਜ ਦਰਾਂ ਪੇਸ਼ ਕਰਕੇ ਸਮੁੱਚੀ ਹਾਊਸਿੰਗ ਮਾਰਕੀਟ ਅਤੇ ਸੰਭਾਵਤ ਤੌਰ 'ਤੇ ਆਪਣਾ ਪਹਿਲਾ ਘਰ ਖਰੀਦਣ ਵਾਲਿਆਂ ਨੂੰ ਵੀ ਪ੍ਰਭਾਵਿਤ ਕੀਤਾ।
ਮੈਲਬੌਰਨ ਦੇ ਸੀਫੋਰਡ ਰਹਿਣ ਵਾਲ਼ੇ ਸਤਿਆਜੀਤ ਸਿੰਘ ਦਾ ਹਾਲ ਹੀ ਵਿੱਚ ਵਿਆਹ ਹੋਇਆ ਹੈ।
ਉਹ ਹੁਣ ਆਸਟ੍ਰੇਲੀਆ ਵਿੱਚ ਆਪਣਾ ਪਹਿਲਾ ਘਰ ਖਰੀਦਣ ਦੀ ਕੋਸ਼ਿਸ਼ ਕਰ ਰਹੇ ਹਨ।

An aerial view of houses in Dandenong in Melbourne. Source: AAP / DIEGO FEDELE/AAPIMAGE
"ਪਰ ਵਧਦੀ ਮਹਿੰਗਾਈ ਅਤੇ ਵਿਆਜ ਦਰਾਂ ਨੇ ਸਾਡੀ ਉਧਾਰ ਲੈਣ ਦੀ ਸਮਰੱਥਾ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਜਿਸ ਦੇ ਨਤੀਜੇ ਵਜੋਂ ਸਾਡੇ ਕਰਜ਼ੇ ਦੀ ਅਰਜ਼ੀ ਨੂੰ ਵੀ ਖਾਰਿਜ ਕਰ ਦਿੱਤਾ ਗਿਆ ਅਤੇ ਹੁਣ ਸਾਨੂੰ ਆਪਣੇ ਪਹਿਲੇ ਘਰ ਤੱਕ ਆਪਣੀ ਪਹੁੰਚ ਬਾਰੇ ਮੁੜ ਵਿਚਾਰ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ," ਸ਼੍ਰੀ ਸਿੰਘ ਨੇ ਕਿਹਾ।
ਮਾਹਿਰਾਂ ਨੇ ਭਵਿੱਖਬਾਣੀ ਕੀਤੀ ਹੈ ਕਿ ਵਧ ਰਹੀਆਂ ਵਿਆਜ ਦਰਾਂ 2023 ਦੀ ਪ੍ਰਾਪਰਟੀ ਮਾਰਕੀਟ ਨੂੰ ਪ੍ਰਭਾਵਿਤ ਅਤੇ ਪਰਿਭਾਸ਼ਿਤ ਕਰਨਗੀਆਂ।
'ਪ੍ਰਾਪਰਟੀ ਮਾਰਕੀਟ 'ਚ ਸਥਿਰਤਾ ਦੇਖਣ ਨੂੰ ਮਿਲ ਸਕਦੀ ਹੈ'
ਸਿਡਨੀ ਅਧਾਰਿਤ ਰੀਅਲ ਅਸਟੇਟ ਮਾਹਿਰ ਮਲਵਿੰਦਰ ਪੰਧੇਰ ਦਾ ਕਹਿਣਾ ਹੈ ਕਿ ਜਿੱਥੇ ਵਿਆਜ ਦਰਾਂ ਖਰੀਦਦਾਰਾਂ ਲਈ ਮੁਸ਼ਕਲ ਪੈਦਾ ਕਰ ਸਕਦੀਆਂ ਹਨ, ਉੱਥੇ ਇਹ ਬਾਜ਼ਾਰ ਵਿੱਚ ਸਥਿਰਤਾ ਵੀ ਲੈਕੇ ਆਉਣਗੀਆਂ।
"ਮੌਜੂਦਾ ਵਿਆਜ ਦਰਾਂ ਅਸਲ ਵਿੱਚ ਉਹ ਔਸਤ ਦਰਾਂ ਹਨ ਜੋ ਸਾਡੇ ਕੋਲ ਹਮੇਸ਼ਾ ਰਹੀਆਂ ਹਨ, ਇਨ੍ਹਾਂ ਨੂੰ ਮਹਾਂਮਾਰੀ ਦੇ ਦੌਰਾਨ ਆਮ ਨਾਲੋਂ ਘੱਟ ਕੀਤਾ ਗਿਆ ਸੀ, ਜਿਸ ਨੇ ਸਪੱਸ਼ਟ ਤੌਰ 'ਤੇ ਵਧੇਰੇ ਖਰੀਦਦਾਰਾਂ ਨੂੰ ਆਕਰਸ਼ਿਤ ਕੀਤਾ ਅਤੇ ਘਰਾਂ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ।"
"ਹਾਲਾਂਕਿ ਹੁਣ ਨਵੀਆਂ ਦਰਾਂ ਨਾਲ ਜੇਬ 'ਤੇ ਥੋੜ੍ਹਾ ਜਿਹਾ ਦਬਾਅ ਮਹਿਸੂਸ ਹੋਣ ਦੀ ਸੰਭਾਵਨਾ ਹੈ, ਪਰ ਇਨਾਂ ਨਵੀਆਂ ਦਰਾਂ ਨਾਲ ਘਰਾਂ ਦੀਆਂ ਕੀਮਤਾਂ ਵਿੱਚ ਵੀ ਗਿਰਾਵਟ ਦੇਖਣ ਨੂੰ ਮਿਲੇਗੀ ਜੋ ਇੱਕ ਆਮ ਵਿਅਕਤੀ ਦੀ ਪਹੁੰਚ ਤੋਂ ਬਾਹਰ ਹੁੰਦੇ ਜਾ ਰਹੇ ਸਨ," ਸ਼੍ਰੀ ਪੰਧੇਰ ਨੇ ਕਿਹਾ।

Malwinder Pandher from Mountview real estate in Bella Vista NSW Credit: supplied
"ਅਸੀਂ ਪ੍ਰਾਪਰਟੀ ਉਦਯੋਗ ਦੇ ਫਰੰਟਲਾਈਨ 'ਤੇ ਕੰਮ ਕਰਦੇ ਹਾਂ ਅਤੇ ਅਕਸਰ ਖਰੀਦਦਾਰਾਂ ਅਤੇ ਵੇਚਣ ਵਾਲਿਆਂ ਦੋਵਾਂ ਨਾਲ ਮਿਲਦੇ ਰਹਿੰਦੇ ਹਾਂ, ਅਤੇ ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਸਮਝਦੇ ਹਾਂ, ਇਸ ਕਰਕੇ ਅਸੀਂ ਇਸ ਗੱਲ ਦੀ ਪਰਖ ਕਰ ਸਕਦੇ ਹਾਂ ਕਿ ਮਾਰਕੀਟ ਕਿੱਥੇ ਜਾ ਰਹੀ ਹੈ।"
ਸ੍ਰੀ ਪੰਧੇਰ ਦੱਸਦੇ ਹਨ, "ਉੱਚੀਆਂ ਵਿਆਜ ਦਰਾਂ, ਅਸਮਾਨ ਨੂੰ ਛੂਹਣ ਵਾਲੀਆਂ ਉਸਾਰੀ ਦੀਆਂ ਕੀਮਤਾਂ ਜਾਂ ਰਿਹਾਇਸ਼ੀ ਘਰਾਂ ਦੇ ਕਿਰਾਏ ਵਿੱਚ ਵਾਧਾ, ਬਹੁਤ ਸਾਰੇ ਪਹਿਲੂ ਅਜਿਹੇ ਹਨ ਜੋ ਕਿ ਮਾਰਕੀਟ ਨੂੰ ਸਥਿਰ ਕਰਨ ਵਿੱਚ ਭੂਮਿਕਾ ਨਿਭਾ ਸਕਦੇ ਹਨ।"

Hardeep Singh from Area Specialist Credit: Supplied
"ਦੇਖਿਆ ਜਾਵੇ ਤਾਂ ਵੱਧ ਰਹੇ ਕਿਰਾਏ ਅਤੇ ਘੱਟ ਐਕੂਪੈਂਸੀ ਦਰ ਦਾ ਮਤਲਬ ਹੈ ਕਿ ਮਾਰਕੀਟ ਵਿੱਚ ਵਧੇਰੇ ਖਰੀਦਦਾਰ ਹਨ। ਲੋਕ ਉਨਾ ਕਿਰਾਇਆ ਨਹੀਂ ਦੇਣਾ ਚਾਹੁੰਦੇ ਜੋ ਉਹ ਮੌਰਗੇਜ ਦੀ ਅਦਾਇਗੀ ਕਰਨ ਲਈ ਵਰਤ ਸਕਦੇ ਹਨ।"
"ਮੇਰਾ ਮੰਨਣਾ ਹੈ ਕਿ ਇਸ ਸਾਲ ਮਾਰਕੀਟ ਵਿੱਚ ਥੋੜੀ ਗਿਰਾਵਟ ਦੇਖੀ ਜਾ ਸਕਦੀ ਹੈ, ਅਤੇ ਲੋਕ ਸਹੀ ਕੀਮਤ 'ਤੇ ਸੂਚੀਬੱਧ ਕੀਤੀਆਂ ਜਾਇਦਾਦਾਂ ਨੂੰ ਖਰੀਦਣਾ ਅਤੇ ਵੇਚਣਾ ਜਾਰੀ ਰੱਖਣਗੇ।"

Bidders look on during a property auction at Glen Iris in Melbourne. Source: AAP / DIEGO FEDELE/AAPIMAGE