ਮਨੁੱਖੀ ਸੇਵਾ ਵਿਭਾਗ ਦੀ ਜੋਤੀ ਔਜਲਾ ਨੇ ਐਸ ਬੀ ਐਸ ਪੰਜਾਬੀ ਨੂੰ ਵਿਸਥਾਰ ਨਾਲ ਇਸ ਅਹਿਮ ਮਸਲੇ ਬਾਰੇ ਜਾਣਕਾਰੀ ਦਿੱਤੀ ਕਿ ਉਹ ਸਾਰੇ ਪਰਮਾਨੈਂਟ ਰੈਜ਼ੀਡੈਂਟਸ ਜੋ 1 ਜੂਲਾਈ 1953 ਜਾਂ ਇਸ ਤੋਂ ਬਾਅਦ ਪੈਦਾ ਹੋਏ ਹਨ, 66 ਸਾਲਾਂ ਦੀ ਉਮਰ ਤੇ ਪਹੁੰਚਣ ਤੋਂ 13 ਹਫਤੇ ਪਹਿਲਾਂ ਵਿਭਾਗ ਕੋਲ ਇਸ ਪੈਨਸ਼ਨ ਲਈ ਅਰਜੀ ਦਾਖਲ ਕਰ ਸਕਦੇ ਹਨ।
‘1 ਜੂਲਾਈ 2019 ਤੋਂ ਲਾਗੂ ਕੀਤੇ ਨਿਯਮਾਂ ਅਨੁਸਾਰ ਮਰਦਾਂ ਅਤੇ ਔਰਤਾਂ ਲਈ ਪੈਨਸ਼ਨ ਦੀ ਉਮਰ 66 ਸਾਲ ਮਿੱਥੀ ਗਈ ਹੈ। ਜਿਹੜੇ ਲੋਕਾਂ ਨੂੰ ਪਹਿਲਾਂ ਤੋਂ ਹੀ ਕੋਈ ਲਾਭ ਮਿਲ ਰਿਹਾ ਹੈ ਉਹਨਾਂ ਨੂੰ ਤਾਂ ਵਿਭਾਗ ਆਪਣੇ ਆਪ ਹੀ ਇਸ ਬਾਰੇ ਜਾਣਕਾਰੀ ਭੇਜ ਦੇਵੇਗਾ, ਪਰ ਬਾਕੀਆਂ ਨੂੰ ਇਸ ਲਈ ਅਰਜ਼ੀ ਦਾਖਲ ਕਰਨ ਦੀ ਲੋੜ ਹੋਵੇਗੀ’।
ਮਿਸ ਔਜਲਾ ਨੇ ਦਸਿਆ ਕਿ, ‘ਮਿਲਣ ਵਾਲੀ ਰਾਸ਼ੀ ਦੀ ਰਕਮ ਨਿਜੀ ਹਾਲਾਤਾਂ ਤੇ ਨਿਰਭਰ ਕਰਦੀ ਹੈ। ਇਕੱਲੇ ਵਿਅਤਕੀਆਂ ਨੂੰ $926.20 ਤੱਕ ਵੀ ਮਿਲ ਸਕਦੇ ਹਨ, ਜਦਕਿ ਜੋੜਿਆਂ ਵਿੱਚੋਂ ਹਰੇਕ ਨੂੰ $620.10 ਮਿਲ ਸਕਦੇ ਹਨ’।
ਇੱਕ ਅਹਿਮ ਸੁਝਾਅ ਮਿਸ ਔਜਲਾ ਇਹ ਵੀ ਦਿੰਦੇ ਹਨ ਕਿ, ‘ਪੈਨਸ਼ਨ ਵਾਸਤੇ ਆਸਟ੍ਰੇਲੀਆ ਵਿੱਚ ਰਹਿੰਦੇ ਹੋਏ ਹੀ ਅਪਲਾਈ ਕਰਨਾ ਹੁੰਦਾ ਹੈ। ਕਈ ਬਜ਼ੁਰਗ ਇਹ ਵੀ ਗਲਤੀ ਕਰਦੇ ਹਨ ਕਿ ਉਹ ਇਸ ਦੀ ਅਰਜ਼ੀ ਦੇਣ ਤੋਂ ਬਾਅਦ ਵਿਦੇਸ਼ ਚਲੇ ਜਾਂਦੇ ਹਨ। ਵਿਭਾਗ ਅਜਿਹੇ ਕੇਸਾਂ ਵਿੱਚ ਪੈਨਸ਼ਨ ਉੱਤੇ ਕਾਰਵਾਈ ਨਹੀਂ ਕਰਦਾ’।
‘ਜਿਹੜੇ ਲੋਕ ਸਪੌਂਸਰਡ ਪੈਰੇਂਟ ਵੀਜ਼ਾ ਤੇ ਆਸਟ੍ਰੇਲੀਆ ਆਉਂਦੇ ਹਨ, ਉਹਨਾਂ ਲਈ ਲਾਜ਼ਮੀ ਹੈ ਕਿ ਉਹ ਪੈਨਸ਼ਨ ਅਪਾਲਈ ਕਰਨ ਤੋਂ ਪਹਿਲਾਂ 10 ਸਾਲ ਤੋਂ ਇੱਥੇ ਰਹੇ ਹੋਣ, ਅਤੇ ਇਹਨਾਂ ਵਿੱਚੋਂ ਦੋ ਸਾਲਾਂ ਦੀ ਲਗਾਤਾਰਤਾ ਹੋਣੀ ਚਾਹੀਦੀ ਹੈ’।
‘ਵਿਜ਼ੀਟਰ ਵੀਜ਼ੇ ਤੇ ਆਸਟ੍ਰੇਲੀਆਂ ਆਉਣ ਵਾਲੇ ਮਾਪਿਆਂ ਲਈ ਇਹ ਬੁਢਾਪਾ ਪੈਨਸ਼ਨ ਉਪਲਬਧ ਨਹੀਂ ਹੁੰਦੀ ਹੈ’।
ਜਿਆਦਾ ਜਾਣਕਾਰੀ ਲਈ 13 23 00 ਤੇ ਫੋਨ ਕੀਤਾ ਜਾ ਸਕਦਾ ਹੈ ਅਤੇ ਜੇ ਪੰਜਾਬੀ ਦੁਭਾਸ਼ੀਏ ਦੀ ਲੋੜ ਹੋਵੇ ਤਾਂ 13 12 02 ਤੇ ਫੋਨ ਕਰਦੇ ਹੋਏ ਇਸ ਦੀ ਮੰਗ ਕੀਤੀ ਜਾ ਸਕਦੀ ਹੈ।