While variety of general fashion shows are organized worldwide, a new trend of showcasing turbans is getting heaps popularity these days.
ਦੇਸ਼ਾਂ ਵਿਦੇਸ਼ਾਂ ਵਿੱਚ ਜਿੱਥੇ ਹੋਰ ਪ੍ਰਕਾਰ ਦੇ ਫੈਸ਼ਨ ਸ਼ੌਅ ਅਤੇ ਮੁਕਾਬਲੇ ਕਰਵਾਏ ਜਾਂਦੇ ਹਨ, ਉੱਥੇ ਹੁਣ ਸੁਹਣੀ ਦਸਤਾਰ ਬੰਨਣ ਦੇ ਮੁਕਾਬਲੇ ਵੀ ਤੇਜੀ ਫੜਦੇ ਨਜ਼ਰ ਆ ਰਹੇ ਹਨ।
ਸੁਹਣੀਆਂ ਪੱਗਾਂ ਬੰਨਣੀਆਂ ਪੰਜਾਬੀਆਂ ਦਾ ਖਾਸ ਸ਼ੌਕ ਰਿਹਾ ਹੈ। ਤੇ ਇਹਨਾਂ ਨੂੰ ਸਿੱਖਣ ਵਾਸਤੇ ਹੁਣ ਕਈ ਅਕੈਡਮੀਆਂ ਇਹ ਸੇਵਾ ਪ੍ਰਦਾਨ ਕਰ ਰਹੀਆਂ ਹਨ ਤਾਂ ਕਿ ਦਸਤਾਰਾਂ ਬੰਨਣ ਵਾਲੇ ਅਮੀਰ ਵਿਰਸੇ ਨੂੰ ਆਉਣ ਵਾਲੀਆਂ ਕਈ ਪੀੜੀਆਂ ਤੱਕ ਸੰਭਾਲ ਕਿ ਰੱਖਿਆ ਜਾ ਸਕੇ।
ਹਰ ਸਾਲ ਦੀ ਤਰਾਂ ਇਸ ਸਾਲ ਵੀ ਪੰਜਾਬੀ ਕਾਂਉਂਸਲ ਆਫ ਆਸਟ੍ਰੇਲੀਆ ਵਲੋਂ ਨਿਊ ਸਾਊਥ ਵੇਲਜ਼ ਦੀ ਪਾਰਲੀਆਮੈਂਟ ਵਿੱਚ ਵਿਸਾਖੀ ਦੇ ਸਬੰਧ ਵਿੱਚ ਸਮਾਗਮ ਰਚਾਇਆ ਗਿਆ।
ਇਸ ਸਮਾਗਮ ਵਿੱਚ ਪੰਜਾਬੀ ਖੇਤਰ ਦੀਆਂ ਕਈ ਮਾਣਮੱਤੀਆਂ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ ਜਿਨਾਂ ਵਲੋਂ ਪੰਜਾਬੀ ਵਿਰਸੇ ਅਤੇ ਸਭਿਆਚਾਰ ਦੀ ਕਈ ਪ੍ਰਕਾਰ ਨਾਲ ਸੇਵਾ ਕੀਤੀ ਜਾ ਰਹੀ ਹੈ।
ਇਹਨਾਂ ਵਿੱਚੋਂ ਹੀ ਹਨ ਭੂਪਿੰਦਰ ਸਿੰਘ ਥਿੰਦ, ਜੋ ਕਿ ਜਲੰਧਰ ਵਿੱਚ ਪਿਛਲੇ ਤਕਰੀਬਨ 12 ਸਾਲਾਂ ਤੋਂ ਸੁਹਣੀ ਦਸਤਾਰ ਸਿਖਾਉਣ ਲਈ ਟ੍ਰੇਨਿੰਗ ਪ੍ਰਦਾਨ ਕਰ ਰਹੇ ਹਨ।
ਭੂਪਿੰਦਰ ਸਿੰਘ ਨੇ ਦਸਿਆ ਕਿ, ‘ਇਹਨਾਂ ਬਾਰਾਂ ਸਾਲਾਂ ਦੇ ਸਫਰ ਦੌਰਾਨ ਸੁਹਣੀਆਂ ਦਸਤਾਰਾਂ ਸਿਖਾਉਣ ਵਾਸਤੇ ਦੇਸ਼ਾਂ ਅਤੇ ਵਿਦੇਸ਼ਾਂ ਵਿੱਚ ਜਾ ਕੇ ਮੁਫਤ ਕੈਂਪ ਲਗਾਏ ਅਤੇ ਲੱਖਾਂ ਹੀ ਲੋਕਾਂ ਨੂੰ ਦਸਤਾਰਾਂ ਬੰਨੀਆਂ ਹਨ। ਹੁਣ ਆਪਣੇ ਇਸ ਆਸਟ੍ਰੇਲੀਆ ਦੌਰੇ ਦੌਰਾਨ ਸਿਡਨੀ ਵਿਖੇ ਹੋਈਆਂ 31ਵੀਆਂ ਸਿੱਖ ਖੇਡਾਂ ਵਿੱਚ ਤਿੰਨ ਦਿੰਨ ਕੈਂਪ ਲਗਾਉਣ ਤੋਂ ਅਲਾਵਾ, ਆਸਟ੍ਰੇਲੀਆ ਭਰ ਦੇ ਸਾਰੇ ਹੀ ਅਹਿਮ ਸ਼ਹਿਰਾਂ ਵਿੱਚ ਜਾ ਜਾ ਕੇ ਕੈਂਪ ਲਗਾਏ ਜਾ ਰਹੇ ਹਨ ਤਾਂ ਕਿ ਇੱਥੋਂ ਦੇ ਨੌਜਵਾਨ ਵੀ ਇਸ ਅਮੀਰ ਵਿਰਸੇ ਨਾਲ ਜੁੜ ਸਕਣ’।

ਪੱਗਾਂ ਬੇਸ਼ਕ ਕਿਸੇ ਧਰਮ, ਖੇਤਰ ਜਾਂ ਵਿਰਸੇ ਨਾਲ ਹੀ ਜੁੜੀਆਂ ਹੋਈਆਂ ਨਹੀਂ ਹਨ, ਬਲਕਿ ਇਹਨਾਂ ਨੂੰ ਕਈ ਭਾਈਚਾਰਿਆਂ ਵਲੋਂ ਵਿਆਪਕ ਤੋਰ ਤੇ ਬੰਨਿਆਂ ਜਾਂਦਾ ਰਿਹਾ ਹੈ। ਪਰ ਸਿੱਖ ਧਰਮ ਵਾਸਤੇ ਇਹ ਇੱਕ ਜਿੰਮੇਵਾਰੀ ਅਤੇ ਰੋਜਾਨਾਂ ਜਿੰਦਗੀ ਦਾ ਅਹਿਮ ਹਿੱਸਾ ਬਣੀਆਂ ਰਹੀਆਂ ਹਨ। ਛੋਟੀ ਉਮਰ ਵਿੱਚ ਹੀ ਜਦੋਂ ਮਾਮਿਆਂ ਵਲੋਂ ਪੱਗ ਭੇਂਟ ਕਰਕੇ ਭਾਣਜੇ ਦੀ ਦਸਤਾਰ ਸਜਾਉਣ ਦੀ ਰਸਮ ਕੀਤੀ ਜਾਂਦੀ ਹੈ ਅਤੇ ਸਾਰੀ ਉਮਰ ਹੀ ਇਸ ਨੂੰ ਇੱਕ ਤਾਜ ਵਜੋਂ ਸਿਰ ਤੇ ਸਜਾਇਆ ਜਾਂਦਾ ਹੈ।
ਹਰ ਉਮਰ ਦੇ ਲੋਕਾਂ ਵਿੱਚ ਇਹ ਖਾਸ ਚਾਹ ਰਹੀ ਹੈ ਕਿ ਉਹ ਹਰ ਰੰਗ ਦੀਆਂ ਪੱਗਾਂ ਆਪਣੇ ਕਪੜਿਆਂ ਦੇ ਨਾਲ ਮਿਲਾ ਕੇ, ਪੋਚ ਪੋਚ ਕੇ ਬੰਨਣ। ਖਾਸ ਤੋਰ ਤੇ ਵਿਆਹ ਸ਼ਾਦੀਆਂ, ਮੇਲਿਆਂ ਅਤੇ ਹੋਰ ਖਾਸ ਸਮਾਗਮਾਂ ਵਿੱਚ ਇਹਨਾਂ ਦੀ ਟੋਅਰ ਦੇਖਣ ਵਾਲੀ ਹੁੰਦੀ ਹੈ।
ਇੱਕ ਦੂਜੇ ਤੋਂ ਪੁੱਛ ਪੁੱਛ ਕੇ ਪੱਗਾਂ ਬੰਨਣ ਵਾਲੇ ਜਮਾਨੇ ਹੁਣ ਬਦਲ ਗਏ ਹਨ। ਇਸ ਕਾਰਜ ਵਾਸਤੇ ਹੁਣ ਕਈ ਅਕੈਡਮੀਆਂ ਹੋਂਦ ਵਿੱਚ ਆ ਚੁੱਕੀਆਂ ਹਨ ਜੋ ਕਿ ਨੌਜਵਾਨਾਂ ਦੀ ਪਸੰਦ ਮੁਤਾਬਕ ਉਹਨਾਂ ਨੂੰ ਦਸਤਾਰ ਬੰਨਣ ਦੇ ਗੁਰ ਅਤੇ ਸਿਖਲਾਈ ਦੇ ਰਹੀਆਂ ਹਨ।
ਦੇਸ਼ਾਂ ਵਿਦੇਸ਼ਾਂ ਵਿੱਚ ਜਿੱਥੇ ਹੋਰ ਪ੍ਰਕਾਰ ਦੇ ਫੈਸ਼ਨ ਸ਼ੌਅ ਅਤੇ ਮੁਕਾਬਲੇ ਕਰਵਾਏ ਜਾਂਦੇ ਹਨ, ਉੱਥੇ ਹੁਣ ਸੁਹਣੀ ਦਸਤਾਰ ਬੰਨਣ ਦੇ ਮੁਕਾਬਲੇ ਵੀ ਤੇਜੀ ਫੜਦੇ ਨਜ਼ਰ ਆ ਰਹੇ ਹਨ। ਦਸਤਾਰ ਦੀ ਪਹਿਚਾਣ ਨਾਂ ਸਿਰਫ ਕਿਸੇ ਇੱਕ ਖਾਸ ਭਾਈਚਾਰੇ ਵਾਸਤੇ ਰਾਖਵੀਂ ਹੈ, ਬਲਕਿ ਇਸ ਨੂੰ ਹੁਣ ਵਿਆਪਕ ਭਾਈਚਾਰੇ ਵਿੱਚ ਲਿਜਾਇਆ ਜਾ ਰਿਹਾ ਹੈ।





