ਹਿਸਾ ਕੌਰ, ਜੋ ਕਿ ਅੰਮ੍ਰਿਤਸਰ ਦੇ ਡੀਏਵੀ ਪਬਲਿਕ ਸਕੂਲ ਦੀ ਦਸਵੀਂ ਜਮਾਤ ਵਿਚ ਪੜਣ ਵਾਲੀ 16 ਸਾਲਾਂ ਦੀ ਵਿਦਿਆਰਥਣ ਹੈ, ਨੇ ਹਾਲ ਹੀ ਵਿੱਚ ਅੰਤਰਰਾਸ਼ਟਰੀ ਪੁਲਾੜ ਓਲੰਪਿਐੱਡ (ਆਈਐਸਓ) 2020 ਦੇ ਪ੍ਰਾਇਮਰੀ, ਇੰਟਰਮੀਡੀਏਟ ਅਤੇ ਫਾਈਨਲ ਟੈਸਟ ਵਿਚ ਸਮੂਹਕ ਤੌਰ 'ਤੇ 78.75 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।
16 ਸਾਲਾਂ ਦੀ ਇੱਸ ਹੋਣਹਾਰ ਲੜਕੀ ਦੀਆਂ ਪ੍ਰਾਪਤੀਆਂ ਨੂੰ ਵੇਖਦਿਆਂ ਨੈਸ਼ਨਲ ਐਰੋਨੋਟਿਕਸ ਐਂਡ ਸਪੇਸ ਐਡਮਨਿਸਟ੍ਰੇਸ਼ਨ (ਨਾਸਾ) ਦੁਆਰਾ ਉਸ ਨੂੰ ਜੌਨ ਐਫ ਕੈਨੇਡੀ ਪੁਲਾੜ ਕੇਂਦਰ ਦਾ ਦੌਰਾ ਕਰਨ ਲਈ ਸੱਦਾ ਭੇਜਿਆ ਗਿਆ ਹੈ।
ਮੁੱਖ ਗੱਲਾਂ:
- ਹਿਸਾ ਕੌਰ ਸੀਨੀਅਰ ਸ਼੍ਰੇਣੀ ਵਿਚ ਇਸ ਪੁਜੀਸ਼ਨ ਨੂੰ ਸੁਰੱਖਿਅਤ ਕਰਨ ਵਾਲੀ ਭਾਰਤ ਦੀ ਪਹਿਲੀ ਵਿਦਿਆਰਥਣ ਹੈ
- 16 ਸਾਲ ਦੀ ਹਿਸਾ ਬੜੀ ਬੇਸਬਰੀ ਨਾਲ ਕੋਰੋਨਾ ਵਾਇਰਸ ਦੀ ਸਥਿਤੀ ਦੇ ਘੱਟ ਹੋਣ ਦਾ ਇੰਤਜ਼ਾਰ ਕਰ ਰਹੀ ਹੈ ਤਾਂ ਕਿ ਉਹ ਆਪਣੀ 'ਸੁਪਨੇ ਦੀ ਮੰਜ਼ਲ' ਪੁਲਾੜ ਖੋਜ ਸੰਸਥਾ ਦੇ ਦੌਰੇ ਲਈ ਜਾ ਸਕੇ
- ਅੰਤਰਰਾਸ਼ਟਰੀ ਪੁਲਾੜ ਓਲੰਪਿਐੱਡ ਪੰਜਵੀ ਜਮਾਤ ਤੋਂ ਲੈਕੇ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਪੁਲਾੜ ਵਿਗਿਆਨ ਅਤੇ ਟੈਕਨੋਲੋਜੀ ਦੇ ਕੁਇਜ਼ ਦਾ ਇੱਕ ਅੰਤਰਰਾਸ਼ਟਰੀ ਮੁਕਾਬਲਾ ਹੈ
ਹਿਸਾ ਕੌਰ ਨੇ ਇਹ ਮੁਕਾਮ ਬਿਨਾਂ ਕਿਸੇ ਕੋਚਿੰਗ ਦੇ ਆਪਣੀ ਮਿਹਨਤ ਨਾਲ ਹਾਸਿਲ ਕੀਤਾ ਹੈ ਅਤੇ ਉਹ ਭਾਰਤੀ ਮੂਲ ਦੀ ਪਹਿਲੀ ਐਸੀ ਵਿਦਿਆਰਥਣ ਹੈ ਜਿਸਨੇ ਸੀਨੀਅਰ ਸ਼੍ਰੇਣੀ ਵਿਚ ਇਹ ਮੁਕਾਮ ਹਾਸਿਲ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ।
ਦਿ ਟ੍ਰਿਬਿਊਨ ਦੀ ਇਕ ਰਿਪੋਰਟ ਦੇ ਮੁਤਾਬਿਕ ਹਿਸਾ ਨੇ ਉਹਨਾਂ ਨੂੰ ਦੱਸਿਆ ਕਿ, “ਜਦੋਂ ਇਸਦੀ ਅਧਿਕਾਰਿਤ ਪੁਸ਼ਟੀ ਹੋਈ ਤਾਂ ਮੇਰਾ ਇੱਕ ਬਹੁਤ ਵੱਡਾ ਸੁਪਨਾ ਪੂਰਾ ਹੋਇਆ। ਮੇਰਾ ਉਦੇਸ਼ ਇਕ ਖਗੋਲ-ਵਿਗਿਆਨੀ ਬਣਨਾ ਹੈ। ਮੈਂ, ਭਾਰਤ ਦੀਆਂ ਵੱਖ-ਵੱਖ ਥਾਵਾਂ ਤੋਂ ਇਸ ਪ੍ਰੀਖਿਆ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਤੋਂ ਇਲਾਵਾ ਸਿੰਗਾਪੁਰ ਅਤੇ ਸਵਿਟਜ਼ਰਲੈਂਡ ਦੇ ਵਿਦਿਆਰਥੀਆਂ ਨਾਲ ਵੀ ਮੁਕਾਬਲਾ ਕੀਤਾ, ਅਤੇ ਪਹਿਲਾ ਸਥਾਨ ਪ੍ਰਾਪਤ ਕੀਤਾ।"

"ਮੈਂ, ਸਤੰਬਰ 2019 ਵਿੱਚ ਓਲੰਪਿਐੱਡ ਲਈ ਰਜਿਸਟਰ ਕੀਤਾ ਸੀ ਪਰ ਬਾਅਦ ਵਿੱਚ ਕੋਵਿਡ -19 ਪਾਬੰਦੀਆਂ ਦੇ ਚਲਦਿਆਂ ਇਸ ਪ੍ਰੀਖਿਆ ਦਾ ਪਹਿਲਾ ਗੇੜ ਜਨਵਰੀ ਵਿੱਚ ਹੋਇਆ, ਦੂਸਰਾ ਦੌਰ ਜੂਨ ਵਿੱਚ ਹੋਇਆ ਅਤੇ ਆਖਰੀ ਗੇੜ ਅਗਸਤ ਵਿੱਚ ਹੋਇਆ,” ਹਿਸਾ ਨੇ ਕਿਹਾ।
ਉਸ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਪਿਤਾ ਸਵਰਾਜਿੰਦਰ ਪਾਲ ਸਿੰਘ, ਜੋ ਕਿ ਅੰਮ੍ਰਿਤਸਰ ਵਿਖੇ ਇਕ ਇੰਜੀਨੀਅਰ ਵਜੋਂ ਨੌਕਰੀ ਕਰਦੇ ਹਨ, ਅਤੇ ਉਸਦੀ ਮਾਤਾ ਕਮਲਪ੍ਰੀਤ ਕੌਰ, ਜੋ ਇਕ ਸਰਕਾਰੀ ਸਕੂਲ ਵਿਚ ਇਕ ਅੰਗਰੇਜ਼ੀ ਅਧਿਆਪਕਾ, ਨੂੰ ਦਿੱਤਾ।
“ਇੱਕ ਇੰਜੀਨੀਅਰ ਹੋਣ ਕਰਕੇ ਮੇਰੇ ਪਿਤਾ ਨੇ ਮੈਨੂੰ ਵਿਗਿਆਨ ਦੀ ਸੂਖਮਤਾ ਸਿਖਾਈ ਅਤੇ ਮੇਰੇ ਮਾਤਾ ਜੀ ਨੇ ਪੁਸ਼ਟੀ ਕੀਤੀ ਕਿ ਮੈਂ ਖਗੋਲ-ਵਿਗਿਆਨ ਵਿੱਚ ਉੱਤਮ ਗਿਆਨ ਪ੍ਰਾਪਤ ਕਰਾਂਗੀ,” ਹਿਸਾ ਨੇ ਕਿਹਾ।

ਅੰਤਰਰਾਸ਼ਟਰੀ ਪੁਲਾੜ ਓਲੰਪੀਆਡ, ਪੰਜਵੀ ਜਮਾਤ ਤੋਂ ਲੈਕੇ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਪੁਲਾੜ ਵਿਗਿਆਨ ਅਤੇ ਟੈਕਨੋਲੋਜੀ ਦੇ ਕੁਇਜ਼ ਦਾ ਇੱਕ ਅੰਤਰਰਾਸ਼ਟਰੀ ਮੁਕਾਬਲਾ ਹੈ ਅਤੇ ਇਹ ਹਰ ਸਾਲ ਪੁਲਾੜ ਵਿਗਿਆਨ ਅਤੇ ਟੈਕਨਾਲੋਜੀ ਦੇ ਖੇਤਰਾਂ ਵਿਚ ਪ੍ਰਤਿਭਾਵਾਂ ਨੂੰ ਆਕਰਸ਼ਿਤ ਕਰਨ ਅਤੇ ਪੁਲਾੜ ਵਿਗਿਆਨ ਅਤੇ ਟੈਕਨੋਲੋਜੀ ਵਿਚ ਬੱਚਿਆਂ ਦੀ ਯੋਗਤਾ ਨੂੰ ਵਧਾਉਣ ਦੇ ਇਰਾਦੇ ਨਾਲ ਆਯੋਜਿਤ ਕੀਤਾ ਜਾਂਦਾ ਹੈ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ ਰਾਜ ਜਾਂ ਪ੍ਰਦੇਸ਼ ਦੀ ਵੈਬਸਾਈਟ ਤੋਂ ਲੈ ਸਕਦੇ ਹੋ।
ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ sbs.com.au/coronavirus ਉੱਤੇ ਉਪਲਬਧ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।
