'ਵਿਚਾਰ ਆਪੋ-ਆਪਣੇ' - ਪੰਜਾਬ ਦਾ ਸੱਭਿਆਚਾਰ, ਨਵਾਂ ਕਮਿਸ਼ਨ ਤੇ ਪ੍ਰਵਾਸੀ ਪੰਜਾਬੀ

ਲੱਚਰ ਸੱਭਿਆਚਾਰ ਦੁਨੀਆਂ ਦੇ ਹਰ ਸੱਭਿਆਚਾਰ ਦਾ ਹਿੱਸਾ ਹੁੰਦਾ ਹੈ ਪਰ ਇਹ ਕਿਸੇ ਨਾ ਕਿਸੇ ਨੁੱਕਰੇ ਜਾਂ ਖੂੰਜੇ ਲੁਕਿਆ ਹੋਇਆ ਹੁੰਦਾ ਹੈ। ਪਰ ਇਸ ਸਭ ਦੇ ਉਲਟ ਪੰਜਾਬ ਦੇ ਵਿੱਚ ਇਹ ਹੋ ਰਿਹਾ ਹੈ ਕਿ ਲੱਚਰ ਸੱਭਿਆਚਾਰ ਚੁਬਾਰੇ ਚੜ੍ਹ ਕੇ ਨੱਚ ਰਿਹਾ ਹੈ।

Punjabi DJ Dancers

Source: Supplied

ਦੋ ਕੁ ਮਹੀਨੇ ਪਹਿਲਾਂ ਦੀ ਗੱਲ ਹੈ ਕਿ ਚੜ੍ਹਦੇ ਪੰਜਾਬ ਦੇ ਸੱਭਿਆਚਾਰ ਮੰਤਰੀ ਨਵਜੋਤ ਸਿੱਧੂ ਨੇ ਪੰਜਾਬ ਸੱਭਿਆਚਾਰ ਕਮਿਸ਼ਨ ਬਣਾਉਣ ਦਾ ਐਲਾਨ ਕੀਤਾ ਸੀ। ਐਲਾਨ ਕਰਨ ਵੇਲੇ ਇਸ ਗੱਲ ਉੱਤੇ ਜ਼ੋਰ ਦਿੱਤਾ ਗਿਆ ਕਿ ਇਹ ਕਮਿਸ਼ਨ ਅਸ਼ਲੀਲਤਾ ਅਤੇ ਲੱਚਰਤਾ ਦੇ ਖ਼ਿਲਾਫ਼ ਇੱਕ ਢਾਲ ਬਣ ਕੇ ਉੱਭਰੇਗਾ।

ਨਾਲ ਹੀ ਨਾਲ ਮੰਤਰੀ ਹੋਰਾਂ ਨੇ ਇਹ ਵੀ ਕਿਹਾ ਕਿ ਇਹ ਕਮਿਸ਼ਨ ਦੋ ਹਫਤਿਆਂ ਅੰਦਰ ਆਪਣੀ ਪਹਿਲੀ ਰਿਪੋਰਟ ਦੇ ਦੇਵੇਗਾ। ਇਸ ਮੌਕੇ ਇਹ ਵੀ ਰਸਮੀ ਤੌਰ ਤੇ ਐਲਾਨ ਕੀਤਾ ਗਿਆ ਕਿ ਇਸ ਕਮਿਸ਼ਨ ਦੇ ਸਰਪ੍ਰਸਤ ਕੌਣ ਹੋਣਗੇ ਤੇ ਇਸ ਦੇ ਕਾਰਜਕਾਰੀ ਪ੍ਰਬੰਧ ਨੂੰ ਕੌਣ ਵੇਖੇਗਾ। 

ਪਰ ਇਸ ਐਲਾਨ ਤੋਂ ਬਾਅਦ ਲੱਗਦਾ ਹੈ ਕਿ ਖ਼ਬਰਾਂ ਦਾ ਸੋਕਾ ਹੀ ਪੈ ਗਿਆ ਕਿ ਇਹ ਸੱਭਿਆਚਾਰਕ ਕਮਿਸ਼ਨ ਕਿਸ ਤਰ੍ਹਾਂ ਚੱਲੇਗਾ। ਹਾਲੇ ਤੱਕ ਤੇ ਇਹ ਵੀ ਨਹੀਂ ਪਤਾ ਲੱਗ ਰਿਹਾ ਕਿ ਉਹ ਰਿਪੋਰਟ ਦਿੱਤੀ ਵੀ ਗਈ ਹੈ ਕਿ ਨਹੀਂ ਅਤੇ ਜੇਕਰ ਉਹ ਰਿਪੋਰਟ ਦੇ ਵੀ ਦਿੱਤੀ ਗਈ ਹੈ ਤਾਂ ਉਸ ਦੇ ਵਿੱਚ ਕੀ ਲਿਖਿਆ ਹੋਇਆ ਹੈ ਜਾਂ ਫਿਰ ਪੰਜਾਬ ਸਰਕਾਰ ਨੂੰ ਕੀ ਸਲਾਹ ਦਿੱਤੀ ਗਈ ਹੈ? 

ਜਦਕਿ ਦੂਜੇ ਪਾਸੇ ਖਬਰਾਂ ਦੇ ਵਿੱਚ ਇਹ ਆਮ ਚਰਚਾ ਛਿੜ ਗਈ ਕਿ ਕੀ ਇਸ ਤਰ੍ਹਾਂ ਜ਼ੋਰ ਜਬਰਦਸਤੀ ਕਰਕੇ ਪੰਜਾਬ ਦਾ ਲੱਚਰ ਸੱਭਿਆਚਾਰ ਖਤਮ ਕੀਤਾ ਜਾ ਸਕਦਾ ਹੈ? ਕੀ ਇਸ ਕੰਮ ਦੇ ਵਿੱਚ ਪੁਲਿਸ ਦਾ ਡੰਡਾ ਸਹਾਈ ਹੋ ਸਕਦਾ ਹੈ? ਲੱਗਦਾ ਹੈ ਕਿ ਇਹ ਸਭ ਕੁਝ ਤੂੜੀ ਦੇ ਕੁੱਪ ਵਿੱਚੋਂ ਸੂਈ ਲੱਭਣ ਵਾਲੀ ਕੋਸ਼ਿਸ਼ ਵਰਗਾ ਬਣਦਾ ਜਾ ਰਿਹਾ ਹੈ। 

ਜੋ ਅਸਲੀ ਗੱਲ ਸਮਝਣ ਦੀ ਲੋੜ ਹੈ ਉਹ ਇਹ ਹੈ ਕਿ ਲੱਚਰ ਸੱਭਿਆਚਾਰ ਦੁਨੀਆਂ ਦੇ ਹਰ ਸੱਭਿਆਚਾਰ ਦਾ ਹਿੱਸਾ ਹੁੰਦਾ ਹੈ ਪਰ ਇਹ ਕਿਸੇ ਨਾ ਕਿਸੇ ਨੁੱਕਰੇ ਜਾਂ ਖੂੰਜੇ ਲੁਕਿਆ ਹੋਇਆ ਹੁੰਦਾ ਹੈ। ਪਰ ਇਸ ਸਭ ਦੇ ਉਲਟ ਪੰਜਾਬ ਦੇ ਵਿੱਚ ਇਹ ਹੋ ਰਿਹਾ ਹੈ ਕਿ ਲੱਚਰ ਸੱਭਿਆਚਾਰ ਚੁਬਾਰੇ ਚੜ੍ਹ ਕੇ ਨੱਚ ਰਿਹਾ ਹੈ ਜੋ ਕਿ ਦੂਰ ਦੂਰ ਤੱਕ ਨਜ਼ਰ ਆ ਰਿਹਾ ਹੈ ਤੇ ਬਹੁਤੇ ਲੋਕਾਂ ਨੂੰ ਸ਼ਰਮਿੰਦਾ ਕਰ ਰਿਹਾ ਹੈ। 

ਲੱਚਰ ਗਾਇਕੀ ਦਾ ਹੜ੍ਹ ਪੰਜਾਬ ਦੇ ਵਿੱਚ ਰਾਤੋ ਰਾਤ ਹੀ ਨਹੀਂ ਆ ਗਿਆ। ਇਸ ਦੇ ਪਿੱਛੇ ਇੱਕ ਪੀਡਾ ਪ੍ਰਬੰਧਕੀ ਢਾਂਚਾ ਹੈ। ਜੇਕਰ ਤੁਹਾਡੀ ਜੇਬ ਦੇ ਵਿੱਚ ਪੈਸਾ ਹੈ ਤਾਂ ਇਹ ਢਾਂਚਾ ਤੁਹਾਨੂੰ ਗਾਇਕ ਬਣਾ ਦਿੰਦਾ ਹੈ ਭਾਵੇਂ ਤੁਹਾਨੂੰ ਗਾਣਾ ਵੀ ਨਾ ਆਉਂਦਾ ਹੋਵੇ। ਇਹ ਢਾਂਚਾ ਸਿਰਫ ਤੁਹਾਨੂੰ ਗਾਣੇ ਦੇ ਵੀਡੀਓ ਬਣਾਉਣ ਵਿੱਚ ਹੀ ਨਹੀਂ ਮਦਦ ਕਰਦਾ ਸਗੋਂ ਯੂਟਿਊਬ ਉੱਤੇ ਫੇਕ ਵਿਊਜ਼ ਦਾ ਪ੍ਰਬੰਧ ਵੀ ਕਰਾ ਕੇ ਦਿੰਦਾ ਹੈ।

ਇਸ ਤੋਂ ਇਲਾਵਾ ਡੀਜਿਆਂ ਦੇ ਨਾਲ ਅਟੀ-ਸਟੀ ਅਤੇ ਮਾਲ ਦੇ ਵਿੱਚ ਸ਼ੋਅ ਕਰਨਾ ਵੀ ਇਸੇ ਢਾਂਚੇ ਦਾ ਹਿੱਸਾ ਹੈ। ਕਹਿਣ ਦਾ ਭਾਵ ਇਹ ਕਿ ਅਜਿਹੇ ਢਾਂਚੇ ਕਰਕੇ ਤੁਹਾਡੇ ਆਲੇ ਦੁਆਲੇ ਸਵੇਰੇ-ਸ਼ਾਮੀਂ-ਰਾਤੀ ਹਰ ਪਾਸੇ ਲੱਚਰ ਗਾਇਕੀ ਹੀ ਨਜ਼ਰ ਆ ਰਹੀ ਹੈ। ਇਸ ਢਾਂਚੇ ਕਰਕੇ ਪੰਜਾਬੀ ਲੱਚਰ ਗਾਇਕੀ ਕਿਸੇ ਖੂੰਜੇ ਜਾਂ ਨੁੱਕਰੇ ਨਾ ਲੁਕ ਕੇ ਆਮ ਲੋਕਾਂ ਦੇ ਸਿਰ ਤੇ ਚੜ੍ਹ ਕੇ ਨੱਚ ਰਹੀ ਹੈ।

ਇਸ ਲੱਚਰ ਗਾਇਕੀ ਨੂੰ ਕਿਸੇ ਕਿਸਮ ਦੀ ਰੋਕ ਲਾ ਕੇ ਜਾਂ ਪੁਲਿਸ ਦਾ ਡੰਡਾ ਵਰਤ ਕੇ ਬੰਦ ਕਰਨ ਦੀ ਸੋਚ ਵੀ ਕਾਮਯਾਬ ਨਹੀਂ ਹੋ ਸਕਦੀ। ਆਮ ਤੌਰ ਤੇ ਸਿਆਣੇ ਇਹੀ ਕਹਿੰਦੇ ਹਨ ਕਿ ਕਿਸੇ ਲਕੀਰ ਨੂੰ ਮਿਟਾਉਣ ਦੀ ਕੋਸ਼ਿਸ਼ ਕਰਨ ਦੀ ਬਜਾਏ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕੀ ਦੂਜੀ ਵੱਡੀ ਲਕੀਰ ਖਿੱਚੋ। ਵੱਡੀ ਲਕੀਰ ਦੀ ਹੋਂਦ ਹੀ ਛੋਟੀ ਲਕੀਰ ਨੂੰ ਨੁੱਕਰੇ ਲਾ ਦੇਵੇਗੀ। ਇਸ ਨਵੇਂ ਐਲਾਨੇ ਪੰਜਾਬ ਸੱਭਿਆਚਾਰ ਕਮਿਸ਼ਨ ਦਾ ਵੀ ਇਹ ਹੀ ਮੰਤਵ ਹੋਣਾ ਚਾਹੀਦਾ ਹੈ ਕਿ ਇਹ ਵੱਡੀ ਲਕੀਰ ਖਿੱਚਣ ਦਾ ਉਪਰਾਲਾ ਕਰੇ।

ਇਸ ਵੱਡੀ ਲਕੀਰ ਨੂੰ ਖਿੱਚਣ ਦੇ ਲਈ ਪੰਜਾਬ ਸੱਭਿਆਚਾਰ ਕਮਿਸ਼ਨ ਨੂੰ ਪਹੀਏ ਦੀ ਨਵੇਂ ਸਿਰਿਓਂ ਕਾਢ ਕੱਢਣ ਦੀ ਲੋੜ ਨਹੀਂ ਹੈ। ਸੱਭਿਆਚਾਰ ਦੇ ਨਾਂ ਦੇ ਉੱਤੇ ਪੰਜਾਬ ਦੇ ਵਿੱਚ ਬਹੁਤ ਕੁਝ ਚੰਗਾ ਵੀ ਹੋ ਰਿਹਾ ਹੈ। ਪਰ ਅਫ਼ਸੋਸ ਇਸ ਗੱਲ ਦਾ ਹੈ ਕਿ ਇਹ ਸਭ ਕੁਝ ਖਿੰਡਿਆ-ਪੁੰਡਿਆ ਪਿਆ ਹੈ ਅਤੇ ਆਮ ਲੋਕਾਂ ਦੇ ਸਾਹਮਣੇ ਨਹੀਂ ਆ ਰਿਹਾ। ਸਾਹਮਣੇ ਨਾ ਆਉਣ ਦਾ ਕਾਰਨ ਇਹ ਹੈ ਕਿ ਇਨ੍ਹਾਂ ਸਭਿਆਚਾਰਕ ਗਤੀਵਿਧੀਆਂ ਨੂੰ ਕਿਸੇ ਵੀ ਕਿਸਮ ਦੇ ਪ੍ਰਬੰਧਕੀ ਢਾਂਚੇ ਦੀ ਕੋਈ ਮਦਦ ਨਹੀਂ ਮਿਲ ਰਹੀ। ਵਕਤ ਦੀ ਲੋੜ ਇਹ ਹੈ ਕਿ ਪੰਜਾਬ ਸੱਭਿਆਚਾਰਕ ਕਮਿਸ਼ਨ ਇਹ ਪ੍ਰਬੰਧਕੀ ਢਾਂਚਾ ਮੁਹੱਈਆ ਕਰਵਾਏ। ਬਸ ਸ਼ੁਰੂਆਤ ਕਰਨ ਦੀ ਲੋੜ ਹੈ।
ਪੰਜਾਬੀ ਸੱਭਿਆਚਾਰ ਦਾ ਇੱਕ ਹੋਰ ਮੁੱਖ ਹਿੱਸਾ ਪਰਵਾਸੀ ਪੰਜਾਬੀ ਹਨ। ਆਮ ਤੌਰ ਤੇ ਦਸੰਬਰ-ਜਨਵਰੀ ਦੀਆਂ ਛੁੱਟੀਆਂ ਦੌਰਾਨ ਬਹੁਤ ਸਾਰੇ ਪਰਵਾਸੀ ਪੰਜਾਬੀ ਪੰਜਾਬ ਘੁੰਮਣ ਜਾਂਦੇ ਹਨ। ਬਹੁਤ ਸਾਰੇ ਪਰਵਾਸੀ ਪੰਜਾਬੀ, ਸਭਿਆਚਾਰ ਦੇ ਨਾਂ ਤੇ ਹਵੇਲੀ ਮਾਅਰਕਾ ਢਾਬਿਆਂ ਵਿੱਚ ਹੀ ਤਸਵੀਰਾਂ ਖਿੱਚ ਰਹੇ ਹਨ। ਪੰਜਾਬ ਵਿੱਚ ਅਜਾਇਬ ਘਰ ਕਿੱਥੇ ਹਨ ਇਸ ਦਾ ਤਾਂ ਕਿਸੇ ਨੂੰ ਥਹੁ-ਪਤਾ ਨਹੀਂ ਲੱਗਦਾ। ਪੰਜਾਬ ਵਿੱਚ ਅਜਾਇਬ ਘਰ ਕਿਸ ਖ਼ਸਤਾ ਹਾਲਤ ਵਿੱਚ ਹਨ ਇਸ ਦੀ ਚਰਚਾ ਫੇਰ ਕਿਸੇ ਦਿਨ ਸਹੀ।

ਪੰਜਾਬ ਸੱਭਿਆਚਾਰਕ ਕਮਿਸ਼ਨ ਨੂੰ ਚਾਹੀਦਾ ਹੈ ਕਿ ਇਨ੍ਹਾਂ ਦੋ ਮਹੀਨਿਆਂ ਨੂੰ ਉਹ ਆਪਣਾ ਕੇਂਦਰ ਬਿੰਦੂ ਬਣਾ ਕੇ ਸ਼ੁਰੂਆਤ ਕਰੇ। ਪੰਜਾਬ ਦੀਆਂ ਮੁੱਖ ਸੱਭਿਆਚਾਰਕ ਗਤੀਵਿਧੀਆਂ, ਨਾਟਕ ਮੇਲੇ, ਗਾਇਕੀ ਅਤੇ ਖਾਸ ਤੌਰ ਤੇ ਯੂਨੀਵਰਸਿਟੀਆਂ ਦੇ ਯੁਵਕ ਮੇਲੇ ਇਨ੍ਹਾਂ ਦੋ ਮਹੀਨਿਆਂ ਦੇ ਵਿੱਚ ਹੀ ਹੋਣੇ ਚਾਹੀਦੇ ਹਨ। ਇਹ ਗਤੀਵਿਧੀਆਂ ਕਿਸੇ ਇਕ ਸ਼ਹਿਰ ਵਿੱਚ ਨਾ ਕਰਕੇ ਚਾਰ-ਪੰਜ ਸ਼ਹਿਰਾਂ ਵਿੱਚ ਵੰਡੀਆਂ ਅਤੇ ਦੁਹਰਾਈਆਂ ਜਾਣ।

ਸ਼ੁਰੂਆਤ ਕਰਨ ਦੇ ਨਾਲ-ਨਾਲ ਇਕ ਹੋਰ ਜ਼ਰੂਰੀ ਗੱਲ ਇਹ ਵੀ ਕਿ ਇਨ੍ਹਾਂ ਗਤੀਵਿਧੀਆਂ ਦੀ ਮਸ਼ਹੂਰੀ ਦੇ ਲਈ ਸਮਾਜਿਕ ਮਾਧਿਅਮ, ਫ਼ੇਸਬੁੱਕ, ਵੈੱਬਸਾਈਟ, ਈ-ਮੇਲ, ਵ੍ਹਾਟਸਐਪ ਸੁਨੇਹੇ ਆਦਿ ਵਰਤਣੇ ਚਾਹੀਦੇ ਹਨ। ਸਥਾਨਕ ਅਤੇ ਪਰਵਾਸੀ ਪੰਜਾਬੀਆਂ ਨੂੰ ਅਗਸਤ-ਸਤੰਬਰ ਦੇ ਮਹੀਨੇ ਦੇ ਵਿੱਚ ਅਗਾਊਂ ਹੀ ਪਤਾ ਲੱਗ ਜਾਣਾ ਚਾਹੀਦਾ ਹੈ ਕਿ ਇਸ ਸਾਲ ਦਸੰਬਰ ਜਨਵਰੀ ਵਿੱਚ ਕੀ ਹੋਣ ਵਾਲਾ ਹੈ।

ਜਦੋਂ ਇਹ ਸਭ ਕੁਝ ਚੱਲ ਰਿਹਾ ਹੋਵੇ ਉਸ ਨੂੰ ਨਾਲ ਹੀ ਨਾਲ ਫ਼ੇਸਬੁੱਕ, ਯੂਟਿਊਬ ਜਾਂ ਹੋਰ ਸਮਾਜਿਕ ਮਾਧਿਅਮ ਉੱਤੇ ਪਾਉਣਾ ਵੀ ਇੱਕ ਬਹੁਤ ਜ਼ਰੂਰੀ ਕਦਮ ਹੋਵੇਗਾ। ਗਤੀਵਿਧੀਆਂ ਦੇ ਹੈਸ਼ਟੈਗ ਵੀ ਜ਼ਰੂਰੀ ਹਨ ਤਾਂ ਜੋ ਸਮਾਜਿਕ ਮਾਧਿਅਮ ਉੱਤੇ ਚਰਚਾ ਕਰਨੀ ਸੌਖੀ ਰਹੇ।

ਜੇਕਰ ਪੰਜਾਬ ਸੱਭਿਆਚਾਰਕ ਕਮਿਸ਼ਨ ਇਸ ਤਰ੍ਹਾਂ ਦਾ ਕੋਈ ਸੁਚੱਜਾ ਕਦਮ ਚੁੱਕ ਸਕੇਗਾ ਤਾਂ ਹੀ ਲੱਚਰ ਗਾਇਕੀ ਨੂੰ ਠੱਲ੍ਹ ਪਵੇਗੀ ਅਤੇ ਆਮ ਲੋਕ ਵੀ ਇਹ ਕਹਿੰਦੇ ਸੁਣੇ ਜਾ ਸਕਣਗੇ ਕਿ ਜੇ ਪੰਜਾਬ ਦੇ ਅਸਲੀ ਸੱਭਿਆਚਾਰ ਦੀ ਝਾਤ ਵੇਖਣੀ ਹੈ ਤਾਂ ਦਸੰਬਰ ਜਨਵਰੀ ਵਿੱਚ ਵੇਖੋ। ਜੇਕਰ ਇਸ ਤਰ੍ਹਾਂ ਦਾ ਕੋਈ ਸੁਚੱਜਾ ਕਦਮ ਨਾ ਚੁੱਕਿਆ ਗਿਆ ਤਾਂ ਚੁਬਾਰੇ ਚੜ੍ਹ ਕੇ ਨੱਚਦੀ ਲੱਚਰ ਗਾਇਕੀ ਨੂੰ ਆਉਂਦੇ ਲੰਮੇਂ ਸਮੇਂ ਤੱਕ ਕੋਈ ਵੀ ਨਹੀਂ ਰੋਕ ਸਕਦਾ। 

*ਗੁਰਤੇਜ ਸਿੰਘ ਨਿਊਜ਼ੀਲੈਂਡ ਦੇ ਵੇਲਿੰਗਟਨ ਸ਼ਹਿਰ ਵਿੱਚ ਵਸਦੇ ਇੱਕ ਪੰਜਾਬੀ ਲੇਖਕ, ਚਿੰਤਕ ਤੇ ਬਲੋਗਰ ਹਨ। 

ਨੋਟ: ਇਹ ਲੇਖਕ ਦੇ ਮੌਲਿਕ ਵਿਚਾਰ ਹਨ ਅਤੇ ਇਹਨਾਂ ਵਿਚਾਰਾਂ ਨਾਲ ਐਸ ਬੀ ਐਸ ਪੰਜਾਬੀ ਦਾ ਸਹਿਮਤ ਹੋਣਾ ਜਰੂਰੀ ਨਹੀਂ। 

ਐਸ ਬੀ ਐਸ ਪੰਜਾਬੀ ਦੇ ਫ਼ੇਸਬੁੱਕ ਤੇ ਟਵਿੱਟਰ ਨਾਲ ਵੀ ਨਾਤਾ ਜੋੜੋ


Share

Published

Updated

Presented by Preetinder Grewal

Share this with family and friends


Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand