ਸ਼ਿਵਾ ਦੇ ਵੱਡੇ ਭਰਾ ਦਿਨੇਸ਼ ਨੇ ਐਸ ਬੀ ਐਸ ਪੰਜਾਬੀ ਨਾਲ ਕੀਤੀ ਹਾਲੀਆ ਗੱਲਬਾਤ ਦੌਰਾਨ ਆਪਣਾ ਦੁੱਖ ਸਾਂਝਾ ਕਰਦਿਆਂ ਕਿਹਾ, "ਸ਼ਿਵਾ ਦੇ ਗਾਇਬ ਹੋਣ ਤੋਂ ਬਾਅਦ ਇਹ ਸਾਡੇ ਪੂਰੇ ਪਰਿਵਾਰ ਲਈ ਮੁਸ਼ਕਲ ਭਰਿਆ ਸਮਾਂ ਰਿਹਾ ਹੈ।"
"ਅਸੀਂ ਪਿਛਲੇ ਦੱਸ ਸਾਲਾਂ ਤੋਂ ਹਰ ਦਿਨ ਅਨਿਸ਼ਚਿਤਤਾ ਦੇ ਵਿਰੁੱਧ ਲੜਾਈ ਲੜ ਰਹੇ ਹਾਂ, ਜਿਸਦਾ ਸਾਨੂੰ ਕੋਈ ਜਵਾਬ ਨਜ਼ਰ ਨਹੀਂ ਆਉਂਦਾ।"
ਇਸ ਵੇਲੇ ਭਾਰਤ ਵਿੱਚ ਰਹਿ ਰਹੇ ਦਿਨੇਸ਼ ਦਾ ਮੰਨਣਾ ਹੈ ਸ਼ਿਵਾ ਖੁਦ ਕਿਤੇ ਗਾਇਬ ਨਹੀਂ ਹੋਇਆ ਬਲਕਿ ਉਹ ਕਿਸੇ ਸਾਜ਼ਿਸ਼ ਦਾ ਸ਼ਿਕਾਰ ਹੋਇਆ ਹੈ।
ਕਿਸੇ ਠੋਸ ਲੀਡ ਦੀ ਘਾਟ ਕਾਰਨ ਪੈਦਾ ਹੋਈ ਇਸ ਭਾਵਨਾ ਅਤੇ ਅਧਿਕਾਰੀਆਂ ਦੀ ਇਸ ਮਾਮਲੇ 'ਤੇ ਧਾਰੀ ਚੁੱਪੀ ਨੇ ਉਸਦੇ ਪਰਿਵਾਰ ਲਈ ਹਾਲਾਤਾਂ ਨੂੰ ਹੋਰ ਮੁਸ਼ਕਲ ਬਣਾ ਦਿੱਤਾ ਹੈ।

Shiva Chauhan, who is missing from Melbourne since May 2014 Source: Supplied
"ਮੇਰੇ ਮਾਤਾ-ਪਿਤਾ ਹੁਣ ਕਾਫੀ ਬਜ਼ੁਰਗ ਹੋ ਚੁੱਕੇ ਹਨ ਅਤੇ ਉਨ੍ਹਾਂ ਦੀ ਸਿਹਤ ਵੀ ਕਮਜ਼ੋਰ ਰਹਿੰਦੀ ਹੈ, ਪਰ ਉਹ ਹਰ ਰੋਜ਼ ਇਹੀ ਉਮੀਦ ਜਗਾਈ ਰੱਖਦੇ ਹਨ ਕਿ ਸਾਨੂੰ ਸ਼ਿਵਾ ਬਾਰੇ ਕੋਈ ਨਾ ਕੋਈ ਖਬਰਸਾਰ ਜ਼ਰੂਰ ਮਿਲੇਗੀ।"
ਦਿਨੇਸ਼ ਨੇ ਕਿਹਾ ਕਿ, "ਦੱਸ ਸਾਲ ਬੀਤ ਜਾਣ ਦੇ ਬਾਵਜੂਦ ਵੀ ਸਾਨੂੰ ਅਜੇ ਇਹੀ ਲੱਗਦਾ ਹੈ ਕਿ ਸ਼ਿਵਾ ਸਾਡੇ ਕੋਲ ਵਾਪਸ ਆਉਣ ਦਾ ਰਸਤਾ ਜਲਦ ਹੀ ਲੱਭ ਲਵੇਗਾ।"
ਜ਼ਿਕਰਯੋਗ ਹੈ ਕਿ ਗਾਇਬ ਹੋਣ ਤੋਂ ਪਹਿਲਾਂ ਸ਼ਿਵਾ ਭਾਰਤ ਵਾਪਸ ਪਰਤਣ ਦੀ ਤਿਆਰੀ ਕਰ ਰਿਹਾ ਸੀ, ਪਰ 1 ਮਈ 2014 ਦੀ ਰਾਤ ਨੂੰ ਉਹ ਅਚਾਨਕ ਗਾਇਬ ਹੋ ਗਿਆ ਸੀ।
ਪੁਲਿਸ ਵੱਲੋਂ ਜਾਂਚ ਅਜੇ ਵੀ ਜਾਰੀ ਹੈ
ਹਾਲ ਹੀ ਵਿੱਚ ਐਸ ਬੀ ਐਸ ਪੰਜਾਬੀ ਨੇ ਸ਼ਿਵਾ ਦੇ ਕੇਸ ਬਾਰੇ ਅਪਡੇਟ ਲਈ ਵਿਕਟੋਰੀਆ ਪੁਲਿਸ ਨਾਲ ਸੰਪਰਕ ਕੀਤਾ ਸੀ।
ਆਪਣੇ ਅਧਿਕਾਰਤ ਬਿਆਨ ਵਿੱਚ ਉਨ੍ਹਾਂ ਕਿਹਾ ਕਿ, "2014 ਵਿੱਚ ਲਾਪਤਾ ਹੋਣ ਸ਼ਿਵਾ ਚੌਹਾਨ ਦੇ ਕੇਸ ਬਾਰੇ ਮਿਸਿੰਗ ਪਰਸਨਜ਼ ਸਕੁਐਡ ਦੁਆਰਾ ਕੀਤੀ ਜਾ ਰਹੀ ਜਾਂਚ ਅਜੇ ਵੀ ਖੁੱਲ੍ਹੀ ਹੈ।"
ਉਨ੍ਹਾਂ ਅੱਗੇ ਕਿਹਾ ਕਿ, "ਇੱਕ ਡਿਲੀਵਰੀ ਮੈਨ ਵਜੋਂ ਕੰਮ ਕਰਦੇ 27 ਸਾਲਾ ਨੌਜਵਾਨ ਸ਼ਿਵਾ, ਨੇ ਵੀਰਵਾਰ, 1 ਮਈ, 2014 ਦੀ ਸ਼ਾਮ ਨੂੰ ਆਪਣਾ ਕੰਮ ਸ਼ੁਰੂ ਕੀਤਾ ਸੀ। ਉਸ ਨੂੰ ਆਖਰੀ ਵਾਰ ਸ਼ੁੱਕਰਵਾਰ, 2 ਮਈ ਨੂੰ ਸਵੇਰੇ 12:30 ਵਜੇ ਦੇ ਕਰੀਬ ਸਾਊਥ ਪਾਰਕ ਰੋਡ, ਡੈੰਡੇਨੋਂਗ ਸਾਊਥ 'ਤੇ ਇੱਕ ਬੇਕਰੀ ਵਿੱਚ ਦੇਖਿਆ ਗਿਆ ਸੀ।"
"ਸ਼ੁੱਕਰਵਾਰ, 2 ਮਈ ਨੂੰ ਦੁਪਹਿਰ 3 ਵਜੇ ਦੇ ਕਰੀਬ ਉਸਦੀ ਡਿਲੀਵਰੀ ਵੈਨ 'ਕੀਜ਼ਬੋਰੋ' ਦੇ ਹਟਨ ਰੋਡ ਤੋਂ ਬਰਾਮਦ ਕੀਤੀ ਗਈ।"

Shiva's van, which was found locked at Keysborough with his belongings intact, on 2 May 2014 Credit: Victoria Police
ਸ਼ਿਵਾ ਨੂੰ ਲਾਪਤਾ ਹੋਏ ਦੱਸ ਸਾਲ ਬੀਤ ਜਾਣ ਬਾਰੇ ਗੱਲ ਕਰਦਿਆਂ ਪੁਲਿਸ ਦੇ ਬੁਲਾਰੇ ਨੇ ਕਿਹਾ ਕਿ, "ਪਿਛਲੇ 10 ਸਾਲਾਂ ਵਿੱਚ ਇੱਕ ਮਹੱਤਵਪੂਰਨ ਜਾਂਚ ਦੇ ਬਾਵਜੂਦ, ਸ਼ਿਵਾ ਦਾ ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗਿਆ ਹੈ ਅਤੇ ਨਾ ਹੀ ਕਿਸੇ 'ਤੇ ਉਸਦੇ ਲਾਪਤਾ ਹੋਣ ਦਾ ਦੋਸ਼ ਲਗਾਇਆ ਗਿਆ ਹੈ।"
"ਸਾਡੇ ਵਿਚਾਰ ਸ਼ਿਵਾ ਦੇ ਪਰਿਵਾਰ ਨਾਲ ਹਨ। ਪੁਲਿਸ ਨੂੰ ਦਿੱਤੀ ਗਈ ਕਿਸੇ ਵੀ ਨਵੀਂ ਜਾਣਕਾਰੀ ਦੀ ਪੂਰੀ ਤਰ੍ਹਾਂ ਨਾਲ ਜਾਂਚ ਕੀਤੀ ਜਾਵੇਗੀ, ਪੁਲਿਸ ਨੇ ਐਸ ਬੀ ਐਸ ਪੰਜਾਬੀ ਨੂੰ ਦਿੱਤੇ ਬਿਆਨ ਵਿੱਚ ਕਿਹਾ।"
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ।





