ਵਿਕਾਸ ਸ਼ਰਮਾ ਨੇ ਕਿਹਾ ਕਿ ਹਾਦਸੇ ਤੋਂ ਬਾਅਦ ਮਾਨਸਿਕ ਪਰੇਸ਼ਾਨੀਆਂ ਅਤੇ ਆਰਥਿਕ ਚੁਣੌਤੀਆਂ ਨਾਲ ਜੂਝ ਰਹੇ ਪਰਿਵਾਰ ਲਈ ਅਦਾਲਤ ਦਾ ਇਹ ਫੈਸਲਾ ਸਹਿਣ ਕਰਨਾ ਸੌਖਾ ਨਹੀਂ ਹੈ।

ਯਾਦ ਰਹੇ ਕਿ 5 ਨਵੰਬਰ 2023 ਨੂੰ ਮੈਲਬੌਰਨ ਤੋਂ ਤਕਰੀਬਨ 100-ਕਿਲੋਮੀਟਰ ਦੂਰ ਡੇਲਸਫੋਰਡ ਕਸਬੇ ਵਿੱਚ ਇਹ ਦੁਰਘਟਨਾ ਉਸ ਵੇਲੇ ਵਾਪਰੀ ਸੀ ਜਦੋਂ ਇੱਕ ਕਾਰ ਨੇ ਰਾਇਲ ਹੋਟਲ ਦੇ ਬੀਅਰ ਗਾਰਡਨ ਵਿੱਚ ਬੈਠੇ ਲੋਕਾਂ ਵਿੱਚ ਟੱਕਰ ਮਾਰ ਦਿੱਤੀ ਸੀ ਅਤੇ ਇਸ ਟੱਕਰ ਵਿੱਚ ਪ੍ਰਤਿਭਾ ਸ਼ਰਮਾ, ਅਨਵੀ ਸ਼ਰਮਾ, ਜਤਿਨ ਚੁੱਘ, ਵਿਵੇਕ ਭਾਟੀਆ ਅਤੇ ਉਸ ਦੇ ਪੁੱਤਰ ਦੀ ਮੌਤ ਹੋ ਗਈ ਸੀ ਜਦਕਿ ਵਿਵੇਕ ਦੀ ਪਤਨੀ ਅਤੇ ਛੋਟਾ ਪੁੱਤਰ ਗੰਭੀਰ ਜ਼ਖ਼ਮੀ ਹੋ ਗਏ ਸਨ।
ਇਸ ਦੁਰਘਟਨਾ ਸਬੰਧੀ ‘ਬਾਲਾਰੈਟ ਮੈਜਿਸਟ੍ਰੇਟ ਕੋਰਟ’ ਵਿੱਚ ‘ਕਮਿਟਲ ਹੀਅਰਿੰਗ’ ਤਹਿਤ ਅਗਾਊਂ ਸੁਣਵਾਈ ਚੱਲ ਰਹੀ ਸੀ ਅਤੇ ਮੈਜਿਸਟ੍ਰੇਟ ਨੇ ਵੀਰਵਾਰ, 19 ਸਤੰਬਰ 2024 ਨੂੰ ਮਾਮਲੇ ਦੀ ਸੁਣਵਾਈ ਕਰਦਿਆਂ ਹਾਦਸੇ ਵਿੱਚ ਸ਼ਾਮਿਲ ਕਾਰ ਚਾਲਕ ਵਿਲੀਅਮ ਸਵੈਯਲ ਨੂੰ ਉਸ ਖਿਲਾਫ ਲੱਗੇ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ।

ਜ਼ਿਕਰਯੋਗ ਹੈ ਕਿ ਵਿਲੀਅਮ ਸਵੈਯਲ 'ਤੇ ਮੌਤ ਦਾ ਕਾਰਨ ਬਣਨ ਵਾਲੇ ਡਰਾਈਵਿੰਗ ਦੇ ਪੰਜ ਮਾਮਲਿਆਂ, ਲਾਪਰਵਾਹੀ ਨਾਲ ਗੰਭੀਰ ਸੱਟ ਲੱਗਣ ਦੇ ਦੋ ਮਾਮਲਿਆਂ, ਅਤੇ ਜਾਨ ਨੂੰ ਖਤਰੇ ਵਿਚ ਪਾਉਣ ਵਾਲੇ ਲਾਪਰਵਾਹੀ ਵਾਲੇ ਵਿਵਹਾਰ ਦੇ ਸੱਤ ਦੋਸ਼ਾਂ ਸਮੇਤ ਕੁੱਲ 14 ਦੋਸ਼ ਲਗਾਏ ਗਏ ਸਨ।
ਐਸ ਬੀ ਐਸ ਪੰਜਾਬੀ ਵਲੋਂ ਜਦੋਂ ਇਸ ਬਾਰੇ ਪਬਲਿਕ ਪ੍ਰੌਸੀਕਿਊਸ਼ਨਜ਼ ਨਾਲ ਰਾਬਤਾ ਕੀਤਾ ਗਿਆ ਤਾਂ ਉਨ੍ਹਾਂ ਦੇ ਬੁਲਾਰੇ ਨੇ ਜਵਾਬ ਦਿੱਤਾ ਕਿ ਉਹ ਮੈਜਿਸਟ੍ਰੇਟ ਵਲੋਂ ਵਿਲੀਅਮ ਸਵੈਯਲ 'ਤੇ ਮੁਕੱਦਮਾ ਨਾ ਕਰਨ ਦੇ ਫੈਸਲੇ ਨੂੰ ਸਵੀਕਾਰ ਕਰਦੇ ਹਨ ਪਰ ਉਹ ਪ੍ਰੋਸੀਕਿਊਸ਼ਨ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਇਸ ਫੈਸਲੇ ਦੀ ਸਮੀਖਿਆ ਕਰਨਗੇ ਤਾਂ ਜੋ ਇਸ ਮਾਮਲੇ ਨੂੰ ਮੁਕੱਦਮੇ ਵਜੋਂ ਅੱਗੇ ਵਧਾਏ ਜਾਣ ਤੇ ਵਿਚਾਰ ਕੀਤਾ ਜਾ ਸਕੇ।
ਪ੍ਰੌਸੀਕਿਊਸ਼ਨਜ਼ ਦੇ ਬੁਲਾਰੇ ਨੇ ਇਹ ਵੀ ਕਿਹਾ ਕਿ "ਸਾਡਾ ਦਫਤਰ ਇਸ ਦੁਖਦਾਈ ਘਟਨਾ ਵਿੱਚ ਜ਼ਖਮੀ ਹੋਏ ਪੀੜਤਾਂ, ਅਤੇ ਆਪਣੀ ਜਾਨ ਗੁਆਉਣ ਵਾਲਿਆਂ ਦੇ ਸਾਰੇ ਪਰਿਵਾਰਾਂ ਪ੍ਰਤੀ ਆਪਣੀ ਡੂੰਘੀ ਹਮਦਰਦੀ ਨੂੰ ਦੁਹਰਾਉਂਦਾ ਹੈ।"
ਕਾਬਿਲੇਗੌਰ ਹੈ ਕਿ ਹੁਣ ਤੱਕ ਇਹ ਮਾਮਲਾ ਕਮਿਟਲ ਹੀਅਰਿੰਗ ਵਜੋਂ ਸੁਣਿਆ ਗਿਆ ਸੀ ਅਤੇ ਅਜੇ ਤੱਕ ਇਸ ਨੂੰ ਮੁਕੱਦਮੇ ਵਜੋਂ ਨਹੀਂ ਲੜਿਆ ਗਿਆ।
ਜ਼ਿਕਰਯੋਗ ਹੈ ਕਿ ਧਾਰਾ 156 ਦੇ ਤਹਿਤ ਪਬਲਿਕ ਪ੍ਰੌਸੀਕਿਊਸ਼ਨਜ਼ ਦੇ ਡਾਇਰੈਕਟਰ ਕੋਲ ਸਿੱਧੇ ਦੋਸ਼ ਦਾਇਰ ਕਰਨ ਦੀ ਸ਼ਕਤੀ ਹੁੰਦੀ ਹੈ।
ਹੋਰ ਵੇਰਵੇ ਲਈ ਸੁਣੋ ਇਹ ਇੰਟਰਵਿਊ....
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸ ਬੀ ਐਸ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਫੇਸਬੁੱਕ ਤੇ X ਉੱਤੇ ਵੀ ਫਾਲੋ ਕਰੋ।






