Key Points
- ਆਸਟ੍ਰੇਲੀਆ ਵਿੱਚ, ਕਿਸੇ ਰਿਸ਼ਤੇ ਨੂੰ ਪ੍ਰਬੰਧਿਤ ਹਾਲਾਤਾਂ ਰਾਹੀਂ ਸ਼ੁਰੂ ਕਰਨ ਦੀ ਧਾਰਨਾ ਸਾਧਾਰਨ ਨਹੀਂ ਹੈ।
- ਆਸਟ੍ਰੇਲੀਆ ਵਿੱਚ ਮੈਚਮੇਕਿੰਗ ਸੇਵਾਵਾਂ ਦਾ ਉਦੇਸ਼ ਗੰਭੀਰ, ਲੰਬੇ ਸਮੇਂ ਦੇ ਸਬੰਧਾਂ ਦੀ ਭਾਲ ਕਰਨ ਵਾਲੇ ਇਕੱਲੇ ਲੋਕਾਂ ਨੂੰ ਜੋੜਨਾ ਹੈ।
- ਡੇਟਿੰਗ ਐਪਸ ਉਹ ਪਲੇਟਫਾਰਮ ਹਨ ਜਿੱਥੇ ਲੋਕ ਪ੍ਰੋਫਾਈਲ ਬਣਾਉਂਦੇ ਹਨ, ਆਪਣੇ ਵਰਗੇ ਸਾਥੀ ਲੱਭਦੇ ਹਨ , ਅਤੇ ਵਿਅਕਤੀਗਤ ਤੌਰ 'ਤੇ ਮਿਲਣ ਤੋਂ ਪਹਿਲਾਂ ਚੈਟ ਕਰਦੇ ਹਨ।
- ਆਸਟ੍ਰੇਲੀਆ ਵਿੱਚ ਡੇਟਿੰਗ ਦੂਜੇ ਦੇਸ਼ਾਂ ਨਾਲੋਂ ਕਿਵੇਂ ਅਲੱਗ ਹੈ?
- ਆਸਟ੍ਰੇਲੀਆ ਵਿੱਚ ਡੇਟਿੰਗ ਕਰਨ ਤੋਂ ਪਹਿਲਾਂ ਤੁਹਾਨੂੰ ਕੀ ਜਾਣਨ ਦੀ ਜ਼ਰੂਰਤ ਹੈ?
- ਆਸਟ੍ਰੇਲੀਆ ਵਿੱਚ ਡੇਟ ਦੀ ਭਾਲ ਕਿੱਥੋਂ ਸ਼ੁਰੂ ਕਰਨੀ ਚਾਹੀਦੀ ਹੈ?
- ਮੈਚਮੇਕਿੰਗ ਸੇਵਾਵਾਂ ਕੀ ਹਨ?
- ਮੈਚਮੇਕਿੰਗ ਸੇਵਾਵਾਂ ਕਿਵੇਂ ਕੰਮ ਕਰਦੀਆਂ ਹਨ?
ਗੈਰੀ ਕਰਾਂਟਜ਼ਾਸ ਡੀਕਿਨ ਯੂਨੀਵਰਸਿਟੀ ਵਿੱਚ ਮਨੋਵਿਗਿਆਨ ਅਤੇ ਸਬੰਧ ਵਿਗਿਆਨ ਦੇ ਪ੍ਰੋਫੈਸਰ ਹੋਣ ਦੇ ਨਾਲ-ਨਾਲ ‘ਸਾਇੰਸ ਆਫ ਅਡਲਟ ਰਿਲੇਸ਼ਨਸ਼ਿਪਸ ਲੈਬੋਰੇਟਰੀ’ ਦਾ ਡਾਇਰੈਕਟਰ ਹੈ, ਅਤੇ ਇੱਕ ਜੋੜੇ ਦਾ ਥੈਰੇਪਿਸਟ ਵੀ ਹੈ। ਉਹ ਕਹਿੰਦਾ ਹੈ ਕਿ ਇੱਕ ਸਾਥੀ ਲੱਭਣ ਦੀ ਇੱਛਾ ਰੋਮਾਂਸ ਤੋਂ ਕਿਤੇ ਅੱਗੇ ਤੱਕ ਜਾਂਦੀ ਹੈ ਅਤੇ ਇਹ ਸਬੰਧਾਂ ਨਾਲ ਵੀ ਜੁੜੀ ਹੁੰਦੀ ਹੈੈ।
ਪ੍ਰੋਫੈਸਰ ਕਾਰਾਂਟਜ਼ਾਸ ਕਹਿੰਦਾ ਹੈ ਕਿ ਆਪਣੇ ਪਿਆਰਿਆਂ ਤੋਂ ਵੱਖ ਹੋਣਾ ਅਕਸਰ ਤਕਲੀਫਦੇਹ ਹੁੰਦਾ ਹੈ।ਜਦੋਂ ਅਸੀਂ ਆਪਣੇ ਮਾਤਾ-ਪਿਤਾ ਜਾਂ ਰੁਮਾਂਟਿਕ ਪਾਰਟਨਰ ਵਰਗੇ ਲੋਕਾਂ ਤੋਂ ਦੂਰ ਹੁੰਦੇ ਹਾਂ ਤਾਂ ਅਸੀਂ ਕੁਦਰਤੀ ਤੌਰ ’ਤੇ ਬੇਚੈਨੀ ਮਹਿਸੂਸ ਕਰਦੇ ਹਾਂ, ਅਤੇ ਸਾਡੀ ਸਹਿਜ ਪ੍ਰਵਿਰਤੀ ਉਨ੍ਹਾਂ ਨਾਲ ਦੁਬਾਰਾ ਜੁੜਨ ਦੀ ਹੁੰਦੀ ਹੈ ਪਰ ਆਸਟ੍ਰੇਲੀਆ ਵਿੱਚ ਰਿਸ਼ਤਾ ਸ਼ੁਰੂ ਕਰਨਾ ਦੂਜੇ ਦੇਸ਼ਾਂ ਦੇ ਮੁਕਾਬਲੇ ਬਹੁਤ ਵੱਖਰਾ ਹੋ ਸਕਦਾ ਹੈ।
ਉਸ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਵਿੱਚ, ਕਿਸੇ ਤੈਅਸ਼ੁਦਾ ਹਾਲਾਤ ਵਿੱਚ ਰਿਸ਼ਤਾ ਸ਼ੁਰੂ ਕਰਨ ਦੀ ਧਾਰਨਾ ਸਾਧਾਰਨ ਨਹੀਂ ਹੈ।

ਐਡਮ (ਅਸਲ ਨਾਮ ਨਹੀਂ), 2014 ਵਿੱਚ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਦੇ ਰੂਪ ਵਿੱਚ ਆਸਟ੍ਰੇਲੀਆ ਆਇਆ ਸੀ। ੳੇੁਸ ਦਾ ਪਰਵਾਸ ਦਾ ਰੋਮਾਂਚ ਘੱਟਣ ਵਿੱਚ ਬਹੁਤੀ ਦੇਰ ਨਹੀਂ ਲੱਗੀ ਅਤੇ ਉਸ ਨੂੰ ਇਕੱਲਾਪਨ ਮਹਿਸੂਸ ਹੋਣ ਲੱਗਾ।
ਆਸਟ੍ਰੇਲੀਆ ਵਿੱਚ ਤਿੰਨ ਸਾਲ ਤੱਕ ਇੱਕ ਸੱਚਾ ਰਿਸ਼ਤਾ ਲੱਭਣ ਦੀਆਂ ਕੁਝ ਕੋਸ਼ਿਸ਼ਾਂ ਤੋਂ ਬਾਅਦ, ਉਸਨੂੰ ਅਹਿਸਾਸ ਹੋਇਆ ਕਿ ਉਸ ਦੇ ਯਤਨ ਸਫਲ ਨਹੀਂ ਸਨ ਹੋ ਰਹੇ ।
ਨਵੀਆਂ ਸੰਭਾਵਨਾਵਾਂ ਦੀ ਪੜਚੋਲ ਕਰਨ ਅਤੇ ਵੱਖ-ਵੱਖ ਸਭਿਆਚਾਰਾਂ ਦੇ ਲੋਕਾਂ ਨਾਲ ਡੇਟ ਕਰਨ ਲਈ ਉਤਸੁਕ, ਐਡਮ ਨੇ ਮਦਦ ਲੈਣ ਦਾ ਫੈਸਲਾ ਲਿਆ। ਉਸ ਨੇ ਮੈਲਬਰਨ ਵਿੱਚ ਡੇਟਿੰਗ ਅਤੇ ਰਿਲੇਸ਼ਨਸ਼ਿਪ ਕੋਚਿੰਗ ਸੇਵਾਵਾਂ ਵੱਲ ਰੁਖ ਕੀਤਾ।
"ਮੈਂ ਸਮਾਜਿਕ ਹੁਨਰਾਂ ਬਾਰੇ ਬਹੁਤ ਕੁਝ ਸਿੱਖਿਆ ਹੈ। ਮੇਰੇ ਕੋਚ ਮੈਨੂੰ ਆਪਣੀ ਸੀਮਾ ਤੋਂ ਬਾਹਰ ਨਿਕਲਣ ਲਈ ਪ੍ਰੇਰਿਤ ਕਰਦੇ ਹਨ, ਜਿਵੇਂ ਕਿਸੇ ਅਜਨਬੀ ਨਾਲ ਗੱਲ ਕਰਨਾ ਪਰ ਡਰਾਉਣੇ ਤਰੀਕੇ ਨਾਲ ਨਹੀਂ। ਜਿਵੇਂ ਕਿ ਅਸੀਂ ਦੋਸਤ ਬਣਾ ਸਕਦੇ ਹਾਂ, ਅਸੀਂ ਕਿਸੇ ਨਾਲ ਵੀ ਗੱਲ ਕਰ ਸਕਦੇ ਹਾਂ, ਅਸੀਂ ਕਿਸੇ ਵੀ ਸਮਾਜਿਕ ਸਮਾਗਮ ਵਿੱਚ ਜਾ ਸਕਦੇ ਹਾਂ ਅਤੇ ਕਿਸੇ ਨਾਲ ਵੀ ਚਰਚਾ ਕਰ ਸਕਦੇ ਹਾਂ। ਇਸ ਨਾਲ ਮੇਰੀ ਸੋਚ ਵਿੱਚ ਕਾਫੀ ਬਦਲਾਅ ਆਇਆ ਕਿਉਂਕਿ ਮੈਨੂੰ ਲੱਗਦਾ ਹੈ ਕਿ ਜ਼ਿਆਦਾਤਰ ਮਰਦ ਉਨ੍ਹਾਂ ਕੁੜੀਆਂ ਨਾਲ ਗੱਲ ਕਰਨ ਲਈ ਸੰਘਰਸ਼ ਕਰਦੇ ਹਨ ਜੋ ਉਨ੍ਹਾਂ ਨੂੰ ਦਿਲਚਸਪ ਲੱਗਦੀਆਂ ਹਨ," ਐਡਮ ਕਹਿੰਦਾ ਹੈ।

ਐਂਡਰਿਊ ਗੰਗ, ਮੈਲਬੌਰਨ ਵਿਖੇ ਡੇਟਿੰਗ ਅਤੇ ਰਿਲੇਸ਼ਨਸ਼ਿਪ ਸਬੰਧੀ ਮਰਦਾਂ ਦਾ ਇੱਕ ਕੋਚ ਹੈ।ਉਸ ਨੇ ਆਸਟ੍ਰੇਲੀਆ ਵਿੱਚ ਵੱਖ-ਵੱਖ ਸੱਭਿਆਚਾਰਾਂ, ਪਿਛੋਕੜਾਂ, ਉਮਰਾਂ ਅਤੇ ਜਨਸੰਖਿਆ ਦੇ ਇੱਕ ਹਜ਼ਾਰ ਤੋਂ ਵੱਧ ਮਰਦਾਂ ਨਾਲ ਕੰਮ ਕੀਤਾ ਹੈ। ਉਸ ਨੇ ਇਨ੍ਹਾਂ ਲੋਕਾਂ ਦੇ ਆਤਮ-ਵਿਸ਼ਵਾਸ ਅਤੇ ਡੇਟਿੰਗ ਅਨੁਭਵਾਂ ਨੁੰ ਬਿਹਤਰ ਬਣਾਉਣ ਵਿੱਚ ਉਨ੍ਹਾਂ ਦੀ ਮਦਦ ਕੀਤੀ ਹੈ।
ਉਹ ਕਹਿੰਦਾ ਹੈ ਕਿ ਆਸਟ੍ਰੇਲੀਆ ਵਿੱਚ ਡੇਟਿੰਗ ਸੱਭਿਆਚਾਰ ਬਹੁਤ ਸਾਰੇ ਪ੍ਰਵਾਸੀਆਂ ਦੀਆਂ ਆਦਤਾਂ ਤੋਂ ਬਿਲਕੁਲ ਵੱਖਰਾ ਹੈ। ਜਿਸ ਵਿਅਕਤੀ ਵਿੱਚ ਤੁਹਾਡੀ ਦਿਲਚਸਪੀ ਹੈ, ਉਸ ਪ੍ਰਤੀ ਦਿਆਲੂ ਅਤੇ ਨਿਮਰ ਹੋਣਾ ਆਕਰਸ਼ਣ ਪੈਦਾ ਕਰਨ ਲਈ ਕਾਫ਼ੀ ਨਹੀਂ ਹੈ।

ਜਿਹੜੇ ਲੋਕ ਜਿਆਦਾ ਅਨੁਕੂਲ ਜਾਣ-ਪਛਾਣ ਚਾਹੁੰਦੇ ਹਨ, ਉੁਨ੍ਹਾਂ ਲਈ ਆਸਟੇ੍ਰਲੀਆ ਮੈਚਮੇਕਰ ਵਰਗੀਆਂ ਸੇਵਾਵਾਂ ਵੀ ਉਪਲਬਧ ਹਨ।
ਇਨ੍ਹਾਂ ਮੈਚਮੇਕਿੰਗ ਸੇਵਾਵਾਂ ਦਾ ਉਦੇਸ਼ ਗੰਭੀਰ, ਲੰਬੇ ਸਮੇਂ ਦੇ ਸਬੰਧਾਂ ਦੀ ਭਾਲ ਕਰਨ ਵਾਲੇ ਇਕੱਲੇ ਲੋਕਾਂ ਨੂੰ ਇੱਕ-ਦੂਜੇ ਨਾਲ ਜੋੜਨਾ ਹੈ।
ਡੇਟਿੰਗ ਐਪਸ ਦੇ ਉਲਟ, ਉਹ ਵਿਅਕਤੀਗਤ ਸਹਾਇਤਾ ਅਤੇ ਸਾਵਾਧਾਨੀ ਨਾਲ ਚੁਣੇ ਗਏ ਰਿਸ਼ਤੇ ਅਤੇ ਵਧੇਰੇ ਗੋਪਨੀਅਤਾ ਦੀ ਪੇਸ਼ਕਸ਼ ਕਰਦੇ ਹਨ।
ਸਿਡਨੀ-ਅਧਾਰਤ ਮੈਚਮੇਕਰ ਕੈਥਰੀਨ ਵੇਈ ਕਹਿੰਦੀ ਹੈ ਕਿ ਸਥਾਨਕ ਅਤੇ ਪ੍ਰਵਾਸੀ ਦੋਵੇਂ ਭਾਈਚਾਰਿਆਂ ਵਲੋਂ ਉਸ ਦੀਆਂ ਸੇਵਾਵਾਂ ਲਈਆਂ ਜਾਂਦੀਆਂ ਹਨ ਹਾਂਲਾਂਕਿ ਸੱਭਿਆਚਾਰਾਂ ਵਿਚਕਾਰ ਉਮੀਦਾਂ ਕਾਫੀ ਵੱਖ ਹੋ ਸਕਦੀਆਂ ਹਨ।

ਬੇਸ਼ੱਕ, ਹਰ ਕੋਈ ਕੋਚ ਜਾਂ ਮੈਚਮੇਕਰ ਦੀ ਮਦਦ ਨਹੀਂ ਲੈਂਦਾ। ਬਹੁਤ ਸਾਰੇ ਲੋਕ ਭਾਈਚਾਰਕ ਖੇਡਾਂ, ਭਾਸ਼ਾ ਦੀਆਂ ਕਲਾਸਾਂ, ਜਾਂ ਵੱਖ-ਵੱਖ ਸੰਗਠਨਾਂ ਨਾਲ ਸਵੈ-ਇੱਛਾ ਨਾਲ ਕੰਮ ਕਰਕੇ ਪਿਆਰ ਦੀ ਖੋਜ ਕਰਦੇ ਹਨ।
ਪਿਆਰ ਦੀ ਖੋਜ ਦਿਲਚਸਪ ਹੋਣ ਦੇ ਨਾਲ-ਨਾਲ ਜੋਖਿਮ ਭਰਪੂਰ ਵੀ ਸਕਦੀ ਹੈ।
ਐਂਡਰਿਊ ਗੰਗ ਰਿਲੇਸ਼ਨਸ਼ਿਪ ਸਕੈਮਰਾਂ ਵਿਰੁੱਧ ਚੇਤਾਵਨੀ ਦਿੰਦਾ ਹੈ।
ਇਸ ਲਈ, ਤੁਹਾਨੂੰ ਨਵੇਂ ਲੋਕਾਂ ਨਾਲ ਹਮੇਸ਼ਾ ਜਨਤਕ ਥਾਵਾਂ 'ਤੇ ਹੀ ਮਿਲਣਾ ਚਾਹੀਦਾ ਹੈ, ਆਪਣੇ ਠਿਕਾਣੇ ਬਾਰੇ ਕਿਸੇ ਦੋਸਤ ਨੂੰ ਸੂਚਿਤ ਕਰਨਾ ਚਾਹੀਦਾ ਹੈ, ਅਤੇ ਕੋਈ ਵੀ ਵਿੱਤੀ ਜਾਣਕਾਰੀ ਸਾਂਝੀ ਕਰਨ ਤੋਂ ਬਚਣਾ ਚਾਹੀਦਾ ਹੈ।
ਜੇਕਰ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰੀ ਘਰੇਲੂ ਹਿੰਸਾ ਤੋਂ ਪ੍ਰਭਾਵਿਤ ਹੈ ਤਾਂ ਤੁਸੀਂ 1800 737 732 ਉਤੇ 1800ਰਿਸਪੈਕਟ ਨੂੰ ਕਾਲ ਕਰ ਸਕਦੇ ਹੋ, 0458 737 732 ਉਤੇ ਮੈਸੇਜ ਕਰ ਸਕਦੇ ਹੋ ਜਾਂ ਫਿਰ 1800RESPECT.org.au. 'ਤੇ ਜਾ ਸਕਦੇ ਹੋ। ਜੇਕਰ ਕੋਈ ਐਮਰਜੈਂਸੀ ਹੈ ਤਾਂ 000 ਨੂੰ ਕਾਲ ਕਰੋ।
ਨੋ ਟੂ ਵਾਇਲੈਂਸ ਦੁਆਰਾ ਚਲਾਈ ਜਾਂਦੀ ਮਰਦਾਂ ਦੀ ਰੈਫਰਲ ਸੇਵਾ ਨਾਲ 1300 766 491 'ਤੇ ਸੰਪਰਕ ਕੀਤਾ ਜਾ ਸਕਦਾ ਹੈ।
ਆਸਟ੍ਰੇਲੀਆ ਵਿੱਚ ਆਪਣੀ ਨਵੀਂ ਜ਼ਿੰਦਗੀ ਵਿੱਚ ਸੈਟਲ ਹੋਣ ਬਾਰੇ ਵਧੇਰੇ ਕੀਮਤੀ ਜਾਣਕਾਰੀ ਅਤੇ ਸੁਝਾਵਾਂ ਲਈ ਆਸਟ੍ਰੇਲੀਆ ਐਕਸਪਲੇਨਡ ਪੋਡਕਾਸਟ ਨੂੰ ਸਬਸਕ੍ਰਾਈਬ ਕਰੋ ਜਾਂ ਫਾਲੋ ਕਰੋ।
ਕੀ ਤੁਹਾਡੇ ਕੋਈ ਸਵਾਲ ਜਾਂ ਵਿਸ਼ੇ ਦੇ ਵਿਚਾਰ ਹਨ ਤਾਂ australiaexplained@sbs.com.au ਉਤੇ ਇੱਕ ਈਮੇਲ ਭੇਜੋ






