Key Points
- 'NSW ਡਿਪਾਰਟਮੈਂਟ ਆਫ਼ ਕਮਿਊਨਿਟੀਜ਼ ਐਂਡ ਜਸਟਿਸ' ਅਤੇ ਇੰਡੀਅਨ (ਸਬ-ਕੌਂਟੀਨੈਂਟ) ਕ੍ਰਾਈਸਿਸ ਸੁਪੋਰਟ ਏਜੰਸੀ’ ਮਿਲ ਕੇ ਸਿੱਖ/ਪੰਜਾਬੀ ਭਾਈਚਾਰੇ 'ਤੇ ਨਿਰਦੇਸ਼ਿਤ ਸੈਮੀਨਾਰ ਕਰ ਰਹੇ ਹਨ।
- ਸੈਮੀਨਾਰ ਦਾ ਉੱਦੇਸ਼ ਕਾਨੂੰਨ, ਪੁਲਿਸ ਅਤੇ ਸਹਾਇਤਾ ਏਜੰਸੀਆਂ ਦੁਆਰਾ ਆਸਟ੍ਰੇਲੀਆ ਵਿੱਚ ਪੇਸ਼ ਕੀਤੀ ਗਈ ਮਦਦ ਦੇ ਤਰੀਕਿਆਂ ਬਾਰੇ ਭਾਈਚਾਰੇ ਦੇ ਆਗੂਆਂ ਨੂੰ ਸਿੱਖਿਅਤ ਕਰਨਾ ਹੈ।
- ਕਿੱਟੂ ਰੰਧਾਵਾ ਨੇ ਪੰਜਾਬੀ ਭਾਈਚਾਰੇ ਵਿੱਚ ਘਰੇਲੂ ਹਿੰਸਾ ਬਾਰੇ ਆਮ ਗਲਤ ਧਾਰਨਾਵਾਂ ਨੂੰ ਸਪੱਸ਼ਟ ਕੀਤਾ ਹੈ।
ਮੰਚ
ਨਿਊ ਸਾਊਥ ਵੇਲਜ਼ ਦਾ ‘ਡਿਪਾਰਟਮੈਂਟ ਆਫ ਕਮਿਊਨਿਟੀਜ਼ ਐਂਡ ਜਸਟਿਸ’ ਅਤੇ ‘ਇੰਡੀਅਨ (ਸਬ-ਕੌਂਟੀਨੈਂਟ) ਕ੍ਰਾਈਸਿਸ ਸੁਪੋਰਟ ਏਜੰਸੀ’ ਮਿਲ ਕੇ ਘਰੇਲੂ ਅਤੇ ਪਰਿਵਾਰਕ ਹਿੰਸਾ ਉੱਤੇ ਇੱਕ ਸੈਮੀਨਾਰ ਕਰਵਾਉਣ ਜਾ ਰਹੇ ਹਨ।
ਇਹ ਸੈਮੀਨਾਰ ਸਿੱਖ ਭਾਈਚਾਰੇ ਨੂੰ ਜਾਗਰੂਕ ਕਰਨ ’ਤੇ ਕੇਂਦ੍ਰਿਤ ਹੈ।
ਇਸ ਦੌਰਾਨ ਧਾਰਮਿਕ ਆਗੂਆਂ, ਭਾਈਚਾਰੇ ਦੇ ਨੁਮਾਇੰਦਿਆਂ ਤੋਂ ਇਲਾਵਾ ਕਾਰੋਬਾਰ ਤੇ ਆਮ ਭਾਈਚਾਰੇ ਵਿੱਚ ਪ੍ਰਭਾਵ ਰੱਖਣ ਵਾਲੇ ਲੋਕਾਂ ਨੂੰ ਪੰਜਾਬੀ ਵਿੱਚ ਤਫਸੀਲ ਨਾਲ ਦੱਸਿਆ ਜਾਵੇਗਾ।
ਐਸਬੀਐਸ ਨਾਲ ਗੱਲਬਾਤ ਕਰਦਿਆਂ, ‘ਇੰਡੀਅਨ (ਸਬ-ਕੌਂਟੀਨੈਂਟ) ਕ੍ਰਾਈਸਿਸ ਸੁਪੋਰਟ ਏਜੰਸੀ’ ਦੀ ਸੰਸਥਾਪਕ ਅਤੇ ਮੈਨੇਜਿੰਗ ਡਾਇਰੈਕਟਰ ਸ਼੍ਰੀਮਤੀ ਰੰਧਾਵਾ ਨੇ ਦੱਸਿਆ, “ਇਸ ਮੰਚ ਦਾ ਮਕਸਦ ਪ੍ਰਭਾਵਸ਼ਾਲੀ ਲੋਕਾਂ ਤੱਕ ਪਹੁੰਚ ਕਰਨਾ ਅਤੇ ਉਨ੍ਹਾਂ ਨੂੰ ਦੱਸਣਾ ਹੈ ਕਿ ਗੱਲਬਾਤ ਅਤੇ ਮਾਮਲਿਆਂ ਦੀ ਪੜਚੋਲ ਰਾਹੀਂ ਪੁਲਿਸ ਅਤੇ ਕਾਨੂੰਨੀ ਸਹਾਇਤਾ ਰਾਹੀਂ ਭਾਈਚਾਰੇ ਦੀ ਮਦਦ ਲਈ ਕੀ ਕੁਝ ਕੀਤਾ ਜਾ ਸਕਦਾ ਹੈ।"
“ਇਹ ਭਾਈਚਾਰੇ ਨੂੰ ਸਵਾਲ ਪੁੱਛਣ ਦਾ ਮੌਕਾ ਵੀ ਦਿੰਦਾ ਹੈ। ਜੋ ਇਹ ਗਲਤਫਹਿਮੀਆਂ ਜਾਂ ਡਰ ਨੂੰ ਸਪੱਸ਼ਟ ਕਰਦੇ ਹਨ ਕਿ ਪੁਲਿਸ ਨੂੰ ਕਾਲ ਕਰਨ ਉੱਤੇ ਤੁਹਾਡਾ ਵੀਜ਼ਾ ਖੁੱਸ ਸਕਦਾ ਹੈ”, ਸ਼੍ਰੀਮਤੀ ਰੰਧਾਵਾ ਨੇ ਦੱਸਿਆ।

ਆਮ ਗਲਤਫਹਿਮੀਆਂ ਨੂੰ ਸਪੱਸ਼ਟ ਕਰਦਿਆਂ
ਗੱਲਬਾਤ ਦੌਰਾਨ ਸ਼੍ਰੀਮਤੀ ਰੰਧਾਵਾ ਨੇ ਘਰੇਲੂ ਹਿੰਸਾ ਬਾਰੇ ਉਨ੍ਹਾਂ ਆਮ ਗਲਤਫਹਿਮੀਆਂ ਦਾ ਜ਼ਿਕਰ ਵੀ ਕੀਤਾ, ਜੋ ਮਦਦ ਹਾਸਲ ਕਰਨ ਵਾਲਿਆਂ ਦੀ ਰਾਹ ਵਿੱਚ ਅੜਿੱਕਾ ਬਣਦੀਆਂ ਹਨ।
“ਲੋਕ ਸੋਚਦੇ ਹਨ ਕਿ ਇਹ ਹਰੇਕ ਘਰ ਦੀ ਆਮ ਗੱਲ ਹੈ, ਪਰ ਹਿੰਸਾ ਅਤੇ ਔਰਤ ਨੂੰ ਬੇਇੱਜ਼ਤ ਕੀਤਾ ਜਾਣਾ ਇੱਕ ਆਮ ਗੱਲ ਨਹੀਂ ਹੈ,” ਸ਼੍ਰੀਮਤੀ ਰੰਧਾਵਾ ਨੇ ਕਿਹਾ।
ਉਨ੍ਹਾਂ ‘ਪੀੜਤ ਨੂੰ ਦੋਸ਼ੀ ਠਹਿਰਾਉਣ’ ਵਾਲੀ ਮਾਨਸਿਕਤਾ ਉੱਤੇ ਵੀ ਸਵਾਲ ਚੁੱਕਿਆ, ਜਿੱਥੇ ਲੋਕ ਇਹ ਸੋਚਦੇ ਹਨ ਕਿ ਪੀੜਤ ਨੇ ਜ਼ਰੂਰ ਕੁਝ ਗਲਤ ਕੀਤਾ ਹੋਵੇਗਾ ਅਤੇ ਸਿੱਟੇ ਵਜੋਂ ਦੁਰਵਿਹਾਰ ਕੀਤਾ ਜਾਂਦਾ ਹੈ।
ਸ਼੍ਰੀਮਤੀ ਰੰਧਾਵਾ ਨੇ ਕਿਹਾ, “ਜੋ ਵਿਅਕਤੀ ਆਪਣੇ ਗੁੱਸੇ ਨੂੰ ਕਾਬੂ ਨਹੀਂ ਕਰ ਸਕਦਾ ਤੇ ਇਸ ਨੂੰ ਕਿਸੇ ਹੋਰ ਉਤੇ ਕੱਢਦਾ ਹੈ, ਇਹ ਗਲਤ ਹੈ।”

ਸਹਾਇਤਾ ਕਿੰਝ ਲਈਏ ?
ਆਈਸੀਐਸਏ ਭਾਵ ‘ਇੰਡੀਅਨ (ਸਬ-ਕੌਂਟੀਨੈਂਟ) ਕ੍ਰਾਈਸਿਸ ਸੁਪੋਰਟ ਏਜੰਸੀ’ ਇਕੱਲੇ ਲੋਕਾਂ ਅਤੇ ਪਰਿਵਾਰਾਂ ਦੀ ਕਮਜ਼ੋਰ ਹਾਲਾਤਾਂ ਜਾਂ ਦੁਰਵਿਵਹਾਰ ਦੀ ਸਥਿਤੀ ਵਿੱਚ ਸਹਾਇਤਾ ਕਰਦੀ ਹੈ।
ਸ਼੍ਰੀਮਤੀ ਰੰਧਾਵਾ ਨੇ ਕਿਹਾ ਕਿ ਜੋ ਕੋਈ ਵੀ ਨੁਕਸਾਨ ਤੋਂ ਡਰ ਰਿਹਾ ਜਾਂ ਪੀੜਤ ਹੋਵੇ, ਉਸ ਨੂੰ ਲੋੜੀਂਦੀ ਸਹਾਇਤਾ ਲਈ ਤੁਰੰਤ ਪੁਲਿਸ ਨਾਲ ਸੰਪਰਕ ਕਰਨਾ ਚਾਹੀਦਾ ਹੈ।
“ਇਸ ਤੋਂ ਪਹਿਲਾਂ ਕਿ ਇਹ ਅਜਿਹੀ ਸਥਿਤੀ ’ਤੇ ਪੁੱਜੇ, ਕਿਸੇ ਨਾਲ ਗੱਲ ਕਰੋ ਜਿਵੇਂ ਕਿ ਸਹਾਇਤਾ ਏਜੰਸੀ, ਕੰਮ ਕਾਜ ਵਾਲੀ ਥਾਂ ਉੱਤੇ ਸਹਾਇਤਾ ਪ੍ਰੋਗਰਾਮ ਜਾਂ ਫਿਰ ਜਿਸ ਉੱਤੇ ਤੁਸੀਂ ਵਿਸ਼ਵਾਸ਼ ਕਰ ਸਕੋ,” ਸ਼੍ਰੀਮਤੀ ਰੰਧਾਵਾ ਨੇ ਕਿਹਾ।
ਉਨ੍ਹਾਂ ਅੱਗੇ ਕਿਹਾ, “ਲੋਕ ਘਰੇਲੂ ਹਿੰਸਾ ਬਾਰੇ ਗੱਲ ਕਰਨ ਤੋਂ ਡਰਦੇ ਹਨ ਪਰ ਇਸ ਵਿੱਚ ਡਰ ਵਾਲੀ ਕੋਈ ਗੱਲ ਨਹੀਂ ਹੈ।”
ਘਰੇਲੂ ਅਤੇ ਪਰਿਵਾਰਕ ਹਿੰਸਾ ਫੋਰਮ ਅਤੇ ਗਲਤਫਹਿਮੀਆਂ ਤੇ ਪੀੜਤਾਂ ਦੀ ਸਹਾਇਤਾ ਲਈ ਮੌਕਿਆਂ ਬਾਰੇ ਜਾਣਕਾਰੀ ਲਈ ਪੂਰੀ ਇੰਟਰਵਿਊ ਸੁਣੋ......
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਪੌਪ ਦੇਸੀ 'ਤੇ ਸੁਣੋ। ਸਾਨੂੰ ਫੇਸਬੁੱਕ ਤੇ ਟਵਿੱਟਰ ਉੱਤੇ ਵੀ ਫਾਲੋ ਕਰੋ ।






