ਪਿੱਛਲੇ ਦਹਾਕੇ ਵਿੱਚ ਔਨਲਾਈਨ ਸ਼ੌਪਿੰਗ ਦਾ ਰੁਝਾਨ ਕਾਫੀ ਵੱਧ ਗਿਆ ਹੈ ਅਤੇ ਕੋਵਿਡ ਲੌਕਡਾਊਨ ਤੇ ਮਹਾਂਮਾਰੀ ਤੋਂ ਬਾਅਦ ਔਨਲਾਈਨ ਸ਼ੌਪਿੰਗ ਹੁਣ ਬਹੁਤ ਲੋਕਾਂ ਦੀ ਪਸੰਦੀਦਾ ਚੋਣ ਬਣ ਗਈ ਹੈ।
ਹਾਲ ਹੀ ਵਿੱਚ ਪ੍ਰਕਾਸ਼ਿਤ ਇੱਕ ਖੋਜ ਅਨੁਸਾਰ ਲਗਭਗ ਹਰੇਕ ਪੰਜ ਵਿੱਚੋਂ ਇੱਕ ਆਸਟ੍ਰੇਲੀਅਨ ਆਪਣੀ ਗਰੌਸਰੀ ਦਾ ਕੁੱਝ ਹਿੱਸਾ ਔਨਲਾਈਨ ਹੀ ਮੰਗਵਾ ਰਿਹਾ ਹੈ। ਹੋਰ ਅਧਿਐਨਾਂ ਮੁਤਾਬਕ ਮਹਾਂਮਾਰੀ ਕਾਰਨ ਔਨਲਾਈਨ ਸ਼ੌਪਿੰਗ ਦਾ ਰੁਝਾਨ ਲਗਭਗ ਤਿੰਨ ਗੁਣਾ ਵੱਧ ਗਿਆ ਹੈ।
ਡਾਕਟਰ ਲੁਈਸ ਗ੍ਰਿਮਰ ਯੂਨੀਵਰਸਿਟੀ ਆਫ ਤਸਮਾਨੀਆ ਦੇ ਕਾਲਜ ਆਫ ਬਿਜ਼ਨਸ ਐਂਡ ਇਕਨਾਮਿਕਸ ਵਿੱਚ ਮਾਰਕੀਟਿੰਗ ਵਿੱਚ ਇੱਕ ਖੋਜਕਾਰ ਅਤੇ ਸੀਨੀਅਰ ਲੈਕਚਰਾਰ ਹਨ। ਉਹਨਾਂ ਦਾ ਕਹਿਣਾ ਹੈ ਕਿ ਮਹਾਂਮਾਰੀ ਤੋਂ ਪਹਿਲਾਂ ਕੁੱਝ ਵੱਡੇ ਰਿਟੇਲਰਾਂ ਕੋਲ ਚੰਗੇ ਆਨਲਾਈਨ ਸਟੋਰ ਸਨ ਪਰ ਉਸਤੋਂ ਬਾਅਦ ਬਹੁਤ ਸਾਰੇ ਰਿਟੇਲਰਾਂ ਅਤੇ ਵਪਾਰੀਆਂ ਵੱਲੋਂ ਮੌਜੂਦਾ ਡਿਜੀਟਲ ਪਲੇਟਫਾਰਮਾਂ ਅਤੇ ਸੇਵਾਵਾਂ ਵਿੱਚ ਸੁਧਾਰ ਕੀਤਾ ਗਿਆ।
ਡਾਕਟਰ ਗ੍ਰਿਮਰ ਦਾ ਕਹਿਣਾ ਹੈ ਕਿ ਬਹੁਤ ਸਾਰੇ ਰਿਟੇਲਰਾਂ ਨੇ ਆਪਣੇ ਕਾਰੋਬਾਰ ਬਰਕਰਾਰ ਰੱਖਣ ਲਈ ਕਈ ਲੁਭਾਉਣ ਵਾਲੇ ਆਫ਼ਰਾਂ ਤੋਂ ਇਲਾਵਾ ਬਿਹਤਰ ਗਾਹਕ ਸੇਵਾ ਅਤੇ ਡਿਲੀਵਰੀ ਵਿਕਲਪਾਂ ਦੀ ਪੇਸ਼ਕਸ਼ ਕਰਨ ਲਈ ਆਪਣੀਆਂ ਵੈੱਬਸਾਈਟਾਂ ਦਾ ਵਿਸਥਾਰ ਕੀਤਾ ਹੈ।
ਉਹਨਾਂ ਦਾ ਕਹਿਣਾ ਹੈ ਕਿ ਹਾਲਾਂਕਿ ਔਨਲਾਈਨ ਰਿਟੇਲ ਵੈਬਸਾਈਟਾਂ ਅਕਸਰ ਗਾਹਕਾਂ ਨੂੰ ਪੈਸੇ ਬਚਾਉਣ ਵਿੱਚ ਮਦੱਦ ਕਰਦੀਆਂ ਹਨ ਅਤੇ ਗਾਹਕਾਂ ਨੂੰ ਕੂਪਨ, ਮਨੀ ਬੈਕ ਅਤੇ ਵਿਸ਼ੇਸ਼ ਪੇਸ਼ਕਸ਼ਾਂ ਨਾਲ ਕਈ ਇਨਾਮ ਦਿੰਦੀਆਂ ਹਨ ਪਰ ਫਿਰ ਵੀ ਖਪਤਕਾਰਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ ਕਿ ਕੁੱਝ ਸਟੋਰ ਉਹਨਾਂ ਦਾ ਨਿੱਜੀ ਡੇਟਾ ਵੀ ਇਕੱਠਾ ਕਰ ਸਕਦੇ ਹਨ ਅਤੇ ਉਹਨਾਂ ਦੀ ਖਰੀਦਦਾਰੀ ਦੀਆਂ ਕਿਸਮਾਂ ਉੱਤੇ ਨਜ਼ਰ ਵੀ ਰੱਖ ਸਕਦੇ ਹਨ।
ਗਾਹਕਾਂ ਦੀ ਜਾਣਕਾਰੀ ਵਾਲੇ ਡੇਟਾਬੇਸ ਦੀ ਵਰਤੋਂ ਕਾਰੋਬਾਰਾਂ ਦੁਆਰਾ ਜਾਇਜ਼ ਮਾਰਕੀਟਿੰਗ ਉਦੇਸ਼ਾਂ ਲਈ ਕੀਤੀ ਜਾ ਸਕਦੀ ਹੈ। ਉਹਨਾਂ ਨੂੰ ਕਾਨੂੰਨੀ ਤੌਰ ਉੱਤੇ ਮੁਦਰੀਕਰਨ ਕੀਤਾ ਜਾ ਸਕਦਾ ਹੈ ਅਤੇ ਜਾਂ ਫਿਰ ਉਪਭੋਗਤਾ ਵੱਲੋਂ ਸਮਝੌਤੇ ਉੱਤੇ ਸਹਿਮਤੀ ਦੇਣ ਤੋਂ ਬਾਅਦ ਦੂਜੀ ਜਾਂ ਤੀਜੀ ਧਿਰ ਨੂੰ ਵੇਚਿਆ ਜਾ ਸਕਦਾ ਹੈ।
ਹਾਲਾਂਕਿ, ਇਹ ਜਾਣਕਾਰੀ ਸਾਈਬਰ ਅਪਰਾਧੀਆਂ ਅਤੇ ਹੈਕਰਾਂ ਨੂੰ ਵੀ ਆਕਰਸ਼ਿਤ ਕਰਦੀ ਹੈ ਜੋ ਇਸਨੂੰ ਆਪਣੇ ਫਾਇਦੇ ਲਈ ਵਰਤਣ ਦੀ ਕੋਸ਼ਿਸ਼ ਕਰ ਰਹੇ ਹਨ, ਕਿਉਂਕਿ ਨਿੱਜੀ ਜਾਣਕਾਰੀ ਨੂੰ ਕਾਲੇ ਬਾਜ਼ਾਰ ਵਿੱਚ ਲਾਭ ਲਈ ਵੇਚਿਆ ਜਾ ਸਕਦਾ ਹੈ।

ਆਸਟ੍ਰੇਲੀਆਨ ਕੰਪੀਟੀਸ਼ਨਜ਼ ਐਂਡ ਕੰਜ਼ਿਊਮਰ ਕਮਿਸ਼ਨ ਦੀ ਡਿਪਟੀ ਚੇਅਰ ਡੇਲੀਆ ਰਿਕਾਰਡ ਦੱਸਦੇ ਹਨ ਕਿ ਔਨਲਾਈਨ ਖਰੀਦਦਾਰੀ ਦਾ ਇੱਕ ਹੋਰ ਜ਼ੋਖਮ ਇਹ ਵੀ ਹੈ ਕਿ ਘੁਟਾਲੇਬਾਜ਼ਾਂ ਵੱਲੋਂ ਨਕਲੀ ਔਨਲਾਈਨ ਸ਼ੋਪ ਬਣਾ ਕੇ ਲੋਕਾਂ ਦੇ ਪੈਸੇ ਜਾਂ ਪਛਾਣਾਂ ਨੂੰ ਚੋਰੀ ਕੀਤਾ ਜਾ ਸਕਦਾ ਹੈ।
ਸ਼੍ਰੀਮਤੀ ਰਿਕਾਰਡ ਦਾ ਕਹਿਣਾ ਹੈ ਕਿ ਜੇਕਰ ਕੋਈ ਸਾਈਟ ਅਸਧਾਰਨ ਭੁਗਤਾਨ ਵਿਧੀਆਂ ਜਿਵੇਂ ਕਿ ਵਾਇਰ ਟ੍ਰਾਂਸਫਰ, ਕ੍ਰਿਪਟੋਕਰੰਸੀ ਜਾਂ ਵਾਊਚਰ ਦੀ ਮੰਗ ਕਰਦੀ ਹੈ ਤਾਂ ਉਹ ਸੰਭਾਵਤ ਤੌਰ ਉੱਤੇ ਇੱਕ ਧੋਖਾਧੜ੍ਹੀ ਹੈ।
ਉਹਨਾਂ ਚੇਤਾਵਨੀ ਦਿੱਤੀ ਕਿ ਔਨਲਾਈਨ ਘੁਟਾਲੇਬਾਜ਼ ਖੁਦ ਉੱਤੇ ਭਰੋਸਾ ਦਿਵਾਉਣ ਲਈ ਨਿਯਮਿਤ ਤੌਰ ੳੱਤੇ ਆਸਟ੍ਰੇਲੀਅਨ ਸੰਸਥਾਵਾਂ ਦੀ ਨਕਲ ਕਰਦੇ ਹਨ।
ਸ਼੍ਰੀਮਤੀ ਰਿਕਾਰਡ ਔਨਲਾਈਨ ਖਰੀਦਦਾਰਾਂ ਨੂੰ 'ਸਕੈਮਵਾਚ' ਵੈੱਬਸਾਈਟ ਉੱਤੇ ਜਾ ਕੇ ਜਾਂਚ ਕਰਨ ਦੀ ਸਲਾਹ ਦਿੰਦੇ ਹਨ ਤਾਂ ਜੋ ਆਸਟ੍ਰੇਲੀਅਨ ਆਮ ਕਿਸਮ ਦੇ ਘੁਟਾਲਿਆਂ ਤੋਂ ਜਾਣੂ ਹੋ ਸਕਣ ਅਤੇ ਕਿਸੇ ਘੁਟਾਲੇ ਬਾਰੇ ਰਿਪੋਰਟ ਕਰ ਸਕਣ।
ਇਹ ਜਾਣਕਾਰੀ ਵੱਖ-ਵੱਖ ਭਾਸ਼ਾਵਾਂ ਵਿੱਚ ਵੀ ਉਪਲਬਧ ਹੈ।

ਡਾਕਟਰ ਗ੍ਰਿਮਰ ਸੁਝਾਅ ਦਿੰਦੇ ਹਨ ਕਿ ਪਹਿਲੀ ਵਾਰ ਔਨਲਾਈਨ ਖਰੀਦਦਾਰੀ ਕਰਨ ਵਾਲੇ ਲੋਕਾਂ ਨੂੰ ਆਪਣੇ ਪਰਿਵਾਰ ਜਾਂ ਦੋਸਤਾ ਨਾਲ ਸਲਾਹ-ਮਸ਼ਵਰਾ ਜ਼ਰੂਰ ਕਰਨਾ ਚਾਹੀਦਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਜਿਸ ਸ਼ੌਪਿੰਗ ਪਲੇਟਫਾਰਮ ਉੱਤੇ ਹਨ ਉਹ ਭਰੋਸੇਯੋਗ ਹੈ।
ਹਾਲਾਂਕਿ ਅਜਿਹੇ ਮਾਮਲਿਆਂ ਵਿੱਚ ਪੁਲਿਸ ਨਾਲ ਸੰਪਰਕ ਕਰਨ ਦੀ ਲੋੜ ਨਹੀਂ ਹੁੰਦੀ ਪਰ ਜੇਕਰ ਘੁਟਾਲਾ ਕਰਨ ਵਾਲਾ ਕਿਸੇ ਨਿਸ਼ਚਿਤ ਸਥਾਨ ਉੱਤੇ ਮੌਜੂਦ ਹੈ ਤਾਂ ਪੁਲਿਸ ਦੀ ਮੱਦਦ ਲੈਣਾ ਲਾਭਦਾਇਕ ਹੋ ਸਕਦਾ ਹੈ।




