ਉੱਤਰੀ ਵਿਕਟੋਰੀਆ ਦੇ ਇਲਾਕੇ ਸ਼ੇਪਰਟਨ ਨੇੜੇ ਪਾਈਨ ਲਾਜ ਨੌਰਥ ਰੋਡ 'ਤੇ ਬੁੱਧਵਾਰ ਸ਼ਾਮ 4.45 ਵਜੇ ਦੇ ਕਰੀਬ ਇੱਕ ਕਾਰ ਅਤੇ ਯੂਟ ਦੀ ਟੱਕਰ ਵਿੱਚ ਚਾਰ ਭਾਰਤੀ ਮੂਲ ਦੇ ਲੋਕਾਂ ਦੀ ਮੌਤ ਹੋ ਗਈ।
ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਵਿੱਚ ਸਵਾਰ ਪੰਜ ਵਿਅਕਤੀਆਂ ਵਿੱਚੋਂ ਚਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਗੱਡੀ ਦੇ ਡਰਾਈਵਰ ਨੂੰ ਗੰਭੀਰ ਹਾਲਤ ਵਿੱਚ ਰਾਇਲ ਮੈਲਬੌਰਨ ਹਸਪਤਾਲ ਲਿਜਾਇਆ ਗਿਆ ਜਿੱਥੇ ਉਹ ਜ਼ੇਰੇ ਇਲਾਜ ਹੈ। ਯੂਟ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ।
ਗੱਡੀ ਦੇ ਡਰਾਈਵਰ ਦੀ ਪਛਾਣ ਹਰਜਿੰਦਰ ਸਿੰਘ ਰੰਧਾਵਾ (ਹੈਰੀ) ਵਜੋਂ ਹੋਈ ਹੈ ਜਿਸਨੇ 18 ਜਨਵਰੀ ਨੂੰ ਭਾਰਤ ਵਾਪਸ ਪਰਤਣਾ ਸੀ।
ਉਸ ਦੇ ਦੋਸਤ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ,"ਹੈਰੀ ਪੰਜਾਬ 'ਚ ਗਣਿਤ ਅਧਿਆਪਕ ਹੈ ਅਤੇ ਥੋੜੇ ਦਿਨਾਂ ਨੂੰ ਹੀ ਉਸ ਦੀ ਵਾਪਸੀ ਦੀ ਫਲਾਈਟ ਸੀ।"
ਅਚਨਚੇਤ ਹੋਈਆਂ ਇਹਨਾ ਮੌਤਾਂ ਨਾਲ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ। ਚਾਰੇ ਮ੍ਰਿਤਕਾਂ ਨੂੰ "ਚੰਗੇ ਇਨਸਾਨ ਅਤੇ ਮਿਹਨਤੀ ਵਿਅਕਤੀਆਂ" ਵਜੋਂ ਯਾਦ ਕੀਤਾ ਜਾ ਰਿਹਾ ਹੈ।

ਮੈਲਬੌਰਨ ਤੋਂ ਫੁਲਵਿੰਦਰਜੀਤ ਸਿੰਘ ਗਰੇਵਾਲ, ਜੋ ਕਿ ਆਪਣੇ ਸਮਾਜਿਕ ਕੰਮਾਂ ਲਈ ਜਾਣੇ ਜਾਂਦੇ ਹਨ, ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਚਾਰ ਮ੍ਰਿਤਕਾਂ ਦੀ ਪਛਾਣ ਹਰਪਾਲ ਸਿੰਘ ਵਾਸੀ ਮੁਕਤਸਰ, ਭੁਪਿੰਦਰ ਸਿੰਘ ਵਾਸੀ ਜਲੰਧਰ, ਬਲਜਿੰਦਰ ਸਿੰਘ ਅਤੇ ਕਿਸ਼ਨ ਸਿੰਘ ਵਾਸੀ ਤਰਨਤਾਰਨ ਵਜੋਂ ਹੋਈ ਹੈ।
ਉਨ੍ਹਾਂ ਨੇ ਦੱਸਿਆ ਕਿ ਗੱਡੀ 'ਚ ਸਵਾਰ ਸਾਰੇ ਵਿਅਕਤੀ ਪੰਜਾਬ ਤੋਂ ਸਨ ਅਤੇ ਆਪਣੇ ਪਰਿਵਾਰਾਂ ਨੂੰ ਮਿਲਣ ਲਈ ਆਸਟ੍ਰੇਲੀਆ ਵਿੱਚ ਵਿਜ਼ਟਰ ਵੀਜ਼ੇ 'ਤੇ ਆਏ ਹੋਏ ਸਨ।

ਪੁਲਿਸ ਅਨੁਸਾਰ ਗੱਡੀ ਪਿੱਛੇ ਬੈਠੇ ਤਿੰਨਾਂ ਵਿਅਕਤੀਆਂ ਨੇ ਸੀਟ ਬੈਲਟ ਨਹੀਂ ਪਾਈਆਂ ਸਨ।
ਵਿਕਟੋਰੀਆ ਪੁਲਿਸ ਦੇ ਕਾਰਜਕਾਰੀ ਸਹਾਇਕ ਕਮਿਸ਼ਨਰ ਜਸਟਿਨ ਗੋਲਡਸਮਿਥ ਨੇ ਕਿਹਾ ਕਿ ਇਹ ਦੁਰਘਟਨਾ ਬਹੁਤ ਹੀ ਦੁਖਦਾਈ ਹੈ ਅਤੇ ਇਸ ਘਟਨਾ ਦੇ ਮੱਦੇਨਜ਼ਰ ਉਹਨਾਂ ਨੇ ਲੋਕਾਂ ਨੂੰ ਸੜਕਾਂ 'ਤੇ ਸੁਚੇਤ ਰਹਿਣ ਦੀ ਅਪੀਲ ਕੀਤੀ।
ਹੋਰ ਵੇਰਵੇ ਅਤੇ ਪੂਰੀ ਜਾਣਕਾਰੀ ਲਈ ਇਹ ਪੋਡਕਾਸਟ ਸੁਣੋ






