ਆਸਟ੍ਰੇਲੀਆ ਦੇ ਵੋਟਰਾਂ ਨੇ 18 ਮਈ ਨੂੰ ਵੋਟਾਂ ਪਾਉਂਦੇ ਹੋਏ ਇਹ ਫੈਸਲਾ ਕਰਨਾ ਹੈ ਕਿ ਦੇਸ਼ ਦੀ ਵਾਗਡੋਰ ਕਿਸ ਦੇ ਹੱਥ ਸੌਂਪਣੀ ਹੈ। ਇਸ ਸਮੇਂ ਜਦੋਂ 2019 ਵਾਲੀਆਂ ਚੋਣਾਂ ਦੀ ਮੁਹਿੰਮ ਪੂਰੇ ਜੋਰ ਸ਼ੋਰ ਨਾਲ ਚਲ ਰਹੀ ਹੈ, ਐਸ ਬੀ ਐਸ ਪੰਜਾਬੀ ਪੇਸ਼ ਕਰ ਰਿਹਾ ਹੈ ਤੁਹਾਡੀ ਵੋਟ ਅਤੇ ਉਸ ਦੀ ਤਾਕਤ ਬਾਰੇ ਕੁੱਝ ਜਾਣਕਾਰੀ।
ਅਗਰ ਤੁਸੀਂ ਆਸਟ੍ਰੇਲੀਆ ਦੇ ਨਾਗਰਿਕ ਹੋ ਅਤੇ ਤੁਹਾਡੀ ਉਮਰ 18 ਸਾਲ ਜਾਂ ਇਸ ਤੋਂ ਵਧ ਹੈ ਤਾਂ ਇਸ ਸਾਲ 18 ਮਈ ਨੂੰ ਹੋਣ ਵਾਲੀਆਂ ਚੋਣਾਂ ਲਈ ਤੁਹਾਡੇ ਵਲੋਂ ਵੋਟ ਪਾਉਣੀ ਲਾਜ਼ਮੀ ਹੋਵੇਗੀ। ਅਤੇ ਇਸ ਲਈ ਹਰ ਵੋਟਰ ਦੀ ਇਹ ਆਪਣੀ ਜਿੰਮੇਵਾਰੀ ਬਣਦੀ ਹੈ ਕਿ ਉਹਨਾਂ ਦੀ ਵੋਟ ਬਣੀ ਹੋਈ ਹੋਵੇ ਅਤੇ ਉਹਨਾਂ ਦੀ ਨਿਜੀ ਜਾਣਕਾਰੀ ਵੀ ਠੀਕ ਤਰਾਂ ਨਾਲ ਦਰਜ ਕੀਤੀ ਹੋਈ ਹੋਵੇ।
ਅਗਰ ਅਜਿਹਾ ਨਹੀਂ ਹੈ ਤਾਂ ਤੁਸੀਂ ਵੋਟ ਨਹੀਂ ਪਾ ਸਕੋਗੇ। ਆਸਟ੍ਰੇਲੀਅਨ ਇਲੈਕਟੋਰਲ ਕਮਿਸ਼ਨ ਦੇ ਫਿਲ ਡਿਆਕ ਦਸਦੇ ਹਨ ਕਿ ਇਸ ਸਮੇਂ ਕੋਈ 6 ਲੱਖ ਦੇ ਕਰੀਬ ਆਸਟ੍ਰੇਲੀਅਨ ਲੋਕ ਵੋਟਾਂ ਵਾਲੀ ਸੂਚੀ ਵਿੱਚੋਂ ਗੈਰਹਾਜਰ ਹਨ।
ਵੋਟਰ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਉਣ ਅਤੇ ਹੋਰ ਜਾਣਕਾਰੀ ਸਹੀ ਕਰਵਾਉਣ ਲਈ 18 ਅਪ੍ਰੈਲ ਰਾਤ ਠੀਕ 8 ਵਜੇ ਤੱਕ ਦਾ ਸਮਾਂ ਤੁਹਾਡੇ ਕੋਲ ਹੈ। ਸ਼੍ਰੀ ਡਿਆਕ ਸਲਾਹ ਦਿੰਦੇ ਹਨ ਕਿ ਸਾਰੇ ਹੀ ਆਸਟ੍ਰੇਲੀਅਨ ਲੋਕਾਂ ਨੂੰ ਆਪਣੀ ਵੋਟਰ ਵਜੋਂ ਜਾਣਕਾਰੀ ਚੈੱਕ ਕਰ ਲੈਣੀ ਚਾਹੀਦੀ ਹੈ ਅਤੇ ਇਸ ਵਾਸਤੇ ਇਲੈਕਟੋਰਲ ਕਮਿਸ਼ਨ ਦੀ ਵੈਬਸਾਈਟ ਉੱਤੇ ਜਾਇਆ ਜਾ ਸਕਦਾ ਹੈ।
ਬੇਸ਼ਕ ਵੋਟਾਂ ਵਾਲੀ ਮਿੱਥੀ ਹੋਈ ਤਰੀਕ ਤੋਂ ਪਹਿਲਾਂ ਵੀ ਵੋਟ ਪਾਉਣ ਦੇ ਕਈ ਤਰੀਕੇ ਉਪਲਬਧ ਹਨ, ਪਰ ਜਿਆਦਾਤਰ ਆਸਟ੍ਰੇਲੀਅਨ ਲੋਕ ਵੋਟਾਂ ਵਾਲੇ ਦਿਨ ਹੀ ਪੋਲਿੰਗ ਸਟੇਸ਼ਨ ਤੇ ਜਾ ਕਿ ਆਪਣੀ ਵੋਟ ਪਾਉਂਦੇ ਹਨ। ਜਿੱਥੇ ਲੋਕਤੰਤਰ ਵਿਚਲੇ ਆਪਣੇ ਵੋਟ ਪਾਉਣ ਵਾਲੇ ਅਧਿਕਾਰ ਦੀ ਵਰਤੋਂ ਉਸ ਦਿਨ ਕੀਤੀ ਜਾਂਦੀ ਹੈ, ਉੱਥੇ ਨਾਲ ਹੀ ਪੋਲਿੰਗ ਸਟੇਸ਼ਨਾਂ ਤੇ ਲੱਗੇ ਹੋਏ ਰੋਣਕ ਮੇਲੇ ਦਾ ਅਨੰਦ ਵੀ ਮਾਣਿਆ ਜਾਂਦਾ ਹੈ।
ਆਸਟ੍ਰੇਲੀਆ ਦੇ ਹਾਊਸ ਆਫ ਰਿਪਰਿਸੈਂਟੇਟਿਵਸ ਨੂੰ ਹਾਊਸ ਆਫ ਗਵਰਨਮੈਂਟ ਵੀ ਕਿਹਾ ਜਾਂਦਾ ਹੈ, ਕਿਉਂਕਿ ਜੋ ਵੀ ਚੈਂਬਰ ਦਾ ਨਿਯੰਤਰਣ ਕਰਨ ਦੇ ਕਾਬਲ ਹੋ ਜਾਂਦਾ ਹੈ, ਉਹੀ ਮੌਕੇ ਦੀ ਸਰਕਾਰ ਬਨਾਉਣ ਦਾ ਵੀ ਅਧਿਕਾਰ ਹਾਸਲ ਕਰ ਲੈਂਦਾ ਹੈ। ਇਸ ਸਾਲ 2019 ਵਾਲੀਆਂ ਚੋਣਾਂ ਲਈ ਹਾਊਸ ਆਫ ਰਿਪਰਿਸੈਂਟੇਟਿਵਸ ਲਈ ਲੋਕਾਂ ਵਲੋਂ 151 ਐਪ ਪੀ ਚੁਣੇ ਜਾਣੇ ਹਨ।
ਜਿਸ ਕਿਸੇ ਉਮੀਦਵਾਰ ਨੂੰ 50% ਵੋਟਾਂ ਮਿਲ ਜਾਂਦੀਆਂ ਹਨ ਉਹ ਉਸ ਹਲਕੇ ਤੋਂ ਜੇਤੂ ਕਰਾਰ ਦੇ ਦਿੱਤਾ ਜਾਂਦਾ ਹੈ। ਸ਼੍ਰੀ ਡਿਆਕ ਅਨੁਸਾਰ ਇਸ ਹਾਊਸ ਆਫ ਰਿਪਰਿਸੈਂਟੇਟਿਵਸ ਵਾਲੇ ਬੈਲਟ ਪੇਪਰ ਵਿੱਚ ਦਰਜ ਹਰੇਕ ਉਮੀਦਵਾਰ ਨੂੰ ਨੰਬਰ ਲਾਉਣੇ ਇਸ ਲਈ ਜਰੂਰੀ ਹੁੰਦੇ ਹਨ ਕਿਉਂਕਿ ਆਸਟ੍ਰੇਲੀਆ ਦਾ ਵੋਟਿੰਗ ਸਿਸਟਮ ‘ਪਰੈਫਰੈਂਸ਼ੀਅਲ’ ਯਾਨਿ ਕਿ ਤਰਜੀਹੀ ਹੈ।
ਅਗਰ ਕਿਸੇ ਉਮੀਦਵਾਰ ਨੂੰ 50% ਵੋਟਾਂ ਨਹੀਂ ਮਿਲਦੀਆਂ ਤਾਂ ਉਸ ਸੂਰਤ ਵਿੱਚ ਸਭ ਤੋਂ ਘੱਟ ਵੋਟਾਂ ਵਾਲੇ ਹੇਠਲੇ ਉਮੀਦਵਾਰ ਨੂੰ ਸੂਚੀ ਵਿੱਚੋਂ ਬਾਹਰ ਕਰ ਦਿਤਾ ਜਾਂਦਾ ਹੈ। ਅਤੇ ਜਿਹੜੇ ਲੋਕਾਂ ਨੇ ਉਸ ਨੂੰ ਵੋਟ ਪਾਈ ਹੁੰਦੀ ਹੈ ਉਹਨਾਂ ਦੀ ਦੂਜੀ ਤਰਜੀਹ ਨੂੰ ਗਿਣਿਆ ਜਾਂਦਾ ਹੈ। ਅਤੇ ਇਹੀ ਕਿਰਿਆ ਉਦੋਂ ਤੱਕ ਜਾਰੀ ਰਹਿੰਦੀ ਹੈ ਜਦੋਂ ਤੱਕ ਕਿਸੇ ਇੱਕ ਉਮੀਦਵਾਰ ਨੂੰ 50% ਵੋਟਾਂ ਹਾਸਲ ਨਹੀਂ ਹੋ ਜਾਂਦੀਆਂ।
ਹਰੇਕ ਹਲਕੇ ਵਿੱਚ ਇਸੇ ਤਰਾਂ ਵੋਟਾਂ ਗਿਣੀਆਂ ਜਾਂਦੀਆਂ ਹਨ ਅਤੇ ਬਹੁਮੱਤ ਯਾਨਿ ਕਿ 76 ਸੀਟਾਂ ਤੇ ਜਿੱਤ ਹਾਸਲ ਕਰਨ ਵਾਲੀ ਪਾਰਟੀ ਸਰਕਾਰ ਬਨਾਉਣ ਦਾ ਦਾਅਵਾ ਪੇਸ਼ ਕਰਦੀ ਹੈ। ਅਤੇ ਉਸੀ ਪਾਰਟੀ ਦਾ ਨੇਤਾ ਪ੍ਰਧਾਨ ਮੰਤਰੀ ਵਜੋਂ ਤਾਇਨਾਤ ਕੀਤਾ ਜਾਂਦਾ ਹੈ।
ਪਰ ਜੇਕਰ, ਕਿਸੇ ਵੀ ਇੱਕ ਪਾਰਟੀ ਕੋਲ ਲੌੜੀਂਦਾ ਬਹੁਤਮੱਤ ਨਹੀਂ ਜੁੜਦਾ ਤਾਂ ਇਸ ਹਾਲਤ ਨੂੰ ਹੰਗ ਪਾਰਲੀਆਮੈਂਟ ਕਿਹਾ ਜਾਂਦਾ ਹੈ। ਅਜਿਹੀ ਸੂਰਤ ਵਿੱਚ ਵੱਡੀਆਂ ਪਾਰਟੀਆਂ ਵਲੋਂ ਛੋਟੀਆਂ ਪਾਰਟੀਆਂ ਅਤੇ ਅਜਾਦ ਉਮੀਦਵਾਰਾਂ ਨੂੰ ਨਾਲ ਰਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਇੱਕ ਗਠਜੋੜ ਵਾਲੀ ਸਰਕਾਰ ਬਣਦੀ ਹੈ।
ਅਜਿਹਾ ਸਾਲ 2010 ਵਿੱਚ ਦੇਖਣ ਵਿੱਚ ਆਇਆ ਸੀ ਜਦੋਂ ਜੂਲੀਆ ਗਿਲਾਰਡ ਨੂੰ ਗਰੀਨਸ ਅਤੇ ਅਜਾਦ ਉਮੀਦਵਾਰਾਂ ਦੀ ਮਦਦ ਲੈਂਦੇ ਹੋਏ ਸਰਕਾਰ ਬਨਾਉਣੀ ਪਈ ਸੀ।
ਆਸਟ੍ਰੇਲੀਆ ਦੇ ਉਪਰਲੇ ਸਦਨ ਲਈ ਵੋਟਾਂ ਦੀ ਪ੍ਰਕਿਰਿਆ ਕਾਫੀ ਅਲੱਗ ਕਿਸਮ ਦੀ ਹੈ। ਆਸਟ੍ਰੇਲੀਆ ਦੇ ਹਰੇਕ ਸੂਬੇ ਕੋਲ 6 ਸੇਨੇਟਰ ਚੁਨਣ ਦੀ ਸਮਰਥਾ ਹੁੰਦੀ ਹੈ ਜਦਕਿ ਆਸਟ੍ਰੇਲੀਅਨ ਕੈਪੀਟਲ ਟੈਰੇਟੋਰੀ ਤੇ ਨਾਰਦਰਨ ਟੈਰੇਟੋਰੀ ਸਿਰਫ ਦੋ ਦੋ ਸੇਨੇਟਰ ਹੀ ਚੁਣ ਸਕਦੀਆਂ ਹਨ। ਸ਼੍ਰੀ ਡਿਆਕ ਸਮਝਾਉਂਦੇ ਹਨ ਕਿ ਸੈਨੇਟ ਦੀ ਚੋਣ ਲਈ ਲਾਈਨ ਤੋਂ ਉਪਰ ਜਾਂ ਲਾਈਨ ਦੇ ਹੇਠਾਂ ਨੰਬਰ ਪਾ ਕੇ ਚੋਣ ਕੀਤੀ ਜਾ ਸਕਦੀ ਹੈ।
ਅਗਰ ਤੁਸੀਂ ਲਾਈਨ ਤੋਂ ਉਪਰ ਵੋਟ ਪਾਉਣੀ ਪਸੰਦ ਕਰਦੇ ਹੋ ਤਾਂ ਘੱਟੋ-ਘੱਟ ਛੇ ਪਾਰਟੀਆਂ ਜਾਂ ਗਰੁੱਪਾਂ ਨੂੰ ਨੰਬਰ ਦੇਣੇ ਹੁੰਦੇ ਹਨ। ਪਰ ਅਗਰ ਤੁਸੀਂ ਲਾਈਨ ਤੋਂ ਹੇਠਾਂ ਵੋਟ ਪਾਉਣ ਦੇ ਚਾਹਵਾਨ ਹੋ ਤਾਂ ਤੁਹਾਨੂੰ ਘੱਟੋ-ਘੱਟ 12 ਉਮੀਦਵਾਰਾਂ ਦੇ ਬਕਸਿਆਂ ਵਿੱਚ ਤਰਜੀਹੀ ਨੰਬਰ ਦੇਣੇ ਹੋਣਗੇ। ਅਤੇ ਇਸ ਤੋਂ ਬਾਅਦ ਤੁਸੀਂ ਜਿੰਨੇ ਵੀ ਉਮੀਦਵਾਰਾਂ ਨੂੰ ਨੰਬਰ ਦੇਣੇ ਚਾਹੋ ਦੇ ਸਕਦੇ ਹੋ।