ਇਸ ਸਮੇਂ ਕਿਰਾਏ ਦੀ ਜਾਇਦਾਦ ਦੀ ਭਾਲ ਕਰਨਾ ਇੱਕ ਨੌਕਰੀ ਦੀ ਇੰਟਰਵਿਊ ਵਾਂਗ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ।
ਇਹ ਆਸਟ੍ਰੇਲੀਆ ਦੇ ਸਭ ਤੋਂ ਵੱਡੇ ਰੈਂਟਲ ਪੋਰਟਲ, rent.com.au ਦੇ ਸੀਈਓ ਗ੍ਰੇਗ ਬੈਡਰ ਦੀ ਸਲਾਹ ਹੈ।
ਉਹ ਜਾਇਦਾਦ ਲੱਭਣ ਦੀਆਂ ਚੁਣੌਤੀਆਂ ਤੋਂ ਪੂਰੀ ਤਰ੍ਹਾਂ ਜਾਣੂ ਹੈ।
ਆਮ ਤੌਰ 'ਤੇ, ਰੈਂਟਲ ਪ੍ਰਾਪਰਟੀਆਂ ਅਣਫਰਨਿਸ਼ਡ ਹੁੰਦੀਆਂ ਹਨ ਅਤੇ ਇੱਕ ਸਾਲ ਦੀ ਲੀਜ਼ ਦੀ ਲੋੜ ਹੁੰਦੀ ਹੈ - ਜਿਸ ਨੂੰ ਅਕਸਰ ਵਧਾਇਆ ਜਾ ਸਕਦਾ ਹੈ।
ਜ਼ਿਆਦਾਤਰ ਜਾਇਦਾਦਾਂ ਦੇ ਮੁਆਇਨਾ ਕਰਨ ਦੇ ਸਮੇਂ ਅਤੇ ਹਫ਼ਤਾਵਾਰ ਕਿਰਾਏ ਬਾਰੇ realestate.com.au, domain.com.au ਅਤੇ rent.com.au ਜਿਹੀਆਂ ਵੈੱਬਸਾਈਟਾਂ 'ਤੇ ਇਸ਼ਤਿਹਾਰ ਦਿੱਤਾ ਜਾਂਦਾ ਹੈ।
ਸ੍ਰੀ ਬੈਡਰ ਦੱਸਦੇ ਹਨ, ਪੂਰੇ ਆਸਟ੍ਰੇਲੀਆ ਵਿੱਚ 800,000 ਤੋਂ ਵੱਧ ਰੀਅਲ ਅਸਟੇਟ ਏਜੰਟ ਹਨ। ਹਾਲਾਂਕਿ, ਘਰਾਂ ਲਈ ਬਿਨੈਪੱਤਰ ਦੀ ਪ੍ਰਕਿਰਿਆ ਇਕਸਾਰ ਨਹੀਂ ਹੈ।
ਏਜੰਟ ਹਰ ਬਿਨੈਕਾਰ ਦੇ ਦਸਤਾਵੇਜ਼ਾਂ ਦੀ ਸਮੀਖਿਆ ਕਰਦਾ ਹੈ, ਇਸ ਲਈ ਇਹ ਇੱਕ ਚੰਗਾ ਵਿਚਾਰ ਹੈ ਕਿ ਤੁਸੀਂ ਆਪਣੇ ਦਸਤਾਵੇਜ਼ ਤਿਆਰ ਰੱਖੋ।

ਜੇਕਰ ਤੁਹਾਡੇ ਕੋਲ ਰੈਂਟਲ ਹਿਸਟ੍ਰੀ ਦਾ ਸਬੂਤ ਨਹੀਂ ਹੈ, ਤਾਂ ਏਜੰਟ ਹੋਰ ਵਿਕਲਪਾਂ 'ਤੇ ਵਿਚਾਰ ਕਰੇਗਾ।
ਨਿਕ ਮੈਲਬੌਰਨ ਤੋਂ ਇੱਕ ਵਪਾਰੀ ਅਤੇ ਛੋਟੇ ਕਾਰੋਬਾਰ ਦਾ ਮਾਲਕ ਹੈ। ਉਸਨੇ ਆਪਣੇ ਸਥਾਨਕ ਏਜੰਟ ਨੂੰ ਇੱਕ ਜਾਣ-ਪਛਾਣ ਪੱਤਰ ਦੇ ਨਾਲ ਈਮੇਲ ਕੀਤੀ ਅਤੇ ਆਪਣੀ ਸਥਿਤੀ ਬਾਰੇ ਦੱਸਿਆ।
ਨਿਕ ਆਪਣਾ ਕਾਰੋਬਾਰ ਚਲਾਉਂਦਾ ਹੈ, ਇਸ ਲਈ ਉਹ ਆਮਦਨ ਦੇ ਸਬੂਤ ਵਜੋਂ ਟੈਕਸ ਰਿਟਰਨ ਪ੍ਰਦਾਨ ਕਰਨ ਦੇ ਯੋਗ ਸੀ।
ਸ੍ਰੀ ਬੈਡਰ ਕਹਿੰਦੇ ਹਨ, ਇਸ ਤਰੀਕੇ ਨਾਲ ਏਜੰਟਾਂ ਨਾਲ ਸਿੱਧਾ ਸੰਪਰਕ ਕਰਨਾ ਕਿਸੇ ਜਾਇਦਾਦ ਨੂੰ ਸੁਰੱਖਿਅਤ ਕਰਨ ਦੀ ਕੁੰਜੀ ਹੋ ਸਕਦਾ ਹੈ।
ਜੇਕਰ ਤੁਸੀਂ ਔਨਲਾਈਨ ਅਰਜ਼ੀ ਦਿੰਦੇ ਹੋ, ਤਾਂ ਕਿਰਾਏ ਦੀਆਂ ਵੈੱਬਸਾਈਟਾਂ ਅਤੇ ਏਜੰਟ ਔਨਲਾਈਨ ਐਪਲੀਕੇਸ਼ਨ ਟੂਲ ਪ੍ਰਦਾਨ ਕਰਨਗੇ ਜੋ ਭਵਿੱਖ ਦੀਆਂ ਅਰਜ਼ੀਆਂ ਲਈ ਤੁਹਾਡੀ ਜਾਣਕਾਰੀ ਨੂੰ ਸਟੋਰ ਕਰਦੇ ਹਨ।
ਕਿਉਂਕਿ ਇੱਥੇ ਬਹੁਤ ਸਾਰੇ ਪ੍ਰਤੀਯੋਗੀ ਐਪਲੀਕੇਸ਼ਨ ਟੂਲ ਹਨ, ਤੁਹਾਨੂੰ ਆਪਣੇ ਵੇਰਵਿਆਂ ਨੂੰ ਕਈ ਪੋਰਟਲਾਂ 'ਤੇ ਅਪਲੋਡ ਕਰਨ ਲਈ ਕੁਝ ਸਮਾਂ ਲਗਾਉਣ ਦੀ ਜ਼ਰੂਰਤ ਹੋ ਸਕਦੀ ਹੈ।
ਗ੍ਰੇਗ ਬੈਡਰ ਸਿਫ਼ਾਰਿਸ਼ ਕਰਦੇ ਹਨ ਕਿ ਇੱਕ ਸਫਲ ਬਿਨੈਕਾਰ ਬਣਨ ਦੀਆਂ ਸੰਭਾਵਨਾਵਾਂ ਨੂੰ ਵਧਾਉਣ ਦਾ ਰਾਜ਼ ਹੈ ਅਰਜ਼ੀ ਦੇਣ ਤੋਂ ਪਹਿਲਾਂ ਏਜੰਟ ਨਾਲ ਗੱਲ ਕਰਨਾ।
ਛੋਟੇ ਕਾਰੋਬਾਰ ਦੇ ਮਾਲਕ ਨਿਕ ਨੇ ਔਨਲਾਈਨ ਜਾਏ ਬਿਨਾਂ ਆਪਣੀ ਅਗਲੀ ਕਿਰਾਏ ਦੀ ਜਾਇਦਾਦ ਲੱਭੀ।
ਉਸਦੇ ਹਾਲਾਤ ਬਦਲਣ ਤੋਂ ਬਾਅਦ, ਨਿਕ ਨੇ ਇੱਕ ਵੱਡੀ ਜਾਇਦਾਦ ਵਿੱਚ ਜਾਣ ਦੀ ਉਸਦੀ ਲੋੜ ਬਾਰੇ ਸਿੱਧੇ ਆਪਣੇ ਏਜੰਟ ਨਾਲ ਗੱਲ ਕੀਤੀ।
ਨਿਕ ਦੀ ਮੌਜੂਦਾ ਕਿਰਾਏ ਦੀ ਜਾਇਦਾਦ ਬਾਰੇ ਕਦੇ ਵੀ ਕਿਸੇ ਵੈੱਬਸਾਈਟ ਤੇ ਇਸ਼ਤਿਹਾਰ ਨਹੀਂ ਦਿੱਤਾ ਗਿਆ ਸੀ ਕਿਉਂਕਿ ਇਹ ਉਸੇ ਸਮੇਂ ਹੀ ਉਪਲਬਧ ਹੋਈ ਸੀ ਜਦੋਂ ਉਹ ਏਜੰਟ ਕੋਲ ਪਹੁੰਚਿਆ ਸੀ।

ਸ਼੍ਰੀ ਬੈਡਰ ਇਹ ਵੀ ਸੁਝਾਅ ਦਿੰਦੇ ਹਨ ਕਿ ਇੱਕ ਵਾਰ ਜਦੋਂ ਤੁਸੀਂ ਇਹ ਫੈਸਲਾ ਕਰ ਲੈਂਦੇ ਹੋ ਕਿ ਤੁਸੀਂ ਕਿਸ ਖੇਤਰ ਵਿੱਚ ਰਹਿਣਾ ਚਾਹੁੰਦੇ ਹੋ, ਤਾਂ ਤੁਹਾਡੇ ਭਾਈਚਾਰੇ ਨਾਲ ਜੁੜਨਾ ਅਤੇ ਤੁਹਾਡੇ ਨੈੱਟਵਰਕ ਦੀ ਵਰਤੋਂ ਕਰਨਾ ਲਾਭਦਾਇਕ ਹੋ ਸਕਦਾ ਹੈ।
ਬਿਜ਼ਾਨ ਰਹੀਮੀ ਮੈਲਬੌਰਨ ਦੇ ਉੱਤਰ ਵਿੱਚ ਲਵ ਐਂਡ ਕੋ ਰੀਅਲ ਅਸਟੇਟ ਵਿੱਚ ਕਿਰਾਏ ਵਿਭਾਗ ਦਾ ਮੁਖੀ ਹੈ।
ਉਹ ਭਾਸ਼ਾ ਅਤੇ ਸੱਭਿਆਚਾਰਕ ਰੁਕਾਵਟਾਂ ਨੂੰ ਦੂਰ ਕਰਨ ਅਤੇ ਮਕਾਨ ਲੱਭਣ ਵਿੱਚ ਲੋਕਾਂ ਦੀ ਮਦਦ ਕਰਨ ਲਈ ਆਪਣੇ ਸਥਾਨਕ ਫਾਰਸੀ ਬੋਲਣ ਵਾਲੇ ਭਾਈਚਾਰੇ ਨਾਲ ਮਿਲ ਕੇ ਕੰਮ ਕਰਦਾ ਹੈ ।
ਕਮਿਊਨਿਟੀ ਆਊਟਰੀਚ ਸੇਵਾਵਾਂ ਜਿਵੇਂ ਕਿ ਅਡਲਟ ਮਲਟੀਕਲਚ੍ਰਲ ਐਜੂਕੇਸ਼ਨ ਸਰਵਿਸਿਜ਼ (AMES) ਵੀ ਸ਼੍ਰੀ ਰਹੀਮੀ ਨੂੰ ਰਿਹਾਇਸ਼ ਦੀ ਤਲਾਸ਼ ਕਰ ਰਹੇ ਨਵੇਂ ਲੋਕਾਂ ਨਾਲ ਜੋੜਦੀਆਂ ਹਨ।
ਕਿਰਾਏ ਦੇ ਸਰੋਤ ਜਿਵੇਂ ਕਿ rent.com.au ਤੁਹਾਨੂੰ ਕਿਰਾਏ ਬਾਰੇ ਸਾਰੀ ਜਾਣਕਾਰੀ ਮੁਹੱਈਆ ਕਰਾਉਂਦੇ ਹਨ, ਜਿਸ ਵਿੱਚ ਐਪਲੀਕੇਸ਼ਨ ਸੁਝਾਅ ਅਤੇ ਉਮੀਦਾਂ ਸ਼ਾਮਲ ਹਨ ਜਿਵੇਂ ਕਿ ਇੱਕ ਵਾਰ ਜਦੋਂ ਤੁਸੀਂ ਇੱਕ ਜਾਇਦਾਦ ਸੁਰੱਖਿਅਤ ਕਰਨ ਉਪਰੰਤ ਬਾਂਡ ਦਾ ਭੁਗਤਾਨ ਕਰਨਾ ਆਦਿ।






