ਸਿਡਨੀ ਦੀ ਇਨਾਏਆਹ ਮਹਿਜ਼ ਤਿੰਨ ਮਹੀਨੇ ਦੀ ਸੀ ਜਦੋਂ ਉਸਦੀ ਪਹਿਲੀ ਦਿਲ ਦੀ ਸਰਜਰੀ ਕੀਤੀ ਗਈ ਸੀ।
ਉਹ ਜਨਮ ਤੋਂ ‘ਹੀਟਰੋਟੈਕਸੀ ਸਿਨਡਰੋਮ’ ਨਾਲ ਪੈਦਾ ਹੋਈ ਸੀ ਜੋ ਕਿ ਦਿਲ ਦੀ ਦੁਰਲੱਭ ਬਿਮਾਰੀ ਹੈ। ਇਸ ਸਥਿਤੀ ਵਿੱਚ ਦਿਲ ਉਲਟੇ ਪਾਸੇ ਲੱਗਾ ਹੁੰਦਾ ਹੈ ਜਿਸ ਕਾਰਨ ਇਹ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਪਾਉਂਦਾ।
ਇਨਾਏਆਹ ਦੇ ਮਾਪੇ ਉਸਦੀ ਕਹਾਣੀ ਨੂੰ ਸਭ ਤੱਕ ਇੱਕ ਪ੍ਰੇਰਣਾ ਦੇ ਰੂਪ ਵਿੱਚ ਪਹੁੰਚਾਉਣਾ ਚਾਹੁੰਦੇ ਹਨ।
ਇਨਾਏਆਹ ਦੀ ਕਹਾਣੀ ਦਾ ਜ਼ਿਕਰ ਕਰਦਿਆਂ ਮੈਲਬੌਰਨ ਦੇ ਡਾਕਟਰ ਅੰਗਰਾਜ ਖਿੱਲਨ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਉਹਨਾਂ ਪੰਜਾਬੀ ਭਾਈਚਾਰੇ ਵਿੱਚ ਅੰਗਦਾਨ ਨੂੰ ਲੈ ਕੇ ਜਾਗਰੂਕਤਾ ਦੀ ਬਹੁਤ ਘਾਟ ਮਹਿਸੂਸ ਕੀਤੀ ਹੈ।
ਇਸੇ ਬਾਬਤ ਉਹਨਾਂ ਵੱਲੋਂ ਮੈਲਬੌਰਨ ਵਿੱਚ ਹਾਲ ਹੀ ‘ਚ ‘ਟ੍ਰਾਂਸਪਲਾਂਟ ਆਸਟ੍ਰੇਲੀਆ’ ਲਈ ਇੱਕ ਫੰਡਰੇਸਿੰਗ ਪ੍ਰੋਗਰਾਮ ਉਲੀਕੀਆ ਗਿਆ, ਜਿਸ ਵਿੱਚ ਵੱਡੀ ਗਿਣਤੀ ‘ਚ ਲੋਕਾਂ ਦੀ ਸ਼ਮੂਲੀਅਤ ਨੂੰ ਦੇਖ ਡਾਕਟਰ ਅੰਗਰਾਜ ਖਿੱਲਨ ਨੇ ਤਸੱਲੀ ਜਾਹਰ ਕੀਤੀ।

ਇਸ ਪ੍ਰੋਗਰਾਮ ਵਿੱਚ ਇਨਾਏਆਹ ਵੀ ਆਪਣੀ ਕਹਾਣੀ ਸਾਂਝੀ ਕਰਨ ਪਹੁੰਚੀ ਸੀ।
ਇਸ ਉਪਰਾਲੇ ਬਾਰੇ ਗੱਲ ਕਰਦਿਆਂ ਡਾਕਟਰ ਅੰਗਰਾਜ ਖਿਲੱਨ ਨੇ ਦੱਸਿਆ ਕਿ ਇਨਾਏਆਹ ਵਰਗੇ ਹੋਰ ਵੀ ਬਹੁਤ ਲੋਕਾਂ ਨੇ ਆਪਣੀ ਕਹਾਣੀ ਸਾਂਝੀ ਕੀਤੀ ਜਿੰਨ੍ਹਾਂ ਦੀ ਜ਼ਿੰਦਗੀ ਅੰਗ ਦਾਨ ਨਾਲ ਪੂਰੀ ਤਰ੍ਹਾਂ ਬਦਲ ਗਈ ਸੀ।

ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦਿਆਂ ਉਹਨਾਂ ਭਾਈਚਾਰੇ ਦੇ ਨਾਂ ਸੁਨੇਹਾ ਸਾਂਝਾਂ ਕਰਦਿਆਂ ਕਿਹਾ ਕਿ ਸਾਰਿਆਂ ਨੂੰ ਅੰਗਦਾਨ ਲਈ ਰਜਿਸਟਰ ਕਰਨਾ ਚਾਹੀਦਾ ਹੈ ਕਿਉਂਕਿ ਇੱਕ ਇਨਸਾਨ ਆਪਣੀ ਮੌਤ ਤੋਂ ਬਾਅਦ ਵੀ ਸੱਤ ਲੋਕਾਂ ਨੂੰ ਨਵੀਂ ਜ਼ਿੰਦਗੀ ਦੇ ਸਕਦਾ ਹੈ।
ਭਾਈਚਾਰੇ ਵਿੱਚ ਅੰਗਦਾਨ ਨੂੰ ਲੈ ਕੇ ਜਾਗਰੂਕਤਾ ਅਤੇ ਪ੍ਰੇਰਣਾ ਦਾ ਇੱਕ ਹੋਰ ਸਰੋਤ ਮੈਲਬੌਰਨ ਰਹਿੰਦੇ ਮਨਮੋਹਨ ਸਿੰਘ ਸਕਸੈਨਾ ਅਤੇ ਉਹਨਾਂ ਦੇ ਪਤਨੀ ਗੁਰਜਿੰਦਰ ਕੌਰ ਹਨ।
ਮਨਮੋਹਨ ਸਿੰਘ ਸਕਸੇਨਾ ਨੇ ਆਪਣੀ ਮੌਤ ਤੋਂ ਬਾਅਦ ਆਪਣੇ ਸ਼ਰੀਰ ਨੂੰ ਮੈਡੀਕਲ ਰਿਸਰਚ ਲਈ ਦਾਨ ਕਰਨ ਲਈ ਸੂਚੀਬੱਧ ਕੀਤਾ ਹੈ ਅਤੇ ਉਹਨਾਂ ਦੀ ਪਤਨੀ ਗੁਰਜਿੰਦਰ ਕੌਰ ਨੇ ਮੌਤ ਤੋਂ ਬਾਅਦ ਆਪਣੇ ਸ਼ਰੀਰ ਦੇ ਅੰਗ ਦਾਨ ਕਰਨ ਦੀ ਸੂਚੀ ਵਿੱਚ ਆਪਣਾ ਨਾਂ ਸ਼ਾਮਲ ਕੀਤਾ ਹੈ।
ਮਨਮੋਹਨ ਸਿੰਘ ਸਕਸੇਨਾ ਅਤੇ ਗੁਰਜਿੰਦਰ ਕੌਰ ਦਾ ਮੰਨਣਾ ਹੈ ਕਿ ਅੰਗ ਦਾਨ ਜਾਂ ਸਰੀਰ ਦਾਨ ਕਰਨ ਨੂੰ ਭਾਈਚਾਰੇ ਵਿੱਚ ਬਹੁਤ ਘੱਟ ਅਹਿਮੀਅਤ ਦਿੱਤੀ ਜਾਂਦੀ ਹੈ ਅਤੇ ਇਸਨੂੰ ਲੈ ਕੇ ਆਮ ਤੋਰ ‘ਤੇ ਬਹੁਤ ਸਾਰੇ ਵਹਿਮ ਤੇ ਭਰਮ ਵੀ ਦੇਖਣ ਨੂੰ ਮਿਲਦੇ ਹਨ।
ਹੋਰ ਵੇਰਵੇਆਂ ਲਈ ਆਡੀਓ ਇੰਟਰਵਿਊ ਇੱਥੇ ਸੁਣੋ:
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ।







