ਮੈਲਬੌਰਨ ਵਸਨੀਕ ਮਨਜਿੰਦਰ ਕੌਰ ਕਹਿਲ ਡਰਾਇਵਿੰਗ ਵਿੱਚ ਆਪਣੀ ਦਿਲਚਸਪੀ ਦੇ ਚਲਦਿਆਂ ਲਿੰਗੀ-ਰਵਾਇਤਾਂ ਦੇ ਉਲਟ ਇੱਕ ਮਰਦ-ਪ੍ਰਧਾਨ ਕਿੱਤੇ ਵਿੱਚ ਪਿਛਲੇ ਇੱਕ ਸਾਲ ਤੋਂ ਬੱਸ ਚਲਾ ਰਹੀ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਕੁੱਝ ਸਾਲਾਂ ਵਿੱਚ ਡਰਾਈਵਰੀ ਸਨਅਤ ਵਿੱਚ ਔਰਤ ਡਰਾਇਵਰਾਂ ਦੀ ਗਿਣਤੀ 'ਚ ਵਾਧਾ ਹੋਇਆ ਹੈ ਪਰ ਹਾਲੇ ਵੀ ਇਹ ਬਾਕੀ ਨੌਕਰੀਆਂ ਦੇ ਮੁਕਾਬਲਤਨ ਕਾਫੀ ਘੱਟ ਹੈ।

Melbourne based woman bus driver and a Sikh volunteer Manjinder Kaur Kehal.
ਪੰਜਾਬ ਦੇ ਸੰਗਰੂਰ ਜ਼ਿਲ੍ਹੇ 'ਚ ਪੈਂਦੇ ਪਿੰਡ ਫਰਵਾਲ਼ੀ ਦੀ ਜੰਮਪਲ ਮਨਜਿੰਦਰ ਕੌਰ ਕਹਿਲ 2015 ਵਿੱਚ ਆਸਟ੍ਰੇਲੀਆ ਆਈ ਤੇ ਉਸ ਅਨੁਸਾਰ ਉਹ ਕੁੱਝ ਹੀ ਸਾਲਾਂ ਵਿੱਚ ਇਸ ਨਵੇਂ ਮੁਲਕ ਵਿੱਚ ਬਹੁਤ ਚੰਗੇ ਤਰੀਕੇ ਨਾਲ ਰਚਮਿਚ ਗਈ ਹੈ ।
ਐਸ ਬੀ ਐਸ ਪੰਜਾਬੀ ਨਾਲ ਆਪਣਾ ਸਫ਼ਰ ਸਾਂਝਾ ਕਰਦੇ ਹੋਏ ਮਨਜਿੰਦਰ ਕਹਿੰਦੀ ਹੈ ਕਿ ਡਰਾਇਵਿੰਗ ਦਾ ਕਿੱਤਾ ਅਪਨਾਉਣ ਤੋਂ ਪਹਿਲਾਂ ਉਸਦੇ ਮਨ ਵਿੱਚ ਚਿੰਤਾ ਸੀ ਕਿ ਸੈਂਕੜੇ ਸਵਾਰੀਆਂ ਦੀ ਜਿੰਮੇਵਾਰੀ ਬੱਸ ਡਰਾਈਵਰ ਦੇ ਹੱਥ ਹੁੰਦੀ ਹੈ।
ਪਰ ਹੁਣ ਮਨਜਿੰਦਰ ਨੂੰ ਆਪਣੇ ਕੰਮ 'ਤੇ ਮਾਣ ਹੈ।
'ਸਾਈਕਲ ਤੋਂ ਬੱਸ ਤੱਕ ਦਾ ਸਫ਼ਰ'
ਮਨਜਿੰਦਰ ਕੌਰ ਕਹਿਲ ਦਾ ਕਹਿਣਾ ਹੈ ਕਿ ਉਸਦਾ ਸਫ਼ਰ ਪਿੰਡ 'ਚ ਸਾਈਕਲ ਤੋਂ ਸ਼ੁਰੂ ਹੋਇਆ ਸੀ ਤੇ ਅੱਜ ਵਿਦੇਸ਼ਾਂ ਵਿੱਚ ਆ ਕੇ ਕੁੱਝ ਹੀ ਸਾਲਾਂ ਵਿੱਚ ਉਹ ਬੱਸ ਚਲਾਉਣ ਤੱਕ ਪਹੁੰਚ ਗਈ ਹੈ ।
'ਓਦੋਂ ਮੇਰਾ ਜੇਰਾ ਮਾਣ ਨਾਲ ਦੁੱਗਣਾ ਹੋ ਜਾਂਦਾ ਹੈ ਜਦੋਂ ਮੇਰੇ ਯਾਤਰੀ ਮੁਸਕਰਾਹਟ ਨਾਲ ਸਵਾਗਤ ਕਰਦੇ ਹਨ ਅਤੇ ਜਾਨ ਲੱਗੇ ਨਿਮਰਤਾ ਨਾਲ ਧੰਨਵਾਦ ਕਰਦੇ ਹੋਏ ਬੱਸ ਤੋਂ ਉਤਰਦੇ ਹਨ।"
ਮਨਜਿੰਦਰ ਅਨੁਸਾਰ ਕੁੜੀਆਂ ਲਈ ਵੱਡਾ ਚੈਲੇਜ ਹੋ ਜਾਂਦਾ ਹੈ ਜਦੋਂ ਬਿਨਾ ਫੋਨ ਦੀ ਮੱਦਦ ਲਏ ਸਾਰੇ ਰੂਟ ਯਾਦ ਰੱਖਣੇ ਪੈਂਦੇ ਹਨ ਤੇ ਨਾਲ ਸਵਾਰੀਆਂ ਨੂੰ ਉਹਨਾਂ ਦੀ ਮੰਜਿਲ ਤੇ ਪਹੁੰਚਾਉਣਾ ਹੁੰਦਾ ਹੈ ।

ਇਸ ਦੇ ਨਾਲ ਨਾਲ ਬਜ਼ੁਰਗ ਪ੍ਰਵਾਸੀ ਮਾਪਿਆਂ ਦੇ ਸੈਰ-ਸਪਾਟੇ ਅਤੇ ਸਰੀਰਕ ਤੇ ਮਾਨਸਿਕ ਸਿਹਤਯਾਬੀ ਲਈ ਕੋਸ਼ਿਸ਼ ਕਰ ਰਹੇ 'ਕੀਨਏਜਰ ਕਲੱਬ' ਦੀਆਂ ਬੱਸਾਂ ਵਿੱਚ ਭਾਈਚਾਰੇ ਦੇ ਬਜ਼ੁਰਗਾਂ ਨੂੰ ਘੁਮਾਉਣ ਦੀ ਜਿੰਮੇਵਾਰੀ ਵੀ ਮਨਜਿੰਦਰ ਨੇ ਲਈ ਹੋਈ ਹੈ।
ਮਨਜਿੰਦਰ ਦਾ ਕਹਿਣਾ ਹੈ ਕਿ ਇੰਨ੍ਹਾ ਸਭ ਕੁੱਝ ਉਸ ਦੇ ਸੁਹਰੇ ਪਰਿਵਾਰ ਦੇ ਅਣਥੱਕ ਸਹਿਯੋਗ ਕਰਕੇ ਹੀ ਮੁਮਕਿਨ ਹੋ ਪਾਇਆ ਹੈ।
ਮਨਜਿੰਦਰ ਕੌਰ ਦੀ ਪੂਰੀ ਕਹਾਣੀ ਇਸ ਇੰਟਰਵਿਊ ਰਾਹੀਂ ਸੁਣੋ....