ਸਭ ਦੇ ਮਨਾਂ ਵਿੱਚ ਇਹ ਇੱਕ ਆਮ ਧਾਰਨਾ ਹੈ ਕਿ ਆਸਟ੍ਰੇਲੀਆ ਵਿੱਚ ਸਾਨੂੰ ਵਿਰੋਧ ਪ੍ਰਦਰਸ਼ਨ ਕਰਨ ਦਾ ਪੂਰਾ ਹੱਕ ਹੈ ਜਦਕਿ ਸਾਡੇ ਸੰਵਿਧਾਨ ਵਿੱਚ ਅਜਿਹੇ ਕਿਸੇ ਅਧਿਕਾਰ ਦਾ ਜ਼ਿਕਰ ਨਹੀਂ ਹੈ।
ਨਿਊ ਸਾਊਥ ਵੇਲਜ਼ ਯੂਨੀਵਰਸਿਟੀ ਵਿੱਚ ਕਾਨੂੰਨ ਅਤੇ ਨਿਆਂ ਵਿਭਾਗ ਦੇ ਇੱਕ ਪ੍ਰੋਫੈਸਰ ਲਿਊਕ ਮੈਕਨਮਾਰਾ ਦਾ ਕਹਿਣਾ ਹੈ ਕਿ "ਵਿਕਟੋਰੀਆ, ਏ.ਸੀ.ਟੀ ਅਤੇ ਕੁਈਨਜ਼ਲੈਂਡ ਦੇ ਮਨੁੱਖੀ ਅਧਿਕਾਰਾਂ ਵਾਲੇ ਖੇਤਰਾਂ ਵਿੱਚ ਸ਼ਾਂਤੀਪੂਰਨ ਅਸੈਂਬਲੀ ਦੇ ਅਧਿਕਾਰ ਦੀ ਸਪੱਸ਼ਟ ਮਾਨਤਾ ਇਸ ਦੀਆਂ ਕੁੱਝ ਉਦਾਹਰਣਾਂ ਹਨ।"
"ਪਰ ਦੇਸ਼ ਦੇ ਬਹੁਤੇ ਹਿੱਸਿਆਂ ਅਤੇ ਰਾਸ਼ਟਰੀ ਤੌਰ 'ਤੇ, ਅਜਿਹੀ ਕੋਈ ਖਾਸ ਜਗ੍ਹਾ ਨਹੀਂ ਹੈ ਜਿੱਥੇ ਇਹ ਕਿਹਾ ਗਿਆ ਹੋਵੇ ਕਿ ਤੁਹਾਨੂੰ ਵਿਰੋਧ ਕਰਨ ਦਾ ਅਧਿਕਾਰ ਹੈ, ਪਰ ਅਸੀਂ ਇਹ ਕਾਨੂੰਨ ਪਰੰਪਰਾ ਦਾ ਹਿੱਸਾ ਬਣਾ ਲਿਆ ਹੈ ਕਿ ਸਾਨੂੰ ਵਿਰੋਧ ਕਰਨ ਦਾ ਅਧਿਕਾਰ ਹੈ।"
ਵਿਰੋਧ ਕਰਨ ਸਬੰਧੀ ਕਾਨੂੰਨ ਪੂਰੇ ਆਸਟ੍ਰੇਲੀਆ ਵਿੱਚ ਵੱਖੋ-ਵੱਖ ਹਨ ਅਤੇ ਇਹ ਵਿਆਪਕ ਤੇ ਅਸਪੱਸ਼ਟ ਹੋ ਸਕਦੇ ਹਨ।
ਕੁਈਨਜ਼ਲੈਂਡ ਅਤੇ ਪੱਛਮੀ ਆਸਟ੍ਰੇਲੀਆ ਵਿੱਚ ‘ਮਾਈਨਿੰਗ’ ਇੱਕ ਬਹੁਤ ਵੱਡਾ ਉਦਯੋਗ ਹੈ ਜੋ ਕਿ ਬਹੁਤ ਸਾਰੇ ਜਨਤਕ ਪੜਤਾਲਾਂ ਨੂੰ ਆਕਰਸ਼ਿਤ ਕਰਦਾ ਹੈ, ਇਸ ਲਈ ਇਹਨਾਂ ਰਾਜਾਂ ਵਿੱਚ ਵਿਰੋਧ ਪ੍ਰਦਰਸ਼ਨਾਂ ਨੂੰ ਲੈ ਕੇ ਜ਼ਿਆਦਾ ਸਖ਼ਤ ਕਾਨੂੰਨ ਹਨ।
ਕਿਸੇ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਲਈ ਤੁਹਾਡੇ ਉੱਤੇ ਕੋਈ ਚਾਰਜ ਨਹੀਂ ਲੱਗ ਸਕਦਾ ਹਾਲਾਂਕਿ ਵਿਰੋਧ ਕਰਦੇ ਸਮੇਂ ਜੇਕਰ ਤੁਹਾਡਾ ਵਿਵਹਾਰ ਅਸਵੀਕਾਰਨਯੋਗ ਹੈ ਤਾਂ ਤੁਹਾਡੇ ਉੱਤੇ ਦੋਸ਼ ਲਗਾਏ ਜਾ ਸਕਦੇ ਹਨ।

ਅਸਵੀਕਾਰਨਯੋਗ ਵਿਵਹਾਰ ਕਿਸਨੂੰ ਮੰਨਿਆ ਜਾਂਦਾ ਹੈ?
ਸਮਾਜ ਵਿਰੋਧੀ ਵਿਵਹਾਰ, ਜਿਵੇਂ ਕਿ ਦੂਜਿਆਂ ਨੂੰ ਨੁਕਸਾਨ ਪਹੁੰਚਾਉਣਾ ਅਤੇ ਜਾਇਦਾਦ ਨੂੰ ਨੁਕਸਾਨ ਪਹੁੰਚਾਉਣਾ, ਇੱਕ ਵਿਰੋਧ ਪ੍ਰਦਰਸ਼ਨ ਵਿੱਚ ਅਸਵੀਕਾਰਨਯੋਗ ਹੈ।
ਐਮਨੈਸਟੀ ਇੰਟਰਨੈਸ਼ਨਲ ਦੀ ਪ੍ਰਚਾਰਕ ਨਿਕਿਤਾ ਵ੍ਹਾਈਟ ਦਾ ਕਹਿਣਾ ਹੈ ਕਿ ਵਿਰੋਧ ਪ੍ਰਦਰਸ਼ਨ ਨਾਲ ਸਬੰਧਤ ਬੈਨਰ, ਪੋਸਟਰ ਅਤੇ ਕਲਾ ਦੇ ਕੰਮਾਂ ਨੂੰ ਲੈ ਕੇ ਜਾਣਾ ਮਨਜ਼ੂਰ ਹੈ ਪਰ ਤੁਹਾਨੂੰ ਕੋਈ ਅਜਿਹੀ ਚੀਜ਼ ਪ੍ਰਦਰਸ਼ਨ ਵਿੱਚ ਨਹੀਂ ਲੈ ਕੇ ਜਾਣੀ ਚਾਹੀਦੀ ਜੋ ਕਿ ਪੁਲਿਸ ਵਲੋਂ ਜਾਂਚ ਕੀਤੇ ਜਾਣ ਉੱਤੇ ਕਿਸੇ ਨੂੰ ਨੁਕਸਾਨ ਪਹੁੰਚਾਉਣ ਵਾਲੀ ਨਿਕਲੇ।
ਧਰਨੇ ਦੌਰਾਨ ਪੈਣ ਵਾਲੇ ਵਿਘਨ
ਸਟ੍ਰੀਟ ਮਾਰਚ ਦੌਰਾਨ ਬਹੁਤ ਸਾਰੇ ਲੋਕਾਂ ਦੀ ਰੂਟੀਨ ਵਿੱਚ ਵਿਘਨ ਪੈਂਦਾ ਹੈ। ਅਜਿਹੇ ਹਾਲਾਤਾਂ ਨੇ ਹੀ ਸਰਕਾਰ ਉੱਤੇ ਦਬਾਅ ਪਾਇਆ ਹੈ ਜੋ ਉਹਨਾਂ ਨੂੰ ਨਵੀਆਂ ਪਾਬੰਦੀਆਂ ਲਾਗੂ ਕਰਨ ਲਈ ਪ੍ਰੇਰਿਤ ਕਰਦੇ ਹਨ।
ਪ੍ਰੋਫੈਸਰ ਮੈਕਨਮਾਰਾ ਮੰਨਦੇ ਹਨ ਕਿ ਜੇਕਰ ਅਸੀਂ ਪ੍ਰਦਰਸ਼ਨ ਕਰਨ ਦਾ ਅਧਿਕਾਰ ਚਾਹੁੰਦੇ ਹਾਂ ਤਾਂ ਸਾਨੂੰ ਕੁੱਝ ਰੁਕਾਵਟਾਂ ਲਈ ਵੀ ਤਿਆਰ ਰਹਿਣਾ ਪਵੇਗਾ।
ਇਹ ਕਹਿਣਾ ਉਚਿਤ ਹੈ ਕਿ ਵਿਰੋਧ ਪ੍ਰਦਰਸ਼ਨ ਕਿਸੇ ਨਾ ਕਿਸੇ ਵਿਘਨ ਨੂੰ ਪੈਦਾ ਕਰਦੇ ਹਨ।Professor Luke McNamara, Faculty of Law and Justice, UNSW
ਪੂਰੇ ਆਸਟ੍ਰੇਲੀਆ ਵਿੱਚ ਕਿਸੇ ਪ੍ਰਮੁੱਖ ਬੰਦਰਗਾਹ, ਸੜਕ ਜਾਂ ਲਾਗਿੰਗ ਖੇਤਰ ਵਰਗੇ ਨਾਜ਼ੁਕ ਕਾਰੋਬਾਰ ਦੇ ਸਥਾਨ ਉੱਤੇ ਵਿਰੋਧ ਕਰਨਾ ਜਾਂ ਲੋਕਾਂ ਨੂੰ ਕੰਮ ਉੱਤੇ ਜਾਣ ਤੋਂ ਰੋਕਣਾ ਵਿਰੋਧ ਪ੍ਰਦਰਸ਼ਨ ਦੇ ਕਾਨੂੰਨਾਂ ਦੇ ਖਿਲਾਫ ਹੋ ਸਕਦਾ ਹੈ।

ਡਾ. ਸਾਰਾਹ ਮੋਲਡਜ਼ ਦੱਖਣੀ ਆਸਟ੍ਰੇਲੀਆ ਦੀ ਯੂਨੀਵਰਸਿਟੀ ਵਿੱਚ ਕਾਨੂੰਨ ਦੀ ਐਸੋਸੀਏਟ ਪ੍ਰੋਫੈਸਰ ਹੈ। ਉਹਨਾਂ ਦਾ ਕਹਿਣਾ ਹੈ ਕਿ ਜ਼ਿਆਦਾ ਗੰਭੀਰ ਮਾਮਲਿਆਂ ਵਿੱਚ ਤੁਹਾਨੂੰ ਦੋ ਸਾਲ ਤੱਕ ਦੀ ਕੈਦ ਸਮੇਤ ਭਾਰੀ ਜ਼ੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਰੁਕਾਵਟਾਂ ਤੋਂ ਇਲਾਵਾ ਆਸਟ੍ਰੇਲੀਆ ਵਿੱਚ ਆਮ ਤੌਰ ਉੱਤੇ ਲਗਾਏ ਜਾਂਦੇ ਦੋਸ਼ਾਂ ਵਿੱਚ ਉਲੰਘਣਾ ਕਰਨਾ, ਭੇਸ ਬਦਲ ਕੇ ਵਿਰੋਧ ਕਰਨਾ, ਐਮਰਜੈਨਸੀ ਕਰਮਚਾਰੀ ਨੂੰ ਰੋਕਣਾ, ਧਮਕੀ ਜਾਂ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਨਾ ਅਤੇ ਜਾਇਦਾਦ ਨੂੰ ਨੁਕਸਾਨ ਪਹੁੰਚਾਉਣਾ ਸ਼ਾਮਲ ਹੈ।
ਸ਼੍ਰੀਮਤੀ ਵ੍ਹਾਈਟ ਇਸ ‘ਤੇ ਸਪੱਸ਼ਟੀਕਰਨ ਦਿੰਦਿਆਂ ਦੱਸਦੇ ਹਨ ਕਿ ਅਸਲ ਵਿੱਚ ਜਿਹੜੇ ਪ੍ਰਦਰਸ਼ਨਕਾਰੀ ਬਹੁਤ ਜ਼ਿਆਦਾ ਸਮਾਜ ਵਿਰੋਧੀ ਵਿਵਹਾਰ ਦਿਖਾਉਂਦੇ ਹਨ ਉਹਨਾਂ ਨੂੰ ਹੀ ਗ੍ਰਿਫਤਾਰ ਕੀਤਾ ਜਾਂਦਾ ਹੈ।
ਸਖ਼ਤ ਹੋ ਰਹੇ ਕਾਨੂੰਨ
ਹਾਲ ਹੀ ਵਿੱਚ ਪ੍ਰਦਰਸ਼ਨ ਕਰਨ ਦੇ ਕਾਨੂੰਨ ਦੇ ਸਖ਼ਤ ਹੋਣ ਕਾਰਨ ਆਸਟ੍ਰੇਲੀਆ ਦੇ ਲੋਕ ਵਿਰੋਧ ਪ੍ਰਦਰਸ਼ਨ ਕਰਨ ਬਾਰੇ ਗੰਭੀਰਤਾ ਨਾਲ ਸੋਚਣ ਲੱਗ ਪਏ ਹਨ।
ਡਾਕਟਰ ਮੋਲਡਜ਼ ਦਾ ਕਹਿਣਾ ਹੈ ਕਿ ਮਨੁੱਖੀ ਅਧਿਕਾਰ ਕਾਨੂੰਨ ਕੇਂਦਰ ਨੇ ਪਿਛਲੇ 20 ਸਾਲਾਂ ਵਿੱਚ ਕਾਨੂੰਨ ਨੂੰ ਬਦਲਣ ਦੀਆਂ ਕੋਸ਼ਿਸ਼ਾਂ ਸਣੇ 34 ਵਿਰੋਧ ਬਿੱਲਾਂ ਦੀ ਰਿਪੋਰਟ ਕੀਤੀ ਹੈ ਜਿੰਨਾਂ ਵਿੱਚੋਂ 26 ਪਾਸ ਕੀਤੇ ਗਏ ਹਨ।
ਆਗਿਆ ਲੈਣੀ
ਇਸੇ ਲਈ ਆਸਟ੍ਰੇਲੀਆ ਵਿੱਚ ਵਿਰੋਧ ਕਰਨ ਦਾ ਇੱਕ ਜ਼ਰੂਰੀ ਹਿੱਸਾ ਵਿਰੋਧ ਕਰਨ ਸਬੰਧੀ ਰਸਮੀ ਤੌਰ ੳੱਤੇ ਪ੍ਰਵਾਨਗੀ ਪ੍ਰਾਪਤ ਕਰਨਾ ਹੈ।
ਜੇਕਰ ਤੁਸੀਂ ਇੱਕ ਵੱਡੀ ਜਨਤਕ ਅਸੈਂਬਲੀ ਦੀ ਯੋਜਨਾ ਬਣਾ ਰਹੇ ਹੋ ਜਿਵੇਂ ਕਿ ਇੱਕ ਸਟ੍ਰੀਟ ਮਾਰਚ ਦੀ ਤਾਂ ਤੁਸੀਂ ਪੁਲਿਸ ਜਾਂ ਆਪਣੀ ਸਥਾਨਕ ਸਰਕਾਰ ਨੂੰ ਇਸਦੀ ਇਜਾਜ਼ਤ ਦੇਣ ਲਈ ਲਿਖ ਸਕਦੇ ਹੋ। ਜ਼ਿਆਦਾਤਰ ਸਥਾਨਾਂ ਉੱਤੇ ਤੁਹਾਨੂੰ ਇਸਦੀ ਮਨਜ਼ੂਰੀ ਮਿਲ ਜਾਵੇਗੀ।
ਪ੍ਰੋਫੇਸਰ ਮੈਕਨਾਮਾਰਾ ਦਾ ਕਹਿਣਾ ਹੈ ਕਿ ਇਸ ਨਾਲ ਤੁਸੀਂ ਪੁਲਿਸ ਵਲੋਂ ਪ੍ਰਦਰਸ਼ਨ ਬੰਦ ਕਰਵਾਉਣ ਦੇ ਕੁੱਝ ਮੁੱਖ ਕਾਰਕਾਂ ਤੋਂ ਬੱਚ ਜਾਂਦੇ ਹੋ।
ਇੱਕ ਅਧਿਕਾਰਤ ਤੌਰ ਉੱਤੇ ਕੀਤਾ ਗਿਆ ਵਿਰੋਧ ਤੁਹਾਨੂੰ ਇਸ ਗੱਲ ਦੀ ਤਸੱਲੀ ਦਿੰਦਾ ਹੈ ਕਿ ਪੁਲਿਸ ਇਸ ਵਿੱਚ ਦਖ਼ਲ ਨਹੀਂ ਦੇਵੇਗੀ ਅਤੇ ਨਹੀਂ ਹੀ ਭੀੜ ਨੂੰ ਉਥੋਂ ਹਟਾਏਗੀ।
ਹਾਲਾਂਕਿ ਨਿਕਿਤਾ ਵ੍ਹਾਈਟ ਦਾ ਕਹਿਣਾ ਹੈ ਕਿ ਪੁਲਿਸ ਪ੍ਰਵਾਨਿਤ ਵਿਰੋਧ ਪ੍ਰਦਰਸ਼ਨ ਵਿੱਚ ਵੀ ਸ਼ਾਮਲ ਹੋ ਸਕਦੀ ਹੈ ਜਿਵੇਂ ਕਿ ਟ੍ਰੈਫਿਕ ਨੂੰ ਨਿਯੰਤਰਣ ਕਰਨ ਲਈ।

ਜੇਕਰ ਤੁਹਾਨੂੰ ਨਜ਼ਰਬੰਦ ਕੀਤਾ ਜਾਂਦਾ ਹੈ
ਜੇਕਰ ਤੁਹਾਨੁੰ ਨਜ਼ਰਬੰਦ ਵੀ ਕੀਤਾ ਜਾਂਦਾ ਹੈ ਤਾਂ ਕਮਿਊਨਿਟੀ ਲੀਗਲ ਸੈਂਟਰ ਇਹ ਯਕੀਨੀ ਬਣਾਉਂਦੇ ਹਨ ਕਿ ਤੁਹਾਡੇ ਅਧਿਕਾਰਾਂ ਦਾ ਸਨਮਾਨ ਕੀਤਾ ਜਾਵੇ।
ਜ਼ਿਆਦਾਤਰ ਵਿਰੋਧ-ਸਬੰਧਤ ਦੋਸ਼ਾਂ ਵਿੱਚ ਜੇਲ ਦੀ ਬਜਾਏ ਜ਼ੁਰਮਾਨੇ ਹੀ ਲਗਾਏ ਜਾਂਦੇ ਹਨ। ਡਾਕਟਰ ਮੌਲਡਜ਼ ਦੱਸਦੇ ਹਨ ਕਿ ਆਮ ਤੌਰ ਉੱਤੇ ਇਹ ਕੁੱਝ ਸੌ ਡਾਲਰਾਂ ਤੋਂ ਵੱਧ ਨਹੀਂ ਹੁੰਦੇ।
ਅਸੀਂ ਖੁਸ਼ਕਿਸਮਤੀ ਨਾਲ ਅਜਿਹੇ ਸਮਾਜ ਵਿੱਚ ਰਹਿੰਦੇ ਹਾਂ ਜਿੱਥੇ ਪੁਲਿਸ ਅਤੇ ਸਰਕਾਰੀ ਵਕੀਲ ਅਤੇ ਜੱਜ ਅਸਲ ਵਿੱਚ ਅਜੇ ਵੀ ਇਸ ਆਜ਼ਾਦੀ ਦੀ ਕਦਰ ਕਰਦੇ ਹਨ ਅਤੇ ਇਸ ਲਈ ਸਭ ਤੋਂ ਗੰਭੀਰ ਜ਼ੁਰਮਾਨੇ ਲਾਗੂ ਨਹੀਂ ਕਰ ਰਹੇ ਹਨ।Dr Sarah Moulds, Associate Professor, Law, University of South Australia
ਆਪਣੇ ਹੱਕਾਂ ਬਾਰੇ ਜਾਣੋ
ਹਿਊਮਨ ਰਾਈਟਸ ਲਾਅ ਸੈਂਟਰ, ਐਮਨੈਸਟੀ ਇੰਟਰਨੈਸ਼ਨਲ ਅਤੇ ਸਿਵਲ ਲਿਬਰਟੀਜ਼ ਲਈ ਨਿਊ ਸਾਊਥ ਵੇਲਜ਼ ਕੌਂਸਲ ਵਰਗੀਆਂ ਸੰਸਥਾਵਾਂ ਪੂਰੇ ਆਸਟ੍ਰੇਲੀਆ ਵਿੱਚ ਵਿਰੋਧ ਪ੍ਰਦਰਸ਼ਨ ਅਤੇ ਕਾਨੂੰਨ ਬਾਰੇ ਸਹੀ ਜਾਣਕਾਰੀ ਪ੍ਰਦਾਨ ਕਰ ਸਕਦੀਆਂ ਹਨ।














