ਯੂਨੀਵਰਸਿਟੀ ਆਫ ਮੈਲਬੋਰਨ ਦੀ ਮੈਡੀਕਲ ਵਿਦਿਆਰਥਣ ਜਸਰਾਜ ਸਿੰਘ ਨੂੰ 2022 ਦਾ ਨੈਸ਼ਨਲ ਮੈਡੀਕਲ ਸਟੂਡੈਂਟ ਆਫ ਦੀ ਯੀਅਰ ਐਵਾਰਡ ਮਿਲਿਆ ਹੈ। ਇਹ ਪੁਰਸਕਾਰ ਹਰ ਸਾਲ ਇੱਕ ਮੈਡੀਕਲ ਵਿਦਿਆਰਥੀ ਨੂੰ ਦਿੱਤਾ ਜਾਂਦਾ ਹੈ ਜੋ ਪੇਂਡੂ ਸਿਹਤ ਪ੍ਰਤੀ ਜਨੂੰਨ ਅਤੇ ਮਜ਼ਬੂਤ ਵਚਨਬੱਧਤਾ ਦਾ ਪ੍ਰਦਰਸ਼ਨ ਕਰਦਾ ਹੈ।
ਆਪਣੇ ਸਫ਼ਰ ਬਾਰੇ ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ, 24 ਸਾਲਾ ਜਸਰਾਜ ਨੇ ਦੱਸਿਆ ਕਿ ਜ਼ਿੰਦਗੀ ਦਾ ਜ਼ਿਆਦਾ ਸਮਾਂ ਉਸ ਨੇ ਸਨਸ਼ਾਈਨ ਕੋਸਟ 'ਤੇ ਨੰਬੌਰ ਵਿੱਚ ਆਪਣੇ ਪਰਿਵਾਰ ਦੇ ਫਾਰਮ 'ਤੇ ਬਿਤਾਇਆ ਹੈ।

ਆਪਣੇ ਹਾਈ ਸਕੂਲ ਦੇ ਦਿਨਾਂ ਦੌਰਾਨ ਸਥਾਨਕ ਨੰਬੌਰ ਹਸਪਤਾਲ ਦੇ ਇੱਕ ਬਾਲ ਚਿਕਿਤਸਕ ਵਾਰਡ ਵਿੱਚ ਕੀਤੇ ਸਵੈ-ਇੱਛਤ ਕੰਮ ਨੇ ਪੇਂਡੂ ਸਿਹਤ ਵਿੱਚ ਜਸਰਾਜ ਦੀ ਦਿਲਚਸਪੀ ਜਗਾਈ ।
ਉਸ ਨੇ ਕਿਹਾ ਕਿ “ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਕੰਮ ਕਰਨਾ, ਡਾਕਟਰਾਂ ਨੂੰ ਹਰ ਰੋਜ਼ ਜ਼ਿੰਦਗੀਆਂ ਨੂੰ ਪ੍ਰਭਾਵਿਤ ਕਰਦੇ ਦੇਖਣਾ, ਮੇਰੇ ਲਈ ਪ੍ਰੇਰਨਾਦਾਇਕ ਸੀ।"
"ਮੈਨੂੰ ਅਹਿਸਾਸ ਹੋਇਆ ਕਿ ਮੈਨੂੰ ਵਿਗਿਆਨ ਅਤੇ ਲੋਕਾਂ ਨਾਲ ਕੰਮ ਕਰਨਾ ਪਸੰਦ ਹੈ।"
ਆਪਣੀ ਡਾਕਟਰੀ ਸਿਖਲਾਈ ਦੇ ਦੌਰਾਨ, ਜਸਰਾਜ ਨੇ ਸ਼ੈਪਰਟਨ, ਵੈਂਗਰਾਟਾ, ਬੈਲਾਰੈਟ, ਬੇਂਡੀਗੋ ਅਤੇ ਕੇਰਨਸ ਦੇ ਪੇਂਡੂ ਖੇਤਰਾਂ ਵਿੱਚ ਕੰਮ ਕੀਤਾ ਹੈ।
"ਇਹਨਾਂ ਮੌਕਿਆਂ ਨੇ ਮੈਨੂੰ ਦਿਹਾਤੀ ਖੇਤਰਾਂ ਵਿੱਚ ਸਿਹਤ ਸੰਭਾਲ ਅਤੇ ਦੂਰ-ਦੁਰਾਡੇ ਦੇ ਭਾਈਚਾਰਿਆਂ ਨਾਲ ਜੁੜਨ ਦੇ ਮੌਕੇ ਪ੍ਰਦਾਨ ਕੀਤੇ," ਉਸਨੇ ਕਿਹਾ।

ਪੰਜਾਬੀ ਹੋਣ 'ਤੇ' ਮਾਣ ਹੈ
ਪੰਜਾਬ ਦੇ ਬੋਪਾਰਾਏ ਕਲਾਂ ਪਿੰਡ ਨਾਲ ਸੰਬੰਧਿਤ ਜਸਰਾਜ ਨੇ ਦੱਸਿਆ ਕਿ ਉਸਨੂੰ ਆਪਣੇ ਵਿਭਿੰਨ ਪਿਛੋਕੜ ਅਤੇ ਸੱਭਿਆਚਾਰ 'ਤੇ ਮਾਣ ਹੈ ਅਤੇ ਉਹ ਆਪਣੇ ਦਾਦਾ-ਦਾਦੀ ਅਤੇ ਮਾਤਾ-ਪਿਤਾ ਦੀ ਸ਼ੁਕਰਗੁਜ਼ਾਰ ਹੈ ਜੋ ਉਸ ਲਈ ਰੋਲ ਮਾਡਲ ਰਹੇ ਹਨ ਅਤੇ ਉਨ੍ਹਾਂ ਨੇ ਉਸਦੀ ਮਜ਼ਬੂਤ ਪਰਵਰਿਸ਼ ਕੀਤੀ ਹੈ।
ਜਸਰਾਜ ਨੇ ਦੂਜਿਆਂ ਦੀ ਮਦਦ ਕਰਨ ਲਈ ਕਈ ਵਲੰਟੀਅਰ ਭੂਮਿਕਾਵਾਂ ਵੀ ਨਿਭਾਈਆਂ ਹਨ, ਜਿਸ ਵਿੱਚ ਮੁੱਖ ਤੌਰ ਤੇ ਉਹ ਆਪਣੀ ਯੂਨੀਵਰਸਿਟੀ ਦੇ ਰੂਰਲ ਹੈਲਥ ਕਲੱਬ ਦੀ ਪ੍ਰਧਾਨ, ਮੈਲਬੌਰਨ ਦੀ ਸਰਜੀਕਲ ਸਟੂਡੈਂਟਸ ਸੁਸਾਇਟੀ ਦੀ ਪ੍ਰਧਾਨ ਅਤੇ ਇਸਦੀ ਪੇਂਡੂ ਖੇਤਰ ਕਮੇਟੀ ਦੀ ਚੇਅਰ ਵੀ ਹੈ ।

ਜਸਰਾਜ ਆਸਟ੍ਰੇਲਿਆ ਵਿੱਚ ਵਾਂਝੇ ਅਤੇ ਭੂਗੋਲਿਕ ਤੌਰ 'ਤੇ ਅਲੱਗ-ਥਲੱਗ ਭਾਈਚਾਰਿਆਂ ਵਿੱਚ ਸਿਹਤ ਸੰਭਾਲ ਵਿੱਚ ਸੁਧਾਰ ਕਰਨ ਅਤੇ ਪੇਂਡੂ ਖੇਤਰਾਂ ਅਤੇ ਆਸਟ੍ਰੇਲੀਆ ਦੇ ਮੂਲ ਵਸਨੀਕ ਭਾਈਚਾਰਿਆਂ ਲਈ ਕੰਮ ਕਰਨਾ ਜਾਰੀ ਰੱਖਣ ਲਈ ਨਿਰੰਤਰ ਯਤਨਸ਼ੀਲ ਹੈ।

ਪੂਰੀ ਗੱਲਬਾਤ ਸੁਨਣ ਲਈ ਉੱਪਰ ਫੋਟੋ ‘ਤੇ ਦਿੱਤੇ ਆਡੀਓ ਲਿੰਕ ਉੱਤੇ ਕਲਿਕ ਕਰੋ...






