ਇਹ ਨਿਰਧਾਰਤ ਕਰਨ ਲਈ ਕਿ ਕਿਹੜੇ ਟੀਕੇ ਲਗਵਾਉਣੇ ਚਾਹੀਦੇ ਹਨ, ਵਿਸ਼ਵ ਸਿਹਤ ਸੰਗਠਨ (WHO) ਦੁਆਰਾ ਪ੍ਰਦਾਨ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ।
ਡਬਲਯੂਐਚਓ ਸਾਰੇ ਯਾਤਰੀਆਂ ਲਈ ਰੁਟੀਨ ਟੀਕਾਕਰਨ ਅਤੇ ਨਾਲ ਹੀ ਉੱਚ ਖਤਰੇ ਵਾਲੇ ਖੇਤਰਾਂ ਦਾ ਦੌਰਾ ਕਰਨ ਵਾਲਿਆਂ ਲਈ ਖਾਸ ਟੀਕੇ ਲਗਵਾਉਣ ਦਾ ਸੁਝਾਅ ਦਿੰਦਾ ਹੈ।
ਜੇਨ ਫਰਾਲੀ ਯੂਨੀਵਰਸਿਟੀ ਆਫ਼ ਟੈਕਨਾਲੋਜੀ ਸਿਡਨੀ ਵਿਖੇ ਸਿਹਤ ਫੈਕਲਟੀ ਦੇ ਅੰਦਰ ਸਕੂਲ ਆਫ਼ ਪਬਲਿਕ ਹੈਲਥ ਵਿੱਚ ਇੱਕ ਐਸੋਸੀਏਟ ਪ੍ਰੋਫੈਸਰ ਹੈ।
ਉਹ ਕਹਿੰਦੀ ਹੈ ਕਿ ਯਾਤਰਾ ਕਰਨ ਨਾਲ ਲੋਕ ਗੰਭੀਰ ਛੂਤ ਦੀਆਂ ਕੁਝ ਅਜਿਹੀਆਂ ਬਿਮਾਰੀਆਂ ਦਾ ਸਾਹਮਣਾ ਕਰ ਸਕਦੇ ਹਨ ਜੋ ਕਿ ਆਸਟ੍ਰੇਲੀਆ ਵਿੱਚ ਨਹੀਂ ਹਨ।

ਇੱਕ ਖੇਤਰ ਤੋਂ ਦੂਜੇ ਖੇਤਰ ਤੱਕ ਅਤੇ ਸਮੇਂ ਦੇ ਨਾਲ-ਨਾਲ ਸਿਹਤ ਦੇ ਜੋਖਮ ਬਦਲਦੇ ਰਹਿੰਦੇ ਹਨ।
ਪ੍ਰੋਫੈਸਰ ਫਰਾਲੀ ਦੱਸਦੇ ਹਨ ਕਿ ਵੱਖੋ-ਵੱਖਰੇ ਖੇਤਰਾਂ ਵਿੱਚ ਨਵੇਂ ਪ੍ਰਕੋਪ ਅਤੇ ਨਵੀਆਂ ਵੈਕਸਿਨੇਸ਼ਨਾਂ ਉਪਲਬਧ ਹੋ ਸਕਦੀਆਂ ਹਨ।
ਵਿਦੇਸ਼ ਯਾਤਰਾ ਕਰਨ ਵਾਲੇ ਆਸਟ੍ਰੇਲੀਅਨ ਲੋਕਾਂ ਲਈ ਲੋੜੀਂਦੇ ਖਾਸ ਟੀਕੇ: ਮੰਜ਼ਿਲ, ਦੇਸ਼ ਅਤੇ ਠਹਿਰਨ ਦੀ ਮਿਆਦ 'ਤੇ ਨਿਰਭਰ ਕਰਦੇ ਹਨ।
ਪੇਸ਼ੇਵਰ ਡਾਕਟਰੀ ਸਲਾਹ ਦੀ ਮੰਗ ਕਰਨਾ ਇਹ ਯਕੀਨੀ ਬਣਾਉਂਦਾ ਹੈ ਕਿ ਵਿਅਕਤੀ ਆਪਣੀ ਮੰਜ਼ਿਲ ਅਤੇ ਖਾਸ ਸਿਹਤ ਲੋੜਾਂ ਦੇ ਆਧਾਰ 'ਤੇ ਉਚਿਤ ਅਤੇ ਅਨੁਕੂਲਿਤ ਸਿਫ਼ਾਰਸ਼ਾਂ ਪ੍ਰਾਪਤ ਕਰਦੇ ਹਨ।
ਉਨ੍ਹਾਂ ਦੀਆਂ ਖਾਸ ਯਾਤਰਾ ਯੋਜਨਾਵਾਂ ਲਈ ਲੋੜੀਂਦੇ ਟੀਕੇ ਨਿਰਧਾਰਤ ਕਰਨ ਲਈ ਉਨ੍ਹਾਂ ਨੂੰ ਆਪਣੇ ਜਨਰਲ ਪ੍ਰੈਕਟੀਸ਼ਨਰ (ਜੀਪੀ) ਨਾਲ ਗੱਲ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਉਹ ਇਹ ਵੀ ਕਹਿੰਦੀ ਹੈ ਕਿ ਇਹ ਮਹੱਤਵਪੂਰਨ ਹੈ ਕਿ ਆਪਣੇ ਜੀਪੀ ਨਾਲ ਸਲਾਹ-ਮਸ਼ਵਰੇ ਨੂੰ ਆਖਰੀ ਮਿੰਟ ਤੱਕ ਨਾ ਛੱਡੋ ਕਿਉਂਕਿ ਬਹੁਤ ਸਾਰੇ ਟੀਕਿਆਂ ਲਈ ਇੱਕ ਤੋਂ ਵੱਧ ਖੁਰਾਕਾਂ ਦੀ ਲੋੜ ਹੁੰਦੀ ਹੈ।

ਸਿਡਨੀ ਯੂਨੀਵਰਸਿਟੀ ਦੇ ਇੱਕ ਕਲੀਨਿਕਲ ਵੈਕਸੀਨੋਲੋਜੀ ਮਾਹਰ ਪ੍ਰੋਫੈਸਰ ਨਿਕੋਲਸ ਵੁੱਡ, ਉਜਾਗਰ ਕਰਦੇ ਹਨ ਕਿ ਤੁਹਾਨੂੰ ਜਿਨ੍ਹਾਂ ਖਾਸ ਟੀਕਾਕਰਨ ਦੀ ਲੋੜ ਹੋ ਸਕਦੀ ਹੈ, ਉਹ ਤੁਹਾਡੀ ਸਿਹਤ, ਉਮਰ, ਜੀਵਨ ਸ਼ੈਲੀ ਅਤੇ ਪੇਸ਼ੇ ਵਰਗੇ ਵੱਖ-ਵੱਖ ਕਾਰਕਾਂ ਦੁਆਰਾ ਨਿਰਧਾਰਤ ਕੀਤੇ ਜਾਂਦੇ ਹਨ।
ਇਕੱਠੇ, ਇਹਨਾਂ ਕਾਰਕਾਂ ਨੂੰ ਹਾਲੋ (HALO) ਕਿਹਾ ਜਾਂਦਾ ਹੈ।
ਆਸਟ੍ਰੇਲੀਅਨ ਯਾਤਰੀਆਂ ਲਈ ਆਮ ਤੌਰ 'ਤੇ ਕਈ ਟੀਕੇ ਸਿਫ਼ਾਰਸ਼ ਕੀਤੇ ਜਾਂਦੇ ਹਨ ਜਾਂ ਲੋੜੀਂਦੇ ਹੁੰਦੇ ਹਨ, ਜਿਨ੍ਹਾਂ ਵਿੱਚ ਹੈਪੇਟਾਈਟਸ ਏ, ਟਾਈਫਾਈਡ ਬੁਖ਼ਾਰ, ਪੀਲੀਆ, ਮੇਨਿੰਗੋਕੋਕਲ ਬਿਮਾਰੀ, ਕੋਵਿਡ-19, ਅਤੇ ਰੇਬੀਜ਼ ਸ਼ਾਮਲ ਹਨ।
ਪ੍ਰੋਫੈਸਰ ਵੁੱਡ ਦਾ ਕਹਿਣਾ ਹੈ ਕਿ ਇਹਨਾਂ ਲਾਗਾਂ ਦੇ ਨਤੀਜੇ ਵਜੋਂ ਗੰਭੀਰ ਬਿਮਾਰੀ ਹੋ ਸਕਦੀ ਹੈ, ਇੱਥੋਂ ਤੱਕ ਕਿ ਉਹਨਾਂ ਵਿਅਕਤੀਆਂ ਵਿੱਚ ਵੀ ਜਿਨ੍ਹਾਂ ਨੂੰ ਆਮ ਤੌਰ 'ਤੇ ਤੰਦਰੁਸਤ ਅਤੇ ਸਿਹਤਮੰਦ ਮੰਨਿਆ ਜਾਂਦਾ ਹੈ।
ਰੇਬੀਜ਼ ਅਜਿਹੀ ਬਿਮਾਰੀ ਦੀ ਇੱਕ ਉਦਾਹਰਣ ਹੈ।

ਨਿਕੋਲਸ ਵੁੱਡ ਨੈਸ਼ਨਲ ਸੈਂਟਰ ਫਾਰ ਇਮਯੂਨਾਈਜ਼ੇਸ਼ਨ ਰਿਸਰਚ ਐਂਡ ਸਰਵੀਲੈਂਸ ਵਿੱਚ ਇੱਕ ਸੀਨੀਅਰ ਸਟਾਫ ਸਪੈਸ਼ਲਿਸਟ ਵੀ ਹੈ।
ਉਹ ਕਹਿੰਦਾ ਹੈ, ਹੋਰ ਵੀ ਕਈ ਟੀਕੇ ਉਪਲਬਧ ਹਨ ਜੋ ਲੋਕਾਂ ਨੂੰ ਗੰਭੀਰ ਰੂਪ ਵਿੱਚ ਬਿਮਾਰ ਹੋਣ ਤੋਂ ਰੋਕਣ ਦੀ ਸਮਰੱਥਾ ਰੱਖਦੇ ਹਨ।
ਪ੍ਰੋਫੈਸਰ ਵੁੱਡ ਕਹਿੰਦਾ ਹੈਂ ਕਿ ਜੇਕਰ ਤੁਹਾਡੇ ਪਿਛਲੇ ਟੀਕਾਕਰਨ ਨੂੰ ਕੁਝ ਸਮਾਂ ਹੋ ਚੁੱਕਾ ਹੈ, ਤਾਂ ਤੁਹਾਨੂੰ ਬੂਸਟਰ ਡੋਜ਼ ਦੀ ਲੋੜ ਹੋ ਸਕਦੀ ਹੈ।
ਪ੍ਰੋਫੈਸਰ ਫਰਾਲੀ ਦਾ ਕਹਿਣਾ ਹੈ ਕਿ ਕੋਵਿਡ-19 ਬਾਰੇ ਨਾ ਭੁੱਲਣਾ ਮਹੱਤਵਪੂਰਨ ਹੈ।

ਕੁਝ ਦੁਰਲੱਭ ਮਾਮਲਿਆਂ ਵਿੱਚ, ਟੀਕਾਕਰਨ ਲਈ ਐਲਰਜੀ ਵੀ ਹੋ ਸਕਦੀ ਹੈ। ਜੇਕਰ ਤੁਹਾਨੂੰ ਵੈਕਸੀਨ-ਸਬੰਧਤ ਮਾੜੇ ਪ੍ਰਭਾਵਾਂ ਬਾਰੇ ਕੋਈ ਚਿੰਤਾ ਹੈ, ਤਾਂ ਤੁਹਾਨੂੰ ਆਪਣੇ ਡਾਕਟਰ ਨਾਲ ਸਲਾਹ-ਮਸ਼ਵਰਾ ਕਰਨਾ ਚਾਹੀਦਾ ਹੈ।
1300 MEDICINE (1300 633 424) 'ਤੇ ਐਡਵਰਸ ਮੈਡੀਸਨ ਇਵੈਂਟਸ ਲਾਈਨ ਨੂੰ ਕਾਲ ਕਰਕੇ ਮਾੜੇ ਪ੍ਰਭਾਵਾਂ ਦੀ ਰਿਪੋਰਟ ਕੀਤੀ ਅਤੇ ਚਰਚਾ ਕੀਤੀ ਜਾ ਸਕਦੀ ਹੈ ।
ਵਿਦੇਸ਼ਾਂ ਵਿੱਚ ਟੀਕਾਕਰਨ ਪ੍ਰਾਪਤ ਕਰਨ ਵਾਲਿਆਂ ਲਈ, ਸਰਟੀਫਿਕੇਟ ਪ੍ਰਾਪਤ ਕਰਨ ਤੋਂ ਪਹਿਲਾਂ ਉਹਨਾਂ ਨੂੰ ਆਸਟ੍ਰੇਲੀਅਨ ਇਮਯੂਨਾਈਜ਼ੇਸ਼ਨ ਰਜਿਸਟਰ (ਏਆਈਆਰ) ਵਿੱਚ ਦਰਜ ਕਰਨਾ ਜ਼ਰੂਰੀ ਹੈ।
ਆਸਟ੍ਰੇਲੀਆ ਵਿੱਚ ਸਿਰਫ਼ ਆਸਟ੍ਰੇਲੀਅਨ ਮੈਡੀਕਲ ਪੇਸ਼ੇਵਰ ਹੀ ਏਆਈਆਰ (AIR) ਵਿੱਚ ਰਿਕਾਰਡ ਦਰਜ ਕਰ ਸਕਦੇ ਹਨ। ਤੁਸੀਂ ਇਸ ਸਬੰਧੀ ਹੋਰ ਮਦਦ ਲਈ ਆਪਣੇ ਜੀਪੀ ਜਾਂ ਹੋਰ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਪੁੱਛ ਸਕਦੇ ਹੋ।







