2006 ਵਿੱਚ ਆਸਟ੍ਰੇਲੀਆ ਆਉਣ ਵਾਲੇ ਦਿਲਬਾਗ ਸਿੰਘ ਬਾਜਵਾ 2014 ਵਿੱਚ ਵਿਕਟੋਰੀਆ ਪੁਲਿਸ ਵਿੱਚ ਭਰਤੀ ਹੋਏ ਸਨ।
ਇੱਕ ਪ੍ਰੋਟੈਕਟਿਵ ਸਰਵਿਸਜ਼ ਅਧਿਕਾਰੀ ਵਜੋਂ ਵਜੋਂ ਉਹਨਾਂ ਦਾ ਕੰਮ ਪਬਲਿਕ ਟਰਾਂਸਪੋਰਟ ਸਿਸਟਮ ਨਾਲ ਜੁੜੀ ਸੁਰੱਖਿਆ ਨੂੰ ਲੈਕੇ ਗਸ਼ਤ ਲਗਾਉਣਾ ਅਤੇ ਨਿਗਰਾਨੀ ਸੇਵਾਵਾਂ ਪ੍ਰਦਾਨ ਕਰਨਾ ਹੈ।
ਇੱਕ ਰਾਤ ਡਿਊਟੀ ਦੌਰਾਨ ਦਿਲਬਾਗ ਸਿੰਘ ਬਾਜਵਾ ਨੂੰ ਮੈਲਬੌਰਨ ਦੇ ਦੱਖਣ-ਪੂਰਬ ਵਿੱਚ ‘ਐਸ਼ਬਰਟਨ’ ਵਿੱਚ ਇੱਕ ਸੜਕ ਕਿਨਾਰੇ ਇੱਕ ਔਰਤ ਦੇ ਬੇਹੋਸ਼ ਪਏ ਹੋਣ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਉਹ ਆਪਣੀ ਟ੍ਰਾਂਜ਼ਿਟ ਸੁਪਰਵਾਈਜ਼ਰ ਤੋਂ ਆਗਿਆ ਲੈ ਕੇ ਘਟਨਾ ਸਥਾਨ ਉੱਤੇ ਪਹੁੰਚੇ ਸਨ।
ਐਸ.ਬੀ.ਐਸ ਪੰਜਾਬੀ ਨਾਲ ਗੱਲਬਾਤ ਦੌਰਾਨ ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਤੁਰੰਤ ਉਸ ਔਰਤ ਨੂੰ ਸੀ.ਪੀ.ਆਰ ਦੇਣੀ ਸ਼ੁਰੂ ਕਰ ਦਿੱਤੀ ਗਈ ਅਤੇ ਜਦ ਤੱਕ ਉਹ ਐਂਬੂਲੈਂਸ ਦੀ ਉਡੀਕ ਕਰ ਰਹੇ ਸਨ, ਉਦੋਂ ਤੱਕ ਉਹਨਾਂ ਨੇ ਬਚਾਅ ਕਾਰਜ ਜਾਰੀ ਰੱਖੇ।
ਸੀ.ਪੀ.ਆਰ ਦੇਣ ਨਾਲ ਉਹ ਔਰਤ ਸਾਹ ਲੈਣ ਲੱਗ ਪਈ ਸੀ ਜਿਸ ਤੋਂ ਬਾਅਦ ਉਸਨੂੰ ਐਂਬੂਲੈਂਸ ਆਉਣ ਉੱਤੇ ਹਸਪਤਾਲ ਪਹੁੰਚਾਇਆ ਗਿਆ ਜਦਕਿ ਉਸਦੇ ਸਾਥੀ ਦਾ ਮੌਕੇ ਉੱਤੇ ਹੀ ਇਲਾਜ ਕੀਤਾ ਗਿਆ ਸੀ।

'ਪੈਰਾਮੈਡਿਕਸ' ਨੇ ਸ਼੍ਰੀ ਬਾਜਵਾ ਨੂੰ ਦੱਸਿਆ ਕਿ ਜੇਕਰ ਉਸ ਔਰਤ ਨੂੰ ਸਮੇਂ ਸਿਰ ਸੀ.ਪੀ.ਆਰ ਨਾ ਮਿਲਦੀ ਤਾਂ ਉਸਦੀ ਹਾਲਤ ਨਾਜ਼ੁਕ ਹੋ ਸਕਦੀ ਸੀ।
ਇਸ ਸਥਿਤੀ ਨੂੰ ਅਜਿਹੇ ਯੋਗ ਢੰਗ ਨਾਲ ਸੰਭਾਲਣ ਲਈ ਦਿਲਬਾਗ ਸਿੰਘ ਬਾਜਵਾ ਨੂੰ ਵਿਕਟੋਰੀਆ ਪੁਲਿਸ ਵੱਲੋਂ ਡਵੀਜ਼ਨਲ ਪ੍ਰਸ਼ੰਸਾ ਪੁਰਸਕਾਰ ਮਿਲਿਆ ਹੈ।
ਸ਼੍ਰੀ ਬਾਜਵਾ ਕਹਿੰਦੇ ਹਨ ਉਹਨਾਂ ਨੂੰ ਕੋਈ ਵੀ ਕੰਮ ਵੱਡਾ ਜਾਂ ਛੋਟਾ ਨਹੀਂ ਲੱਗਦਾ ਸਗੋਂ ਬਦਲੇ ਵਿੱਚ ਲੋਕਾਂ ਦਾ ਜੋ ਪਿਆਰ ਅਤੇ ਭਰੋਸਾ ਉਹਨਾਂ ਨੂੰ ਮਿਲਦਾ ਉਹ ਉਹਨਾਂ ਲਈ ਸਭ ਤੋਂ ਕੀਮਤੀ ਤਜ਼ੁਰਬਾ ਹੈ।
ਇਹ ਜਾਣਕਾਰੀ ਅੰਗ੍ਰੇਜ਼ੀ 'ਚ ਪੜ੍ਹਨ ਲਈ ਇੱਥੇ ਕਲਿੱਕ ਕਰੋ







