ਆਸਟ੍ਰੇਲੀਆ ਵਿੱਚ ਭਾਰਤੀ ਪਿਛੋਕੜ ਵਾਲੇ ਕਈ ਸੋਸ਼ਲ ਮੀਡੀਆ ਕਰੀਏਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਵੀਡੀਓਜ਼ ਹੇਠ ਨਸਲਵਾਦੀ ਅਤੇ ਅਪਮਾਨਜਨਕ ਟਿੱਪਣੀਆਂ ਵਿੱਚ ਵਾਧਾ ਹੋਇਆ ਹੈ। ਪਰਥ ਦੀ ਫਰਟੀਲਿਟੀ ਡਾਇਟੀਸ਼ੀਅਨ ਗੁਰਨੀਤ ਕੌਰ ਅਤੇ The Dhillon Diaries ਦੇ ਪ੍ਰੀਤਮਪਾਲ ਸਿੰਘ ਤੇ ਬੌਨੀ ਢਿੱਲੋਂ ਨੇ ਐਸ ਬੀ ਐਸ ਪੰਜਾਬੀ ਨਾਲ ਆਪਣੇ ਤਜਰਬੇ ਸਾਂਝੇ ਕੀਤੇ। ਉਨ੍ਹਾਂ ਦਾ ਕਹਿਣਾ ਹੈ ਕਿ ਗੁਮਨਾਮ ਜਾਂ ਬੌਟ ਅਕਾਊਂਟਾਂ ਕਾਰਨ ਇਸ ਸਮੱਸਿਆ ਨਾਲ ਨਜਿੱਠਣਾ ਮੁਸ਼ਕਲ ਬਣ ਗਿਆ ਹੈ। ਆਸਟ੍ਰੇਲੀਅਨ ਹਿਊਮਨ ਰਾਈਟਸ ਕਮਿਸ਼ਨਰ ਗਿਰੀਧਰਨ ਸ਼ਿਵਾਰਾਮਨ ਸੋਸ਼ਲ ਮੀਡੀਆ ਕੰਪਨੀਆਂ ਤੋਂ ਵਧੇਰੇ ਜ਼ਿੰਮੇਵਾਰੀ ਅਤੇ ਸਰਕਾਰ ਤੋਂ ਸਖ਼ਤ ਨਿਯਮਾਂ ਦੀ ਮੰਗ ਕਰ ਰਹੇ ਹਨ। ਕਰੀਏਟਰ ਕਿਸ ਤਰ੍ਹਾਂ ਕੁਝ ਹੱਦ ਤੱਕ ਆਪਣਾ ਬਚਾਅ ਕਰ ਸਕਦੇ ਹਨ, ਜਾਣੋ ਇਸ ਆਡੀਓ ਵਿੱਚ।
ਨਿਊ ਸਾਊਥ ਵੇਲਜ਼ ਦੇ ਗ੍ਰਿਫ਼ਿਥ ਵਿੱਚ ਜੰਮੀ -ਪਲੀ ਅਤੇ ਹੁਣ ਪਰਥ ਸ਼ਹਿਰ ਵਿੱਚ ਰਹਿਣ ਵਾਲੀ ਗੁਰਨੀਤ ਕੌਰ ਸੋਸ਼ਲ ਮੀਡੀਆ ਰਾਹੀਂ ਔਰਤਾਂ ਦੀ ਪ੍ਰਜਨਨ ਸਿਹਤ (ਫਰਟੀਲਿਟੀ) ਬਾਰੇ ਜਾਣਕਾਰੀ ਭਰੀਆਂ ਵੀਡੀਓਜ਼ ਬਣਾਉਂਦੀ ਹੈ।
ਉਹ ਦੱਸਦੀ ਹੈ ਕਿ ਜਦੋਂ ਉਸ ਦੀ ਇੱਕ ਵੀਡੀਓ ਵਾਇਰਲ ਹੋਈ ਤਾਂ ਉਸ ਦੇ ਹੇਠ ਵੱਡੀ ਗਿਣਤੀ ਵਿੱਚ ਨਸਲਵਾਦੀ ਟਿੱਪਣੀਆਂ ਆਉਣ ਲੱਗੀਆਂ।
ਗੁਰਨੀਤ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ, "ਮੈਨੂੰ 'ਇੰਡੀਆ ਵਾਪਸ ਜਾਓ, ਸਾਨੂੰ ਇੰਡੀਅਨ ਲੋਕਾਂ ਦੀ ਲੋੜ ਨਹੀਂ' ਵਰਗੇ 200 ਤੋਂ ਵੱਧ ਕਮੈਂਟ ਮਿਲੇ। ਮੈਂ ਦੇਖਿਆ ਕਿ ਜ਼ਿਆਦਾਤਰ ਪ੍ਰੋਫਾਈਲ ਖਾਲੀ ਸਨ ਜਾਂ ਉਨ੍ਹਾਂ 'ਤੇ ਕੋਈ ਜਾਣਕਾਰੀ ਨਹੀਂ ਸੀ।"

ਇਸੇ ਤਰ੍ਹਾਂ The Dhillon Diaries ਦੇ ਪੰਜਾਬੀ ਪਰਵਾਸੀ ਪ੍ਰੀਤਮਪਾਲ ਸਿੰਘ ਢਿੱਲੋਂ ਅਤੇ ਆਸਟ੍ਰੇਲੀਅਨ ਮੂਲ ਦੀ ਬੌਨੀ, ਆਪਣੇ ਵੱਖ-ਵੱਖ ਸੱਭਿਆਚਾਰਕ ਪਿਛੋਕੜ ਵਾਲੇ ਰਿਸ਼ਤੇ ਬਾਰੇ ਵੀਡੀਓਜ਼ ਸਾਂਝੀਆਂ ਕਰਦੇ ਹਨ। ਉਨ੍ਹਾਂ ਦਾ ਵੀ ਕਹਿਣਾ ਹੈ ਕਿ ਪਿਛਲੇ ਕੁਝ ਮਹੀਨਿਆਂ ਵਿੱਚ ਉਨ੍ਹਾਂ ਦੀਆਂ ਵੀਡੀਓਜ਼ ਹੇਠ "Go back" ਵਰਗੀਆਂ ਨਸਲਵਾਦੀ ਟਿੱਪਣੀਆਂ ਕਾਫ਼ੀ ਵਧ ਗਈਆਂ ਹਨ।
ਪ੍ਰੀਤਮਪਾਲ ਨੇ ਕਿਹਾ, "ਅਸੀਂ ਪਿਛਲੇ ਤਿੰਨ ਸਾਲਾਂ ਤੋਂ ਕੰਟੈਂਟ ਬਣਾ ਰਹੇ ਹਾਂ, ਪਰ ਪਿਛਲੇ ਛੇ ਮਹੀਨਿਆਂ ਵਿੱਚ ਨਸਲਵਾਦੀ ਕਮੈਂਟ ਕਾਫ਼ੀ ਵਧੇ ਹਨ। ਇਸ ਦਾ ਅਸਰ ਹੁਣ ਸਿਰਫ਼ ਆਨਲਾਈਨ ਨਹੀਂ, ਸਗੋਂ ਲੋਕਾਂ ਦੀ ਅਸਲ ਜ਼ਿੰਦਗੀ ਵਿੱਚ ਵੀ ਮਹਿਸੂਸ ਹੋ ਰਿਹਾ ਹੈ।"
ਦੋਵਾਂ ਕਰੀਏਟਰਾਂ ਦਾ ਕਹਿਣਾ ਹੈ ਕਿ ਉਹ Instagram 'ਤੇ ਅਜਿਹੇ ਕਮੈਂਟ ਰਿਪੋਰਟ ਕਰਦੇ ਹਨ ਅਤੇ ਸੰਬੰਧਤ ਅਕਾਊਂਟਾਂ ਨੂੰ ਬਲਾਕ ਕਰ ਦਿੰਦੇ ਹਨ, ਪਰ ਪਲੇਟਫਾਰਮ ਵਲੋਂ ਉਹ ਅਕਾਉਂਟ ਹਟਾਏ ਨਹੀਂ ਜਾਂਦੇ।
ਆਸਟ੍ਰੇਲੀਅਨ ਹਿਊਮਨ ਰਾਈਟਸ ਕਮਿਸ਼ਨਰ ਗਿਰੀਧਰਨ ਸ਼ਿਵਾਰਾਮਨ ਨੇ ਦੱਸਿਆ ਕਿ “ਨਸਲਵਾਦੀ ਕੰਮੈਂਟ ਸੋਸ਼ਲ ਮੀਡਿਆ ਕੰਪਨੀਆਂ ਲਈ ਲਾਭਦਾਇਕ ਹੁੰਦੇ ਹਨ ਕਿਉਂਕਿ ਇੰਗੇਜਮੈਂਟ ਵਧਣ ਨਾਲ ਜਿਆਦਾ ਲੋਕ ਪਲੇਟਫਾਰਮ ਦੀ ਵਰਤੋਂ ਕਰਦੇ ਹਨ।”
“ਪਰ ਜਿਸ ਨੂੰ ਨਸਲਵਾਦੀ ਕੰਮੈਂਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਉਹ ਇਸ ਨੂੰ ਰੋਕਣ ਲਈ ਜਿਆਦਾ ਕੁਝ ਕਰ ਨਹੀਂ ਸਕਦਾ, ਜਿਸ ਕਰਕੇ ਸਰਕਾਰ ਤੋਂ ਮੰਗ ਕਰਨੀ ਬਣਦੀ ਹੈ ਕਿ ਉਹ ਸੋਸ਼ਲ ਮੀਡਿਆ ਪਲੇਟਫਾਰਮਾਂ ਦਾ ਬਿਹਤਰ ਨਿਯੰਤਰਨ ਕਰਨ।”
ਪੂਰੀ ਜਾਣਕਾਰੀ ਲਈ ਇਹ ਆਡੀਓ ਸੁਣੋ।
ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।
📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।
📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।





