- ਆਸਟ੍ਰੇਲੀਆ ਵਿੱਚ ਪ੍ਰਵਾਸੀ ਇੰਜੀਨੀਅਰਾਂ ਨੂੰ ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ?
- ਵਿਦੇਸ਼ੀ ਇੰਜੀਨੀਅਰ ਆਪਣੀਆਂ ਯੋਗਤਾਵਾਂ ਨੂੰ ਕਿਵੇਂ ਮਾਨਤਾ ਦਿਵਾ ਸਕਦੇ ਹਨ?
- ਕੀ ਤੁਹਾਨੂੰ ਆਸਟ੍ਰੇਲੀਆ ਵਿੱਚ ਇੰਜੀਨੀਅਰ ਵਜੋਂ ਕੰਮ ਕਰਨ ਲਈ ਰਜਿਸਟ੍ਰੇਸ਼ਨ ਦੀ ਲੋੜ ਹੈ?
- ਪ੍ਰਵਾਸੀ ਇੰਜੀਨੀਅਰਾਂ ਨੂੰ ਆਸਟ੍ਰੇਲੀਆ ਵਿੱਚ ਨੌਕਰੀਆਂ ਲੱਭਣ 'ਚ ਕਿਉਂ ਮੁਸ਼ਕਿਲ ਹੁੰਦੀ ਹੈ?
- ਪ੍ਰਵਾਸੀ ਇੰਜੀਨੀਅਰਾਂ ਲਈ ਨੈੱਟਵਰਕਿੰਗ ਕਿੰਨੀ ਮਹੱਤਵਪੂਰਨ ਹੈ?
- ਆਸਟ੍ਰੇਲੀਆ ਵਿੱਚ ਇੰਜੀਨੀਅਰਾਂ ਲਈ ਛੁਪਿਆ ਹੋਇਆ ਨੌਕਰੀ ਬਾਜ਼ਾਰ ਕੀ ਹੈ?
ਇਹ ਲੇਖ, ਆਸਟ੍ਰੇਲੀਆ ਵਿੱਚ ਅਰਥਪੂਰਨ ਕਰੀਅਰ ਬਣਾਉਣ ਵਾਲੇ ਹੁਨਰਮੰਦ ਪ੍ਰਵਾਸੀਆਂ ਦੇ ਸਫ਼ਰ ਦੀ ਪੜਚੋਲ ਕਰਨ ਵਾਲੀ ਆਸਟ੍ਰੇਲੀਆ ਐਕਸਪਲੇਂਡ ਦੀ ਇੱਕ ਲੜੀ, ਵਰਕ ਇਨ ਪ੍ਰੋਗਰੈਸ ਰਾਹੀਂ ਵਿਹਾਰਕ ਸੁਝਾਅ ਸਾਂਝੇ ਕਰਦਾ ਹੈ। ਹੋਰ ਪ੍ਰੇਰਨਾਦਾਇਕ ਕਹਾਣੀਆਂ ਅਤੇ ਮਾਹਿਰ ਸਲਾਹ ਲਈ ਸਾਰੇ ਐਪੀਸੋਡ ਸੁਣੋ।
ਇਹ ਐਪੀਸੋਡ ਈਰਾਨੀ ਮਕੈਨੀਕਲ ਇੰਜੀਨੀਅਰ ਹੰਨਾਹ ਤਾਲੇਬੀ ਦੀ ਕਹਾਣੀ ਪੇਸ਼ ਕਰਦਾ ਹੈ- ਜਿਸ ਨੇ ਇੱਕ ਚਾਕਲੇਟ ਫੈਕਟਰੀ ਵਿੱਚ ਕੰਮ ਕਰਨ ਤੋਂ ਲੈ ਕੇ ਪਾਣੀ ਉਦਯੋਗ ਵਿੱਚ ਇੱਕ ਡਿਜ਼ਾਈਨ ਮੈਨੇਜਰ ਬਣਨ ਤੱਕ ਦਾ ਸਫ਼ਰ ਤੈਅ ਕੀਤਾ ਸੀ। ਇਹ ਕਹਾਣੀ ਪ੍ਰਵਾਸੀ ਕਾਮਿਆਂ ਦੀਆਂ ਚੁਣੌਤੀਆਂ ਅਤੇ ਲਚਕੀਲੇਪਣ ਦੋਵਾਂ ਨੂੰ ਉਜਾਗਰ ਕਰਦੀ ਹੈ।
ਆਸਟ੍ਰੇਲੀਆ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਇੰਜੀਨੀਅਰਿੰਗ ਕਾਮਿਆਂ ਦੀ ਸਭ ਤੋਂ ਗੰਭੀਰ ਘਾਟ ਦਾ ਸਾਹਮਣਾ ਕਰ ਰਿਹਾ ਹੈ, ਜਿਸ ਨਾਲ ਹੁਨਰਮੰਦ ਕਲਾਵਾਂ ਦੀ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਅਹਿਮੀਅਤ ਹੋ ਗਈ ਹੈ। ਫਿਰ ਵੀ, ਆਪਣੀ ਕਾਬਲੀਅਤ ਅਤੇ ਸਮਰੱਥਾ ਦੇ ਬਾਵਜੂਦ, ਮੌਜੂਦਾ ਸਮੇਂ ਸਿਰਫ 40 ਪ੍ਰਤੀਸ਼ਤ ਪ੍ਰਵਾਸੀ ਇੰਜੀਨੀਅਰ ਆਪਣੇ ਖੇਤਰ ਵਿੱਚ ਕੰਮ ਕਰ ਰਹੇ ਹਨ। ਇਹ ਇੱਕ ਅਜਿਹਾ ਅਣਵਰਤਿਆ ਸਰੋਤ ਹੈ ਜਿਸ ਵਿੱਚ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਅਤੇ ਨਵੀਨਤਾ ਨੂੰ ਅੱਗੇ ਵਧਾਉਣ ਦੀ ਵਿਸ਼ਾਲ ਸ਼ਕਤੀ ਹੈ।
ਵਿਦੇਸ਼ੀ ਮੂਲ ਦੇ ਇੰਜੀਨੀਅਰ ਆਸਟ੍ਰੇਲੀਆ ਦੇ ਇੰਜੀਨੀਅਰਿੰਗ ਖੇਤਰ ਦੀ ਪ੍ਰੇਰਕ ਸ਼ਕਤੀ ਹਨ। ਅੱਜ, 60 ਪ੍ਰਤੀਸ਼ਤ ਤੋਂ ਵੱਧ ਇੰਜੀਨੀਅਰ ਪ੍ਰਵਾਸੀ ਪਿਛੋਕੜ ਤੋਂ ਆਉਂਦੇ ਹਨ, ਜਿਨ੍ਹਾਂ ਵਿੱਚ ਔਰਤਾਂ 74 ਪ੍ਰਤੀਸ਼ਤ ਦੀ ਭਾਗੀਦਾਰੀ ਨਾਲ ਹੋਰ ਵੀ ਵੱਡਾ ਪ੍ਰਭਾਵ ਪਾ ਰਹੀਆਂ ਹਨ। ਸਾਲ 2026 ਤੱਕ, ਪ੍ਰਵਾਸੀ ਇੰਜੀਨੀਅਰਾਂ ਤੋਂ ਇਸ ਮਹੱਤਵਪੂਰਨ ਉਦਯੋਗ ਵਿੱਚ ਦੇਸ਼ ਦੇ ਕਾਰਜਬਲ ਵਿਕਾਸ ਦੇ 70 ਪ੍ਰਤੀਸ਼ਤ ਨੂੰ ਸ਼ਕਤੀ ਦੇਣ ਦੀ ਸੰਭਾਵਨਾ ਹੈ।

ਆਸਟ੍ਰੇਲੀਆ ਵਿੱਚ ਪ੍ਰਵਾਸੀ ਇੰਜੀਨੀਅਰਾਂ ਨੂੰ ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ?
ਉੱਚ ਮੰਗ ਦੇ ਬਾਵਜੂਦ, ਹਜ਼ਾਰਾਂ ਹੁਨਰਮੰਦ ਪ੍ਰਵਾਸੀ ਇੰਜੀਨੀਅਰ ਅਜੇ ਵੀ ਲੋੜੀਂਦੇ ਰੁਜ਼ਗਾਰ ਤੋਂ ਵਾਂਝੇ ਹਨ । ਮੁੱਖ ਰੁਕਾਵਟਾਂ ਵਿੱਚ ਸ਼ਾਮਲ ਹਨ:
- ਸਥਾਨਕ ਕੰਮ ਦੇ ਤਜਰਬੇ ਦੀ ਘਾਟ।
- ਸੀਮਤ ਪੇਸ਼ੇਵਰ ਨੈੱਟਵਰਕ।
- ਗੁੰਝਲਦਾਰ ਮਾਨਤਾ ਪ੍ਰਕਿਰਿਆਵਾਂ।
- ਭਰਤੀ ਪ੍ਰਣਾਲੀਆਂ ਬਾਰੇ ਪੂਰੀ ਜਾਣਕਾਰੀ ਨਾ ਹੋਣਾ।ਹੰਨਾਹ ਤਾਲੇਬੀ, ਜੋ ਹੁਣ ਆਸਟ੍ਰੇਲੀਆ ਦੇ ਮੈਕੇਨੀਕਲ ਕਾਲਜ ਦੇ ਰਾਸ਼ਟਰੀ ਬੋਰਡ ਵਿੱਚ ਹੈ, ਉਸ ਨੇ ਸਥਾਨਕ ਤਜਰਬੇ ਜਾਂ ਸੰਪਰਕਾਂ ਤੋਂ ਬਿਨਾਂ ਇੱਕ ਅਸਥਾਈ ਵੀਜ਼ੇ 'ਤੇ ਆਪਣਾ ਸਫ਼ਰ ਸ਼ੁਰੂ ਕੀਤਾ ਸੀ- ਜੋ ਕਿ ਬਹੁਤ ਸਾਰੇ ਪ੍ਰਵਾਸੀ ਇੰਜੀਨੀਅਰਾਂ ਲਈ ਇੱਕ ਆਮ ਕਹਾਣੀ ਹੈ।
ਵਿਦੇਸ਼ੀ ਇੰਜੀਨੀਅਰ ਆਪਣੀਆਂ ਯੋਗਤਾਵਾਂ ਨੂੰ ਕਿਵੇਂ ਮਾਨਤਾ ਦਿਵਾ ਸਕਦੇ ਹਨ?
ਸ਼ੈਲੀ ਮੈਕਡੋਨਲਡ, ਇੰਜੀਨੀਅਰਜ਼ ਆਸਟ੍ਰੇਲੀਆ ਵਿਖੇ 'ਇੰਜੀਨੀਅਰਿੰਗ ਟੈਲੇਂਟ ਦੀ ਸੀਨੀਅਰ ਮੈਨੇਜਰ ਹੈ । ਇਹ ਸੰਸਥਾ ਸਰਕਾਰ ਦੁਆਰਾ ਪ੍ਰਵਾਨਿਤ ਹੈ ਜੋ ਇੰਜੀਨੀਅਰਿੰਗ ਪੇਸ਼ੇ ਵਿੱਚ ਲੋੜੀਂਦੇ ਹੁਨਰਾਂ ਅਤੇ ਯੋਗਤਾਵਾਂ ਦਾ ਮੁਲਾਂਕਣ ਕਰਨ ਲਈ ਜ਼ਿੰਮੇਵਾਰ ਹੈ।
ਉਹ ਕਹਿੰਦੀ ਹੈ ਕਿ ਵਿਦੇਸ਼ੀ ਯੋਗਤਾਵਾਂ ਨੂੰ ਪ੍ਰਮਾਣਿਤ ਕਰਨਾ ਇੱਕ ਗੁੰਝਲਦਾਰ ਪਰ ਜ਼ਰੂਰੀ ਪਹਿਲਾ ਕਦਮ ਹੈ।
ਵਿਦੇਸ਼ੀ ਯੋਗਤਾਵਾਂ ਨੂੰ ਮਾਨਤਾ ਦਿਵਾਉਣਾ ਗੁੰਝਲਦਾਰ ਹੈ। ਵੀਜ਼ਾ ਪ੍ਰਾਪਤ ਕਰਨਾ ਅਤੇ ਇੰਜੀਨੀਅਰਿੰਗ ਦੇ ਕੰਮ ਲਈ ਤੁਹਾਡੀਆਂ ਯੋਗਤਾਵਾਂ ਦਾ ਮੁਲਾਂਕਣ ਕਰਵਾਉਣਾ ਦੋ ਵੱਖ-ਵੱਖ ਪ੍ਰਕਿਰਿਆਵਾਂ ਹਨ।ਸ਼ੈਲੀ ਮੈਕਡੋਨਲਡ
ਪਿਛਲੇ ਵਿੱਤੀ ਸਾਲ ਵਿੱਚ ਹੀ, ਅੰਤਰਰਾਸ਼ਟਰੀ ਪੱਧਰ 'ਤੇ ਸਿਖਲਾਈ ਪ੍ਰਾਪਤ 28,000 ਇੰਜੀਨੀਅਰਾਂ ਨੇ ਮਾਨਤਾ ਲਈ ਅਰਜ਼ੀ ਦਿੱਤੀ ਸੀ। ਹਾਲਾਂਕਿ ਅੰਤਰਰਾਸ਼ਟਰੀ ਸਮਝੌਤੇ ਕੁਝ ਮਾਪਦੰਡ ਨਿਰਧਾਰਤ ਕਰਦੇ ਹਨ, ਪਰ ਰਜਿਸਟ੍ਰੇਸ਼ਨ ਲੋੜਾਂ ਰਾਜ ਅਨੁਸਾਰ ਵੱਖ-ਵੱਖ ਹੋ ਸਕਦੀਆਂ ਹਨ।

ਕੀ ਆਸਟ੍ਰੇਲੀਆ ਵਿੱਚ ਇੰਜੀਨੀਅਰ ਵਜੋਂ ਕੰਮ ਕਰਨ ਲਈ ਤੁਹਾਨੂੰ ਰਜਿਸਟ੍ਰੇਸ਼ਨ ਦੀ ਲੋੜ ਹੈ?
ਇਹ ਰਾਜ 'ਤੇ ਨਿਰਭਰ ਕਰਦਾ ਹੈ। ਕੁਝ ਰਾਜਾਂ ਵਿੱਚ ਕਾਨੂੰਨੀ ਤੌਰ 'ਤੇ ਇੰਜੀਨੀਅਰਾਂ ਨੂੰ ਰਜਿਸਟਰਡ ਕਰਵਾਉਣ ਦੀ ਲੋੜ ਹੁੰਦੀ ਹੈ, ਜਦੋਂ ਕਿ ਦੂਜਿਆਂ ਵਿੱਚ ਇਹ ਲਾਜ਼ਮੀ ਨਹੀਂ ਹੈ । ਫਿਰ ਵੀ, ਬਿਹਤਰ ਕਰੀਅਰ ਦੇ ਮੌਕਿਆਂ ਤੱਕ ਪਹੁੰਚ ਕਰਨ ਲਈ ਇੰਜੀਨੀਅਰਜ਼ ਆਸਟ੍ਰੇਲੀਆ ਤੋਂ ਮਾਨਤਾ ਜ਼ਰੂਰੀ ਮੰਨੀ ਜਾਂਦੀ ਹੈ।
ਪ੍ਰਵਾਸੀ ਇੰਜੀਨੀਅਰਾਂ ਨੂੰ ਆਸਟ੍ਰੇਲੀਆ ਵਿੱਚ ਨੌਕਰੀਆਂ ਲੱਭਣ ਵਿੱਚ ਏਨੀ ਮੁਸ਼ਕਿਲ ਕਿਉਂ ਆਉਂਦੀ ਹੈ ?
ਆਪਣੀ ਪਹਿਲੀ ਇੰਜੀਨੀਅਰਿੰਗ ਨੌਕਰੀ ਪ੍ਰਾਪਤ ਕਰਨ ਤੋਂ ਪਹਿਲਾਂ, ਹੰਨਾਹ ਨੇ 100 ਤੋਂ ਵੱਧ ਅਹੁਦਿਆਂ ਲਈ ਅਰਜ਼ੀ ਦਿੱਤੀ ਸੀ, ਜਿਨ੍ਹਾਂ ਵਿੱਚ ਜ਼ਿਆਦਾਤਰ ਐਂਟਰੀ-ਲੈਵਲ ਦੇ ਗ੍ਰੈਜੂਏਟ ਅਹੁਦੇ ਸਨ।
"ਮੈਨੂੰ ਕੋਈ ਜਵਾਬ ਨਹੀਂ ਮਿਲਿਆ। ਮੇਰੇ ਸ਼ਾਇਦ ਇੱਕ ਜਾਂ ਦੋ ਇੰਟਰਵਿਊ ਹੋਏ, ਪਰ ਲਗਾਤਾਰ ਨਾਂਹ ਹੀ ਮਿਲਦੀ ਰਹੀ," ਉਹ ਯਾਦ ਕਰਦੀ ਹੈ।
ਆਸਟ੍ਰੇਲੀਆਈ ਤਜਰਬੇ ਦੀ ਘਾਟ ਅਤੇ ਸੀਮਿਤ ਪੇਸ਼ੇਵਰ ਨੈੱਟਵਰਕ ਦੇ ਕਾਰਨ, ਅਰਜ਼ੀਆਂ ਅਕਸਰ ਵਾਰ-ਵਾਰ ਅਸਵੀਕਾਰ ਕਰ ਦਿੱਤੀਆਂ ਜਾਂਦੀਆਂ ਹਨ -ਇੱਥੋਂ ਤੱਕ ਕਿ ਉੱਚ ਯੋਗਤਾ ਪ੍ਰਾਪਤ ਇੰਜੀਨੀਅਰਾਂ ਨਾਲ ਵੀ ਇਸ ਤਰ੍ਹਾਂ ਹੀ ਹੁੰਦਾ ਹੈ ।
ਆਸਟ੍ਰੇਲੀਆਈ ਨੌਕਰੀ ਬਾਜ਼ਾਰ ਲਈ ਇੰਜੀਨੀਅਰਾਂ ਨੂੰ ਆਪਣਾ ਬਾਇਓਡਾਟਾ ਕਿਵੇਂ ਲਿਖਣਾ ਚਾਹੀਦਾ ਹੈ?
ਕਰੀਅਰ ਕੌਂਸਲਰ ਅਤੇ ਸਾਬਕਾ ਇੰਜੀਨੀਅਰ, ਨੈਸ਼ਾਧ ਗਦਾਨੀ, ਕਹਿੰਦੇ ਹਨ ਕਿ ਆਸਟ੍ਰੇਲੀਆ ਵਿੱਚ ਬਾਇਓਡਾਟਾ ਸਬੂਤ-ਆਧਾਰਿਤ ਹੋਣਾ ਚਾਹੀਦਾ ਹੈ।
ਉਹ ਦੱਸਦਾ ਹੈ, ''ਸਿਰਫ਼ ਇਹ ਨਾ ਕਹੋ ਕਿ ਤੁਹਾਡੇ ਕੋਲ ਪ੍ਰੋਜੈਕਟ ਮੈਨੇਜਮੈਂਟ ਦਾ ਤਜਰਬਾ ਹੈ।" (ਉਦਾਹਰਣ ਵਜੋਂ,) 'ਪੰਜ ਸਾਲਾਂ ਵਿੱਚ 10 ਮਿਲੀਅਨ ਡਾਲਰ ਦੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਪ੍ਰਬੰਧਨ ਕੀਤਾ।' ਮਾਲਿਕ ਇਹ ਹੀ ਦੇਖਣਾ ਚਾਹੁੰਦੇ ਹਨ।ਨੈਸ਼ਾਧ ਗਦਾਨੀ
ਇੱਕ ਅਨੁਕੂਲਿਤ, ਨਤੀਜਾ-ਕੇਂਦ੍ਰਿਤ ਬਾਇਓਡਾਟਾ ਅਕਸਰ ਧਿਆਨ ਖਿੱਚਣ ਦੀ ਕੁੰਜੀ ਹੁੰਦਾ ਹੈ।

ਪ੍ਰਵਾਸੀ ਇੰਜੀਨੀਅਰਾਂ ਲਈ ਨੈੱਟਵਰਕਿੰਗ ਕਿੰਨੀ ਮਹੱਤਵਪੂਰਨ ਹੈ?
ਹੰਨਾਹ ਕਹਿੰਦੀ ਹੈ ਕਿ ਉਸ ਨੂੰ ਨੌਕਰੀ ਦੀਆਂ ਅਰਜ਼ੀਆਂ ਰਾਹੀਂ ਨਹੀਂ, ਸਗੋਂ ਐਡੀਲੇਡ ਵਿੱਚ ਇੱਕ ਚਾਕਲੇਟ ਫੈਕਟਰੀ ਵਿੱਚ ਕੰਮ ਕਰਦੇ ਹੋਏ ਸਫਲਤਾ ਹਾਸਿਲ ਹੋਈ । ਉਸਦੇ ਤਕਨੀਕੀ ਹੁਨਰ ਨੇ ਮੈਨੇਜਮੈਂਟ ਦਾ ਧਿਆਨ ਖਿੱਚਿਆ, ਅਤੇ ਜਦੋਂ ਇੱਕ ਇੰਜੀਨੀਅਰਿੰਗ ਦੀ ਅਸਾਮੀ ਖੁੱਲ੍ਹੀ ਤਾਂ ਉਸ ਨੂੰ ਇੱਕ ਅਰਜ਼ੀ ਦੇਣ ਲਈ ਉਤਸ਼ਾਹਿਤ ਕੀਤਾ ਗਿਆ।
ਕਿਉਂਕਿ ਤੁਸੀਂ ਇੱਕ ਪ੍ਰਵਾਸੀ ਹੋ, ਤੁਸੀਂ ਕਿਤੇ ਹੋਰ ਪੜ੍ਹਾਈ ਕੀਤੀ ਹੈ, ਤੁਹਾਡੇ ਕੋਲ ਪੇਸ਼ੇਵਰਾਂ ਦਾ ਉਹ ਨੈੱਟਵਰਕ ਨਹੀਂ ਹੈ ਜੋ ਤੁਹਾਡੀ ਸਿਫਾਰਸ਼ ਕਰ ਸਕੇ... ਪ੍ਰਵਾਸੀਆਂ ਲਈ ਇਹ ਸਭ ਤੋਂ ਵੱਡੀ ਚੁਣੌਤੀ ਹੈ।ਹੰਨਾਹ ਤਾਲੇਬੀ
ਨੈੱਟਵਰਕਿੰਗ ਨੇ ਹੰਨਾਹ ਨੂੰ ਉਨ੍ਹਾਂ ਮੌਕਿਆਂ ਲਈ ਸਿਫ਼ਾਰਸ਼ ਕੀਤੇ ਜਾਣ ਦਾ ਮੌਕਾ ਦਿੱਤਾ ਜੋ ਕਦੇ ਵੀ ਨੌਕਰੀ ਬੋਰਡਾਂ 'ਤੇ ਨਜ਼ਰ ਨਹੀਂ ਆਏ।
ਆਸਟ੍ਰੇਲੀਆ ਵਿੱਚ ਇੰਜੀਨੀਅਰਾਂ ਲਈ ਲੁਕਵੀਂ ਨੌਕਰੀ ਦੀ ਮਾਰਕੀਟ ਕੀ ਹੈ?
ਨੈਸ਼ਾਧ ਗਦਾਨੀ ਦੱਸਦੇ ਹਨ ਕਿ ਲਗਭਗ ਤਿੰਨ-ਚੌਥਾਈ ਨੌਕਰੀਆਂ ਦਾ ਕਦੇ ਇਸ਼ਤਿਹਾਰ ਨਹੀਂ ਦਿੱਤਾ ਜਾਂਦਾ। ਮਾਲਕ ਰੈਫਰਲ ਨੂੰ ਤਰਜੀਹ ਦਿੰਦੇ ਹਨ ਕਿਉਂਕਿ ਭਰਤੀ ਮਹਿੰਗੀ ਅਤੇ ਸਮਾਂ ਬਰਬਾਦ ਕਰਨ ਵਾਲੀ ਹੁੰਦੀ ਹੈ।
ਇਸਦਾ ਮਤਲਬ ਹੈ ਕਿ ਨੈੱਟਵਰਕਿੰਗ ਅਕਸਰ ਔਨਲਾਈਨ ਅਰਜ਼ੀ ਦੇਣ ਵਾਂਗ ਹੀ ਮਹੱਤਵਪੂਰਨ ਹੁੰਦੀ ਹੈ।
"ਲੋਕਾਂ ਨਾਲ ਗੱਲ ਕਰੋ," ਹੰਨਾਹ ਸਲਾਹ ਦਿੰਦੀ ਹੈ। "ਤੁਸੀਂ ਕਦੇ ਨਹੀਂ ਜਾਣਦੇ ਕਿ ਉਹ ਇੱਕ ਵਿਅਕਤੀ ਕੌਣ ਹੋਵੇਗਾ ਜੋ ਤੁਹਾਡੀ ਮਦਦ ਕਰੇਗਾ ਅਤੇ ਜੇਕਰ ਤੁਸੀਂ ਆਪਣੇ ਦਾਇਰੇ ਵਿੱਚ ਹੀ ਰਹੋਗੇ ਹੋ ਤਾਂ ਤੁਹਾਨੂੰ ਉਹ ਵਿਅਕਤੀ ਨਹੀਂ ਮਿਲੇਗਾ।"
Disclaimer: ਇਸ ਲੇਖ ਵਿੱਚ ਦਿੱਤੀ ਗਈ ਜਾਣਕਾਰੀ ਇੱਕ ਆਮ ਉਦਾਹਰਣ ਵਜੋਂ ਦਿੱਤੀ ਗਈ ਹੈ ਅਤੇ ਪ੍ਰਕਾਸ਼ਨ ਦੇ ਸਮੇਂ ਸਹੀ ਹੈ। ਸਭ ਤੋਂ ਨਵੀਨਤਮ ਅਤੇ ਵਿਸਤ੍ਰਿਤ ਜਾਣਕਾਰੀ ਲਈ, ਕਿਰਪਾ ਕਰਕੇ ਇੰਜੀਨੀਅਰਜ਼ ਆਸਟ੍ਰੇਲੀਆ ਅਤੇ ਆਸਟ੍ਰੇਲੀਆਈ ਸਰਕਾਰ ਦੇ ਗ੍ਰਹਿ ਮਾਮਲਿਆਂ ਦੇ ਵਿਭਾਗ ਵਰਗੇ ਅਧਿਕਾਰਤ ਅਧਿਕਾਰੀਆਂ ਨਾਲ ਸੰਪਰਕ ਕਰੋ । ਵਿਅਕਤੀਆਂ ਨੂੰ ਆਪਣੇ ਨਿੱਜੀ ਹਾਲਾਤਾਂ ਦੇ ਅਨੁਸਾਰ ਸਲਾਹ ਲੈਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।






