Key Points
- ਫਸਟ ਨੇਸ਼ਨ ਦੀ ਕਲਾਕਾਰੀ ਵਿਭਿੰਨ ਹੈ ਅਤੇ ਡਾਟ ਪੇਂਟਿੰਗ ਤੱਕ ਸੀਮਿਤ ਨਹੀਂ ਹੈ।
- ਕਲਾ ਇੱਕ ਅਜਿਹਾ ਮਾਧਿਅਮ ਸੀ ਜਿਸ ਵਿੱਚ ਸੱਭਿਆਚਾਰਕ ਕਹਾਣੀਆਂ, ਅਧਿਆਤਮਿਕ ਵਿਸ਼ਵਾਸ ਅਤੇ ਗਿਆਨ ਪੀੜ੍ਹੀ ਦਰ ਪੀੜ੍ਹੀ ਲੰਘਾਇਆ ਜਾਂਦਾ ਸੀ, ਅਤੇ ਅੱਜ ਵੀ ਜਾਰੀ ਹੈ।
- ਇਹ ਕਲਾਕ੍ਰਿਤੀਆਂ ਕਲਾਕਾਰਾਂ ਨੂੰ ਆਪਣੇ ਦੇਸ਼ ਨਾਲ ਜੁੜਿਆ ਹੋਇਆ ਮਹਿਸੂਸ ਕਰਨ ਵਿੱਚ ਮਦਦ ਕਰਦੀਆਂ ਹਨ।
- ਚਿੰਨ੍ਹ ਉਹਨਾਂ ਦੀ ਵਰਤੋਂ ਕਰਨ ਵਾਲੇ ਕਲਾਕਾਰਾਂ ਦੀਆਂ ਵਿਆਖਿਆਵਾਂ 'ਤੇ ਨਿਰਭਰ ਹਨ।
ਫਸਟ ਨੇਸ਼ਨਜ਼ ਦੀਆਂ ਕਲਾਕ੍ਰਿਤੀਆਂ ਦੁਨੀਆ ਵਿੱਚ ਸਭ ਤੋਂ ਪੁਰਾਣੀਆਂ ਹਨ ਜੋ ਕਿ 17,500 ਸਾਲ ਪੁਰਾਣੀ ਰੌਕ ਪੇਂਟਿੰਗ ਵਜੋਂ ਇੱਕ ਅਮੀਰ ਇਤਿਹਾਸ ਨੂੰ ਦਰਸਾਉਂਦੀਆਂ ਹਨ।
ਇਹਨਾਂ ਕਲਾਕ੍ਰਿਤੀਆਂ ਨੇ ਮਹੱਤਵਪੂਰਨ ਮਾਧਿਅਮ ਵਜੋਂ ਕੰਮ ਕੀਤਾ ਹੈ ਜਿਸ ਰਾਹੀਂ ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਲੋਕਾਂ ਨੇ ਆਪਣੀਆਂ ਸੱਭਿਆਚਾਰਕ ਕਹਾਣੀਆਂ, ਅਧਿਆਤਮਿਕ ਵਿਸ਼ਵਾਸਾਂ ਅਤੇ ਜ਼ਮੀਨ ਦੇ ਜ਼ਰੂਰੀ ਗਿਆਨ ਨੂੰ ਲਗਾਤਾਰ ਪ੍ਰਸਾਰਿਤ ਕੀਤਾ ਹੈ।
ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਲੋਕਾਂ ਨੇ ਕਲਾ ਦੇ ਵੱਖ-ਵੱਖ ਰੂਪਾਂ ਦੀ ਵਰਤੋਂ ਕਰ ਕੇ ਆਪਣੀਆਂ ਮੌਖਿਕ ਪਰੰਪਰਾਵਾਂ ਨੂੰ ਨਿਖਾਰਿਆ ਹੈ।
ਸਵਦੇਸ਼ੀ ਕਲਾ ਵਿੱਚ ਕਈ ਸ਼ੈਲੀਆਂ ਅਤੇ ਤਕਨੀਕਾਂ ਸ਼ਾਮਲ ਹਨ ਜਿਨ੍ਹਾਂ ਦਾ ਫਸਟ ਨੇਸ਼ਨਜ਼ ਦੇ ਵਿਅਕਤੀਗਤ ਦੇਸ਼, ਸੱਭਿਆਚਾਰ ਅਤੇ ਭਾਈਚਾਰੇ ਨਾਲ ਡੂੰਘਾ ਸਬੰਧ ਹੈ।
ਮਾਰੀਆ ਵਾਟਸਨ-ਟਰੁਜੇਟ ਇੱਕ ਕੂਰੀ ਔਰਤ ਅਤੇ ਵਾਰਾਡੁਰੀ ਲੋਕਾਂ ਦੀ ‘ਫਰੈਸ਼ ਵਾਟਰ’ ਔਰਤ ਹੈ।
ਉਹ ਇੱਕ ਫਸਟ ਨੇਸ਼ਨਜ਼ ਸਲਾਹਕਾਰ ਅਤੇ ਇੱਕ ਸਵੈ-ਸਿੱਖਿਅਤ ਕਲਾਕਾਰ ਵੀ ਹੈ ਜੋ ਆਪਣੇ ਆਦਿਵਾਸੀ ਸੱਭਿਆਚਾਰ ਨੂੰ ਸਾਂਝਾ ਕਰਨ ਲਈ ਭਾਵੁਕ ਰਹਿੰਦੀ ਹੈ।
ਸ਼੍ਰੀਮਤੀ ਵਾਟਸਨ-ਟਰੁਜੇਟ ਦਾ ਕਹਿਣਾ ਹੈ ਕਿ ਲੋਕ ਅਕਸਰ ਆਦਿਵਾਸੀ ਕਲਾ ਨੂੰ ਲੈ ਕੇ ਗਲਤ ਧਾਰਨਾਵਾਂ ਰੱਖਦੇ ਹਨ।
ਉਹਨਾਂ ਮੁਤਾਬਕ ਕੁਝ ਲੋਕਾਂ ਦੇ ਵਿਚਾਰ ਹਨ ਕਿ ਡੋਟ ਪੇਂਟਿੰਗ ਰਵਾਇਤੀ ਹੈ ਅਤੇ ਆਦਿਵਾਸੀ ਕਲਾ ਦਾ ਇੱਕੋ ਇੱਕ ਸੱਚਾ ਰੂਪ ਹੈ। ਪਰ ਅਜਿਹਾ ਨਹੀਂ ਹੈ, ਅਤੇ ਇਹ ਗਲਤ ਸੋਚ ਹੈ।
ਡੋਟ ਪੇਂਟਿੰਗ 1970 ਦੇ ਦਹਾਕੇ ਵਿੱਚ ਪਪੁਨੀਆ ਤੋਂ ਪੱਛਮੀ ਮਾਰੂਥਲ ਕਲਾ ਅੰਦੋਲਨ ਦੌਰਾਨ ਉਭਰੀ ਸੀ। ਇਹ ਛੋਟਾ ਜਿਹਾ ਆਦਿਵਾਸੀ ਭਾਈਚਾਰਾ ਐਲਿਸ ਸਪ੍ਰਿੰਗਜ਼ ਦੇ ਉੱਤਰ-ਪੱਛਮ ਵਿੱਚ ਸਥਿਤ ਹੈ। ਇਹ ਉਹ ਥਾਂ ਸੀ ਜਿੱਥੇ ਆਦਿਵਾਸੀ ਕਲਾਕਾਰਾਂ ਨੇ ਬੋਰਡਾਂ ‘ਤੇ ਐਕਰੀਲਿਕ ਪੇਂਟ ਦੀ ਵਰਤੋਂ ਕਰਕੇ ਆਪਣੀਆਂ ਰਵਾਇਤੀ ਕਹਾਣੀਆਂ ਨੂੰ ਪੇਂਟ ਕਰਨਾ ਸ਼ੁਰੂ ਕੀਤਾ ਸੀ।
ਸੱਭਿਆਚਾਰ ਦੀ ਸਾਂਝ ਪਾਉਣੀ
ਸ਼੍ਰੀਮਤੀ ਵਾਟਸਨ-ਟਰੂਜੇਟ ਨੇ ਫੁੱਲ ਟਾਈਮ ਯੂਨੀਵਰਸਿਟੀ ਦੀ ਪੜਾਈ ਤੋਂ ਕੁੱਝ ਰਾਹਤ ਹਾਸਲ ਕਰਨ ਲਈ 2009 ਵਿੱਚ ਪੇਟਿੰਗ ਸ਼ੁਰੂ ਕੀਤੀ ਸੀ। ਪਰ ਉਹਨਾਂ ਨੂੰ ਜਲਦੀ ਹੀ ਇਹ ਅਹਿਸਾਸ ਹੋਗਿਆ ਕਿ ਕਲਾ ਮਨ ਨੂੰ ਸ਼ਾਂਤ ਕਰਨ ਦੇ ਤਰੀਕੇ ਤੋਂ ਕਈ ਗੁਣਾ ਵੱਧ ਕੇ ਲਾਭਦਾਇਕ ਹੈ।
ਇਹ ਮੇਰੀ ਕਹਾਣੀ ਨੂੰ ਹੋਰ ਲੋਕਾਂ ਨਾਲ ਸਾਂਝਾ ਕਰਨ, [ਅਤੇ] ਮੇਰੇ ਸੱਭਿਆਚਾਰ ਨੂੰ ਜ਼ਿੰਦਾ ਰੱਖਣ ਬਾਰੇ ਹੈ। ਇਹ ਮੈਨੂੰ ਮੇਰੇ ਆਦਿਵਾਸੀ ਸੱਭਿਆਚਾਰ, ਮੇਰੇ ਦੇਸ਼, ਮੇਰੇ ਪੁਰਾਣੇ ਲੋਕਾਂ, ਅਤੇ ਉਸ ਗਿਆਨ ਨਾਲ ਜੁੜਨ ਵਿੱਚ ਵੀ ਸਹਾਇਤਾ ਕਰਦਾ ਹੈ ਜੋ ਮੈਂ ਪਰਿਵਾਰ ਨਾਲ ਦੇਸ਼ ਵਿੱਚ ਵੱਡੇ ਹੋਣ ਦੌਰਾਨ ਸਿੱਖਿਆ ਹੈ।Maria Watson-Trudgett
ਗਮੀਲਾਰੋਏ/ਬੀਗਾਬਲ ਅਤੇ ਯੋਰਟਾ ਯੋਰਟਾ ਕਲਾਕਾਰ, ਆਰਕੇਰੀਆ ਰੋਜ਼ ਆਰਮਸਟ੍ਰੋਂਗ ਲਈ, ਕਲਾ ਹਮੇਸ਼ਾਂ ਉਸ ਦੇ ਜੀਵਨ ਦਾ ਹਿੱਸਾ ਰਹੀ ਹੈ।
ਸ਼੍ਰੀਮਤੀ ਆਰਮਸਟ੍ਰੋਂਗ ਦੀ ਕਲਾ ਉਸਦੇ ਦਾਦਾ-ਦਾਦੀ ਤੋਂ ਬਹੁਤ ਪ੍ਰਭਾਵਿਤ ਹੈ ਜੋ ਕਿ ਖੁਦ ਕਲਾਕਾਰ ਸਨ।
ਉਸਦੀ ਦਾਦੀ ਇੱਕ ਗਮੀਲਾਰੋਏ ਬਜ਼ੁਰਗ ਸੀ ਜੋ ਕਿ ਖੇਤਰ ਦੇ ਆਖਰੀ ਸੈਂਡ ਚਿੱਤਰਕਾਰਾਂ ਵਿੱਚੋਂ ਇੱਕ ਸਨ।
ਉਸਦੇ ਦਾਦਾ ਜੋ ਕਿ ਯੋਰਟਾ ਯੋਰਟਾ ਬਜ਼ੁਰਗ ਸਨ, ਉਹਨਾਂ ਨੇ ਵੀ ਆਰਮਸਟ੍ਰੋਂਗ ਨੂੰ ਕਈ ਤਕਨੀਕਾਂ ਸਿਖਾਈਆਂ ਸਨ।
ਸ਼੍ਰੀਮਤੀ ਆਰਮਸਟ੍ਰੋਂਗ ਆਪਣੀ ਕਲਾ ਨੂੰ ਉਹਨਾਂ ਦੇ ਦੋ ਦੇਸ਼ਾਂ ਦੇ ‘ਇੰਟਰਵਿਨਿੰਗ’ ਵਜੋਂ ਦਰਸਾਉਂਦੇ ਹਨ।

ਉਹ ਕਹਿੰਦੇ ਹਨ ਕਿ ਆਰਟਵਰਕ ‘ਤੇ ਕੰਮ ਕਰਨ ਸਮੇਂ ਉਹ ਕਈ ਭਾਵਨਾਵਾਂ ਦਾ ਸਾਹਮਣਾ ਕਰਦੇ ਹਨ ਜੋ ਉਹਨਾਂ ਨੂੰ ਇਹ ਦਰਸਾਉਣ ਵਿੱਚ ਮਦਦ ਕਰਦੀਆਂ ਹਨ ਕਿ ਦੇਸ਼ ਉਹਨਾਂ ਲਈ ਕੀ ਮਾਇਨੇ ਰੱਖਦਾ ਹੈ।
ਅਤੇ ਉਹ ਆਪਣੀ ਧੀ ਨੂੰ ਵੀ ਇਸ ਕਲਾ ਅਤੇ ਤਕਨੀਕ ਬਾਰੇ ਜਾਣੂ ਕਰਵਾ ਰਹੀ ਹੈ।
ਸੱਭਿਆਚਾਰ ਨੂੰ ਜਾਰੀ ਰੱਖਣ ਲਈ, ਤੁਹਾਨੂੰ ਸੱਭਿਆਚਾਰ ਨੂੰ ਸਾਂਝਾ ਕਰਨ ਦੀ ਲੋੜ ਹੈ, ਅਤੇ ਤੁਹਾਨੂੰ ਸੱਭਿਆਚਾਰ ਦਾ ਅਭਿਆਸ ਕਰਨ ਦੀ ਲੋੜ ਹੈ। ਸਾਡੀ ਅਗਲੀ ਪੀੜ੍ਹੀ ਨਾਲ ਸਾਂਝਾ ਕਰਨਾ ਇਹ ਯਕੀਨੀ ਬਣਾਉਣਾ ਹੈ ਕਿ ਉਹ ਗੱਲਬਾਤ ਕਰਨ ਲਈ ਹਮੇਸ਼ਾਂ ਤਿਆਰ ਰਹਿਣ।Arkeria Rose Armstrong
ਸੱਭਿਆਚਾਰ ਨਾਲ ਸਬੰਧ
ਦਾਵਿੰਦਰ ਹਾਰਟ ਇੱਕ ਕਲਾਕਾਰ ਹੈ ਜਿਸ ਦੀ ਪਰਵਾਰਕ ਸਾਂਝ ਨੂਨਗਾ ਕੰਟਰੀ ਨਾਲ ਹੈ ਜੋ ਕਿ ਆਸਟ੍ਰੇਲੀਆ ਦੇ ਦੱਖਣ-ਪੱਛਮ ਖੇਤਰ ਵਿੱਚ ਹੈ।
ਉਹਨਾਂ ਨੇ ਆਪਣਾ ਬਚਪਨ ਐਡੀਲੇਡ ਵਿੱਚ ਬਿਤਾਇਆ ਪਰ ਬਾਅਦ ਵਿੱਚ ਉਹਨਾਂ ਨੇ ਆਪਣੇ ਨੀਮਬਾ ਕੰਟਰੀ ਦੇ ਸੱਭਿਆਚਾਰ ਨਾਲ ਮੁੜ ਸਾਂਝ ਕਾਇਮ ਕੀਤੀ ਜੋ ਕਿ ਨਿਊ ਸਾਊਥ ਵੇਲਜ਼ ਵਿੱਚ ਹੈ।
ਸ਼੍ਰੀਮਾਨ ਹਾਰਟ ਨੇ ਆਪਣੇ ਸ਼ੁਰੂਆਤੀ ਸਾਲਾਂ ਦੌਰਾਨ ਮਹੱਤਵਪੂਰਨ ਚੁਣੌਤੀਆਂ ਦਾ ਅਨੁਭਵ ਕੀਤਾ।
ਉਹਨਾਂ 16 ਸਾਲਾਂ ਦੀ ਉਮਰ ਵਿੱਚ ਸਕੂਲ ਛੱਡ ਦਿੱਤਾ ਸੀ। ਨਸ਼ੇ ਦੀ ਆਦਤ ਨੂੰ ਛੱਡਣ ਲਈ ਸੰਘਰਸ਼ ਕਰਦਿਆਂ ਉਹਨਾਂ ਨੂੰ ਰੁਜ਼ਗਾਰ ਲੱਭਣ ਲਈ ਵੀ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।
ਹਾਲਾਂਕਿ ਉਸਦੇ ਕਰੀਬੀਆਂ ਵੱਲੋਂ ਮਿਲੇ ਸਮਰਥਨ ਅਤੇ ਮਾਰਗਦਰਸ਼ਨ ਕਾਰਨ ਉਸਦੀ ਜ਼ਿੰਦਗੀ ਨੇ ਨਵਾਂ ਮੋੜ ਲਿਆ।
ਸ਼੍ਰੀਮਾਨ ਹਾਰਟ ਦਾ ਗਿਆਨ ਉਹਨਾਂ ਦੀ ਕਲਾਕਾਰੀ ਵਿੱਚ ਝਲਕਦਾ ਹੈ।
ਉਹ ਕਹਿੰਦੇ ਹਨ ਕਿ ਕਲਾ ਨਾ ਸਿਰਫ ਕਹਾਣੀਆਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਦਾ ਇੱਕ ਜ਼ਰੀਆ ਹੈ ਬਲਕਿ ਉਹਨਾਂ ਲਈ ਇੱਕ ਇਲਾਜ ਵਜੋਂ ਵੀ ਕੰਮ ਕਰਦੀ ਹੈ।

ਸਾਂਝੇ ਬਿਰਤਾਂਤ ਦਾ ਹਿੱਸਾ ਬਣੋ
ਸ਼੍ਰੀਮਤੀ ਵਾਟਸਨ ਟਰੂਜੇਟ ਦੀ ਕਲਾ ਅਮੂਰਤ ਕਲਾ ਅਤੇ ਸੱਭਿਆਚਾਰਕ ਨਮੂਨੇ ਦਾ ਇੱਕ ਸਮਕਾਲੀ ਸੰਯੋਜਨ ਹੈ। ਉਹ ਵਹਿੰਦੀਆਂ ਲਕੀਰਾਂ ਅਤੇ ਆਦਿਵਾਸੀ ਪ੍ਰਤੀਕਾਂ ਦੀ ਵਰਤੋਂ ਇਸ ਤਰਹਾਂ ਕਰਦੇ ਹਨ ਜਿਵੇਂ ਉਹਨਾਂ ਦੇ ਪੂਰਵਜਾਂ ਦੁਆਰਾ ਜ਼ਮੀਨ ‘ਤੇ ਚਿੰਨ੍ਹ ਬਣਾਏ ਜਾਂਦੇ ਸਨ।
ਹਾਲਾਂਕਿ ਕੁਝ ਚਿੰਨ੍ਹ ਸਰਵ ਵਿਆਪਕ ਹੋ ਸਕਦੇ ਹਨ ਜੋ ਦੂਸਰੇ ਵੱਖ-ਵੱਖ ਕਲਾਕਾਰਾਂ ਲਈ ਵੱਖੋ-ਵੱਖਰੇ ਅਰਥ ਰੱਖ ਸਕਦੇ ਹਨ।
ਉਹ ਕਹਿੰਦੇ ਹਨ ਕਿ ਪ੍ਰਤੀਕ ਉਹਨਾਂ ਕਲਾਕਾਰਾਂ ਦੀਆਂ ਵਿਆਖਿਆਵਾਂ 'ਤੇ ਨਿਰਭਰ ਹਨ ਜੋ ਉਹਨਾਂ ਦੀ ਵਰਤੋਂ ਕਰ ਰਹੇ ਹਨ। ਕਦੇ ਇਹ ਨਾ ਸੋਚੋ ਕਿ ਪ੍ਰਤੀਕਾਂ ਦੀ ਵਰਤੋਂ ਦਾ ਮਤਲਬ ਕਿਸੇ ਹੋਰ ਕਲਾਕਾਰ ਲਈ ਵੀ ਉਹੀ ਹੋ ਸਕਦਾ ਹੈ।
ਗੈਰ-ਆਦਿਵਾਸੀ ਲੋਕਾਂ ਲਈ, ਫਸਟ ਨੇਸ਼ਨ ਦੀ ਕਲਾ ਉਹਨਾਂ ਦੇ ਵਿਲੱਖਣ ਸੱਭਿਆਚਾਰ ਅਤੇ ਰਚਨਾਤਮਕ ਪਰੰਪਰਾਵਾਂ ਦੀ ਡੂੰਘੀ ਝਲਕ ਪੇਸ਼ ਕਰ ਸਕਦੀ ਹੈ।
ਸ਼੍ਰੀਮਤੀ ਆਰਮਸਟ੍ਰੌਂਗ ਕਹਿੰਦੇ ਹਨ ਕਿ ਸ਼ੁਰੂਆਤ ਕਰਨ ਲਈ ਕਿਸੇ ਕਲਾ ਵਿੱਚ ਦਰਸ਼ਾਈ ਗਈ ਕਹਾਣੀ ਬਾਰੇ ਪੁੱਛਿਆ ਜਾ ਸਕਦਾ ਹੈ।
ਉਹਨਾਂ ਨੂੰ ਆਪਣੀਆਂ ਪ੍ਰਦਰਸ਼ਨੀਆਂ ਵਿੱਚ ਸ਼ਾਮਲ ਹੋਣਾ ਅਤੇ ਕਲਾਕਾਰੀ ਬਾਰੇ ਲੋਕਾਂ ਨਾਲ ਗੱਲਬਾਤ ਕਰਨਾ ਬਹੁਤ ਪਸੰਦ ਹੈ।
ਇਸ ਬਾਰੇ ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਫੇਸਬੁੱਕ ਤੇ X ਉੱਤੇ ਵੀ ਫਾਲੋ ਕਰੋ।






