Key Points
- ਮਸ਼ਰੂਮ ਦੀਆਂ ਇੱਕ ਲੱਖ ਵਿਲੱਖਣ ਕਿਸਮਾਂ ਵਿੱਚੋਂ ਆਸਟ੍ਰੇਲੀਆ ਵਿੱਚ ਅੰਦਾਜ਼ਨ ਚੌਥਾਈ ਹਿੱਸਾ ਪਾਇਆ ਜਾਂਦਾ ਹੈ।
- ਆਸਟ੍ਰੇਲੀਆ ਵਿੱਚ ਮਸ਼ਰੂਮਾਂ ਦੀਆਂ ਖਾਧੀਆਂ ਜਾਣ ਵਾਲੀਆਂ ਕਿਸਮਾਂ ਦੀ ਪਛਾਣ ਕਰਨ ਲਈ ਸਾਵਧਾਨੀ ਅਤੇ ਮੁਹਾਰਤ ਦੀ ਲੋੜ ਹੁੰਦੀ ਹੈ।
- ਘਾਤਕ 'ਡੈਥ ਕੈਪ ਮਸ਼ਰੂਮਜ਼' ਨੂੰ ਹੋਰ ਜੰਗਲੀ ਮਸ਼ਰੂਮਾਂ ਤੋਂ ਵੱਖਰਾ ਕਰ ਕੇ ਦੇਖਣਾ ਬਹੁਤ ਮੁਸ਼ਕਲ ਹੈ ਕਿਉਂਕਿ ਇਹ ਖਾਣ ਵਾਲੀਆਂ ਕਿਸਮਾਂ ਵਰਗੀਆਂ ਹੀ ਲੱਗਦੀਆਂ ਹਨ।
ਦੁਨੀਆ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਖੁੰਬਾਂ ਦਾ ਭੋਜਨ ਕਾਫੀ ਪ੍ਰਸਿੱਧ ਹੈ, ਪਰ ਆਸਟ੍ਰੇਲੀਆ ਵਿੱਚ ਨਵੇਂ ਆਏ ਪ੍ਰਵਾਸੀਆਂ ਨੂੰ ਸ਼ਾਇਦ ਇੱਹ ਪਤਾ ਨਾ ਹੋਵੇ ਕਿ ਜੰਗਲੀ ਉੱਲੀ ਜਿਹੜੀ ਉਹ ਆਮ ਖੁੱਲੇ ਇਲਾਕਿਆਂ ਵਿੱਚ ਦੇਖਦੇ ਹਨ, ਹਾਨੀਕਾਰਕ ਵੀ ਹੋ ਸਕਦੀ ਹੈ।
ਕੁੱਝ ਪ੍ਰਵਾਸੀਆਂ ਲਈ ਮਸ਼ਰੂਮ ਦਾ ਖਾਣਾ ਉਹਨਾਂ ਦੀਆਂ ਭਾਵਨਾਵਾਂ ਅਤੇ ਸੱਭਿਆਚਾਰ ਨਾਲ ਜੁੜਿਆ ਹੋ ਸਕਦਾ ਹੈ ਅਤੇ ਇਸ ਨੂੰ ਪਰਿਵਾਰ ਅਤੇ ਦੋਸਤਾਂ ਲਈ ਇੱਕ ਸਮਾਜਿਕ ਗਤੀਵਿਧੀ ਵਜੋਂ ਜਾਂ ਭੋਜਨ ਲੱਭਣ ਦੇ ਇੱਕ ਸਰੋਤ ਵਜੋਂ ਦੇਖਿਆ ਜਾ ਸਕਦਾ ਹੈ।
ਸਿਡਨੀ ਦੀ ਕ੍ਰਿਸਟੀ ਬਾਰਬਰਾ, ਆਪਣੀ ਦਾਦੀ ਨੂੰ ਯਾਦ ਕਰਦਿਆਂ ਬਚਪਨ ਵਿੱਚ ਵਿਕਟੋਰੀਆ ਦੇ ਅਲਟੋਨਾ ਦੇ ਨੇੜੇ ਮਸ਼ਰੂਮ ਖਾਣ ਦਾ ਜ਼ਿਕਰ ਕਰਦੀ ਹੈ।
"ਮੇਰੀ ਦਾਦੀ 1940 ਦੇ ਦਹਾਕੇ ਦੇ ਅਖੀਰ ਵਿੱਚ ਮਾਲਟਾ ਤੋਂ ਆਸਟ੍ਰੇਲੀਆ ਆਈ ਸੀ ਅਤੇ ਆਪਣੇ ਸ਼ੁਰੂਆਤੀ ਸਾਲਾਂ ਵਿੱਚ ਜਦੋਂ ਉਹਨਾਂ ਨੇ ਮਸ਼ਰੂਮਿੰਗ ਸ਼ੁਰੂ ਕੀਤੀ ਤਾਂ ਉਹ ਉਹਨਾਂ ਨੂੰ ਖੁੱਸ਼ ਰੱਖਣ ਦਾ ਇੱਕ ਜ਼ਰੀਆ ਸੀ।"
ਨਿਊ ਸਾਊਥ ਵੇਲਜ਼ ਵਿੱਚ ਵਾਈਲਡ ਫੂਡ ਵਰਕਸ਼ਾਪ ਤੋਂ ਡਿੲੋਗੇ ਬੋਨੇਟ ਲੋਕਾਂ ਨੂੰ ਜੰਗਲੀ ਭੋਜਨ ਅਤੇ ਖਾਸ ਕਰ ਪਾਈਨ ਦੇ ਜੰਗਲਾਂ ਵਿੱਚ ਖੁੰਬਾਂ ਨੂੰ ਗ੍ਰਹਿਣ ਕਰਨ ਬਾਰੇ ਸਿਖਲਾਈ ਦਿੰਦੇ ਹਨ।

ਉਹ ਕਹਿੰਦੇ ਹਨ ਕਿ ਬਿਨਾਂ ਇਹ ਜਾਣੇ ਕਿ ਕਿਹੜੀਆਂ ਖੁੰਬਾਂ ਜ਼ਹਿਰੀਲੀਆਂ ਹੋ ਸਕਦੀਆਂ ਹਨ, ਉਹਨਾਂ ਨੂੰ ਗ੍ਰਹਿਣ ਕਰਨਾ ਕਾਫੀ ਖਤਰਨਾਕ ਹੋ ਸਕਦਾ ਹੈ।
ਪ੍ਰੋਫੈਸਰ ਬ੍ਰੈਟ ਸਮਰੈਲ ਸਿਡਨੀ ਦੇ ਬੋਟੈਨਿਕ ਗਾਰਡਨ ਵਿਖੇ, ਆਸਟ੍ਰੇਲੀਅਨ ਇੰਸਟੀਟਿਊਟ ਆਫ਼ ਬੋਟੈਨੀਕਲ ਸਾਇੰਸ ਵਿੱਚ ਵਿਗਿਆਨ, ਸਿੱਖਿਆ ਅਤੇ ਸੰਭਾਲ ਦੇ ਮੁੱਖ ਵਿਗਿਆਨੀ ਅਤੇ ਨਿਰਦੇਸ਼ਕ ਹਨ।
ਉਹ ਕਹਿੰਦੇ ਹਨ ਕਿ ਆਸਟ੍ਰੇਲੀਆ ਵਿੱਚ ਖਾਣਯੋਗ ਮਸ਼ਰੂਮਾਂ ਦੀਆਂ ਕਿਸਮਾਂ ਦੀ ਪਛਾਣ ਕਰਨ ਲਈ ਸਾਵਧਾਨੀ ਅਤੇ ਮੁਹਾਰਤ ਦੀ ਲੋੜ ਹੁੰਦੀ ਹੈ।
ਪ੍ਰੋਫੈਸਰ ਸਮਰੈਲ ਪੌਦਿਆਂ ਦੇ ਰੋਗਾਂ ਦੇ ਵਿਗਿਆਨੀ ਅਤੇ 'ਫਮਜਾਈ' ਮਾਹਿਰ ਵੀ ਹਨ। ਉਹਨਾਂ ਨੇ ਉੱਲੀ ਦੀਆਂ 120 ਤੋਂ ਵੱਧ ਕਿਸਮਾਂ ਦਾ ਵਰਣਨ ਕਰਨ ਵਿੱਚ ਮਦਦ ਕੀਤੀ ਹੈ ਅਤੇ 150 ਤੋਂ ਵੱਧ ਜਨਰਲ ਲੇਖ, ਕਿਤਾਬਾਂ ਅਤੇ ਕਿਤਾਬਾਂ ਦੇ ਅਧਿਆਏ ਪ੍ਰਕਾਸ਼ਿਤ ਕੀਤੇ ਹਨ।
ਉਹਨਾਂ ਦੱਸਿਆ ਕਿ ਪਿਛਲੇ ਕੁੱਝ ਸਾਲਾਂ ਦੌਰਾਨ ਆਸਟ੍ਰੇਲੀਆ ਵਿੱਚ ਜ਼ਹਿਰੀਲੇ ਮਸ਼ਰੂਮ ਖਾਣ ਨਾਲ ਕੁੱਝ ਲੋਕਾਂ ਦੀ ਮੌਤ ਵੀ ਹੋਈ ਹੈ।
ਆਸਟ੍ਰੇਲੀਆ ਵਿੱਚ ਖੁੰਭਾਂ ਦੀਆਂ ਇੱਕ ਲੱਖ ਵਿਲੱਖਣ ਕਿਸਮਾਂ ਦਾ ਅੰਦਾਜ਼ਨ ਚੌਥਾਈ ਹਿੱਸਾ ਹੈ।
ਪ੍ਰੋਫੈਸਰ ਸਮਰੇਲ ਦਾ ਕਹਿਣਾ ਹੈ ਕਿ ਜ਼ਹਿਰੀਲੀਆਂ ਪ੍ਰਜਾਤੀਆਂ ਦੀ ਪਛਾਣ ਕਰਨ ਲਈ ਵਿਸ਼ੇਸ਼ ਗਿਆਨ ਹੋਣ ਦੀ ਲੋੜ ਹੈ।
ਡੈਥ ਕੈਪ ਮਸ਼ਰੂਮ
ਡੈਥ ਕੈਪ ਮਸ਼ਰੂਮ (ਅਮੈਨਿਟਾ ਫੇਲੋਈਡਜ਼) ਤਸਮਾਨੀਆ, ਵਿਕਟੋਰੀਆ, ਦੱਖਣੀ ਆਸਟ੍ਰੇਲੀਆ ਅਤੇ ਏ.ਸੀ.ਟੀ ਵਿੱਚ ਪਾਈ ਜਾਂਦੀ ਹੈ।
ਤਸਮਾਨੀਆ ਵਿੱਚ, ਕੋਰਟਿਨਾਰੀਅਸ ਈਅਰਟੋਕਸਿਕਸ ਦੀ ਕਿਸਮ ਨਾਲ ਕਿਡਨੀ ਫੇਲ ਹੋ ਜਾਂਦੀ ਹੈ ਜਿਸ ਲਈ ਡਾਇਲਸਿਸ ਦੀ ਲੋੜ ਪੈਂਦੀ ਹੈ।

ਅਜਿਹੀਆਂ ਕਿਸਮਾਂ ਵਿਕਟੋਰੀਆ ਵਿੱਚ ਹੋਣ ਬਾਰੇ ਸੰਭਾਵਨਾਵਾਂ ਵੀ ਹਨ ਪਰ ਅਜੇ ਤੱਕ ਇਸ ਬਾਰੇ ਰਸਮੀ ਤੌਰ ਉੱਤੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ।
ਪਛਾਣ ਕਰਨ ਦੀ ਮੁਹਾਰਤ
ਸ਼੍ਰੀਮਾਨ ਬੋਨੇਟੋ ਫੋਰੈਸਟਰੀ ਨਿਊ ਸਾਊਥ ਵੇਲਜ਼ ਦੇ ਨਾਲ ਇੱਕ ਰਜਿਸਟਰਡ ਫੋਰੇਜਿੰਗ ਇੰਸਟ੍ਰਕਟਰ ਹਨ। ਉਹ ਕਹਿੰਦੇ ਹਨ ਕਿ ਖਾਣ ਵਾਲੀਆਂ ਖੁੰਭਾਂ ਅਤੇ ਜ਼ਹਿਰੀਲੀਆਂ ਖੁੰਭਾਂ ਵਿਚਲਾ ਫਰਕ ਪਛਾਨਣ ਲਈ ਤੁਹਾਨੂੰ ਖਾਸ ਵਿਸ਼ੇਸ਼ਤਾਵਾਂ ਦੀ ਪਛਾਣ ਕਰਨ ਦੀ ਲੋੜ ਹੁੰਦੀ ਹੈ ਜੋ ਕਿ ਕਦੇ-ਕਦਾਈ ਦਿਖਾਈ ਹੀ ਨਹੀਂ ਦਿੰਦੀਆਂ ਅਤੇ ਜਾਂ ਫਿਰ ਛੋਟੀ ਜਾਂ ਵੱਡੀ ਉਮਰ ਦੇ ਨਮੂਨਿਆਂ ਵਿੱਚ ਉਲਝਣ ਪੈਦਾ ਹੋ ਜਾਂਦੀ ਹੈ।
ਇਸ ਲਈ ਜੰਗਲ ਵਿੱਚ ਜਾਣ ਸਮੇਂ ਕਿਸੇ ਮਾਹਰ ਦਾ ਨਾਲ ਹੋਣਾ ਜ਼ਰੂਰੀ ਹੈ।
ਸ਼੍ਰੀਮਾਨ ਬੋਨੇਟੋ ਕਹਿੰਦੇ ਹਨ ਕਿ ਜਦੋਂ ਇੱਕ ਵਾਰ ਤੁਹਾਨੂੰ ਕਿਸੇ ਇਲਾਕੇ ਵਿੱਚ ਸੁਰੱਖਿਅਤ ਕਿਸਮਾਂ ਦੀ ਪਛਾਣ ਹੋ ਜਾਂਦੀ ਹੈ ਤਾਂ ਉਸਤੋਂ ਬਾਅਦ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਹੈ।
ਮੁਸ਼ਕਿਲ ਉਦੋਂ ਆਉਂਦੀ ਹੈ ਜਦੋਂ ਤੁਸੀਂ ਕਿਸੇ ਨਵੇਂ ਇਲਾਕੇ ਵਿੱਚ ਜਾਂਦੇ ਹੋ ਅਤੇ ਇੱਕੋ ਜਿਹੀਆਂ ਦਿੱਸਣ ਵਾਲੀਆਂ ਕਿਸਮਾਂ ਵਿੱਚ ਉਲਝ ਜਾਂਦੇ ਹੋ।
ਪ੍ਰੋਫੈਸਰ ਸਮਰੇਲ ਕਹਿੰਦੇ ਹਨ ਕਿ ਇਹ ਵੀ ਜ਼ਰੂਰੀ ਹੈ ਕਿ ਤੁਸੀਂ ਗਲ ਰਹੀ ਮਸ਼ਰੂਮ ਨੂੰ ਨਾ ਚੁਣੋ।

ਮਸ਼ਰੂਮ ਦਾ ਮੌਸਮ
ਸ਼੍ਰੀਮਾਨ ਬੋਨੇਟੋ ਦਾ ਕਹਿਣਾ ਹੈ ਕਿ ਮਸ਼ਰੂਮ ਖਾਣ ਦੇ ਚਾਹਵਾਨਾਂ ਲਈ ਇਹ ਜਾਨਣਾ ਜ਼ਰੂਰੀ ਹੈ ਕਿ ਮਸ਼ਰੂਮ ਦਾ ਸੀਜ਼ਨ ਕਦੋਂ ਸ਼ੁਰੂ ਹੁੰਦਾ ਹੈ।
ਠੰਡੇ ਅਤੇ ਸਿੱਲੇ ਮੌਸਮ ਦੌਰਾਨ ਜੰਗਲੀ ਖੇਤਰਾਂ ਵਿੱਚ ਖੁੰਭਾਂ ਪੈਦਾ ਹੁੰਦੀਆਂ ਹਨ।
ਉਹਨਾਂ ਦੱਸਿਆ ਕਿ ਵਿਕਟੋਰੀਆ ਵਿੱਚ ਇਹ ਥੋੜਾ ਸਮਾਂ ਪਹਿਲਾਂ ਸ਼ੁਰੂ ਹੋ ਜਾਂਦਾ ਹੈ ਅਤੇ ਨਿਊ ਸਾਊਥ ਵੇਲਜ਼ ਵਿੱਚ ਇਹ ਥੋੜਾ ਜਿਹਾ ਬਾਅਦ ਵਿੱਚ ਸ਼ੁਰੂ ਹੁੰਦਾ ਹੈ।
ਰਾਜ ਅਤੇ ਖੇਤਰਾਂ ਦੇ ਵੱਖੋ-ਵੱਖ ਕਾਨੂੰਨ
ਸ਼੍ਰੀਮਾਨ ਬੋਨੇਟੋ ਦੱਸਦੇ ਹਨ ਕਿ ਆਸਟ੍ਰੇਲੀਆ ਦੇ ਹਰੇਕ ਰਾਜ ਅਤੇ ਪ੍ਰਦੇਸ਼ ਵਿੱਚ ਖੂੰਭਾਂ ਨੂੰ ਇਕੱਠੇ ਕਰਨ ਬਾਰੇ ਵੱਖ-ਵੱਖ ਨਿਯਮ ਹਨ, ਇਸ ਲਈ ਤੁਹਾਡੇ ਸਥਾਨਕ ਖੇਤਰ ਵਿੱਚ ਨਿਯਮਾਂ ਤੋਂ ਜਾਣੂ ਹੋਣਾ ਮਹੱਤਵਪੂਰਨ ਹੈ।
ਸ਼੍ਰੀਮਾਨ ਬੋਨੇਟੋ ਦੱਸਦੇ ਹਨ ਕਿ ਨਿੱਜੀ ਜਾਇਦਾਦ ਉੱਤੇ ਖਾਣ ਲਈ ਮਸ਼ਰੂਮ ਉਗਾਉਣ ਦੀ ਇਜਾਜ਼ਤ ਹੁੰਦੀ ਹੈ।
ਨਿਊ ਸਾਊਥ ਵੇਲਜ਼ ਵਿੱਚ ਰਾਜ ਦੇ ਜੰਗਲਾਂ ਵਿੱਚ ਪਾਈਨ ਮਸ਼ਰੂਮ ਦੀ ਕਟਾਈ ਕਰਨ ਦੀ ਇਜਾਜ਼ਤ ਹੈ ਪਰ ਦੂਜੇ ਰਾਜਾਂ ਵਿੱਚ ਅਜਿਹਾ ਨਹੀਂ ਹੈ।
ਪੱਛਮੀ ਆਸਟ੍ਰੇਲੀਆ ਵਿੱਚ ਤੁਹਾਨੂੰ ਮਸ਼ਰੂਮ ਦੀ ਵਾਢੀ ਕਰਨ ਦੀ ਇਜਾਜ਼ਤ ਨਹੀਂ ਹੈ, ਭਾਵੇਂ ਉਹ ਦੇਸੀ ਹੋਣ ਜਾਂ ਵਿਦੇਸ਼ੀ। ਦੱਖਣੀ ਆਸਟ੍ਰੇਲੀਆ ਵਿੱਚ ਵੀ ਤੁਹਾਨੂੰ ਇਜਾਜ਼ਤ ਨਹੀਂ ਹੈ ਅਤੇ ਵਿਕਟੋਰੀਆ ਵੀ ਇਸ ਉੱਤੇ ਸਖ਼ਤ ਹੈ।

ਕੁਈਨਜ਼ਲੈਂਡ ਵਿੱਚ, ਲੋਕਾਂ ਨੂੰ ਕੁਈਨਜ਼ਲੈਂਡ ਦੇ ਰਾਸ਼ਟਰੀ ਪਾਰਕਾਂ, ਰਾਜ ਦੇ ਜੰਗਲਾਂ ਅਤੇ ਹੋਰ ਭੰਡਾਰਾਂ ਤੋਂ ਉੱਲੀ ਇਕੱਠੀ ਕਰਨ ਲਈ ਪਰਮਿਟ ਦੀ ਲੋੜ ਹੁੰਦੀ ਹੈ। ਇਹਨਾਂ ਪਰਮਿਟਾਂ ਦੀਆਂ ਸਖ਼ਤ ਸ਼ਰਤਾਂ ਹਨ, ਜਿਸ ਵਿੱਚ ਤੁਹਾਡੀ ਇੱਛਤ ਫੇਰੀ ਬਾਰੇ ਸਥਾਨਕ ਰੇਂਜਰ ਨੂੰ ਸੂਚਿਤ ਕਰਨਾ ਵੀ ਸ਼ਾਮਲ ਹੈ।
ਜੇਕਰ ਇਸ ਅੇਪੀਸੋਡ ਵਿੱਚ ਪੇਸ਼ ਕੀਤੀ ਗਈ ਸਮੱਗਰੀ ਤੋਂ ਤੁਹਾਨੂੰ ਜਾਂ ਤੁਹਾਡੇ ਕਿਸੇ ਜਾਣਕਾਰ ਨੂੰ ਮਸ਼ਰੂਮ ਖਾਣ ਨਾਲ ਸਿਹਤ ਸਬੰਧੀ ਚਿੰਤਾ ਮਹਿਸੂਸ ਹੋਣ ਬਾਰੇ ਜਾਣਕਾਰੀ ਹੈ ਤਾਂ ਤੁਸੀਂ ਆਸਟ੍ਰੇਲੀਆ ਭਰ ਵਿੱਚ 131126 ਉੱਤੇ ਪੁਆਜ਼ਿਨ ਇਨਫੋਰਮੇਸ਼ਨ ਉੱਤੇ ਕਾਲ ਕਰ ਸਕਦੇ ਹੋ।
ਜੇਕਰ ਲੱਛਣ ਜਾਨਲੇਵਾਂ ਹਨ ਤਾਂ ਟ੍ਰਿਪਲ ਜ਼ੀਰੋ (000) ਉੱਤੇ ਕਾਲ ਕਰੋ।







