ਅੰਤਰਰਾਸ਼ਟਰੀ ਵਿਦਿਆਰਥਣ ਰਮਨਦੀਪ ਕੌਰ ਨੇ ਆਪਣੀ ਆਸਟ੍ਰੇਲੀਅਨ ਜਿੰਦਗੀ ਦੇ ਪਿਛਲੇ ਤਿੰਨ ਸਾਲਾਂ ਦੌਰਾਨ ਬਹੁਤ ਸਾਰੇ ਉਤਾਰ-ਚੜ੍ਹਾਅ ਵੇਖੇ ਹਨ।
ਹੋਰਨਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਵਾਂਗ ਉਸਨੂੰ ਵੀ ਕਈ ਚੁਣੌਤੀਆਂ ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਜਿਸ ਵਿੱਚ ਅੰਗਰੇਜ਼ੀ ਬੋਲੀ ਦੀ ਸਮੱਸਿਆ, ਪੜ੍ਹਾਈ ਦੀਆਂ ਦਿੱਕਤਾਂ, ਕੰਮ-ਕਾਰ ਦੇ ਘੱਟ ਮੌਕੇ ਅਤੇ ਯੂਨੀਵਰਸਿਟੀ ਦੀਆਂ ਹਜ਼ਾਰਾਂ ਡਾਲਰ ਦੀਆਂ ਫੀਸਾਂ ਵਰਗੇ ਆਰਥਿਕ ਮਸਲੇ ਆਦਿ ਸ਼ਾਮਲ ਹਨ।
32-ਸਾਲਾ ਸ੍ਰੀਮਤੀ ਕੌਰ ਜਿਸਨੇ ਹਾਲ ਹੀ ਵਿੱਚ ਜੇਮਜ਼ ਕੁਕ ਯੂਨੀਵਰਸਿਟੀ ਤੋਂ ਬੈਚਲਰ ਆਫ ਨਰਸਿੰਗ ਮੁਕੰਮਲ ਕੀਤੀ ਹੈ, ਆਪਣੇ ਪਤੀ ਅਮਰਦੀਪ ਸਿੰਘ ਸੋਹੀ ਤੇ ਪੰਜ ਮਹੀਨੇ ਦੇ ਬੱਚੇ ਨਾਲ ਟਾਊਨਜ਼ਵਿਲ ਦੇ ਇੱਕ ਸਬਰਬ ਵਿੱਚ ਰਹਿੰਦੀ ਹੈ।
ਐਸ ਬੀ ਐਸ ਪੰਜਾਬੀ ਨਾਲ਼ ਇੱਕ ਇੰਟਰਵਿਊ ਵਿੱਚ ਆਪਣੀ ਜਿੰਦਗੀ ਦੇ ਕੁਝ ਅਹਿਮ ਪਲਾਂ ਦਾ ਜ਼ਿਕਰ ਕਰਦਿਆਂ ਉਸਨੇ ਦੱਸਿਆ ਕਿ ਉਹ ਕਈ ਪ੍ਰਕਾਰ ਦੀਆਂ ਨੌਕਰੀਆਂ ਵਿੱਚ ਆਪਣਾ ਹੱਥ ਅਜ਼ਮਾ ਚੁੱਕੀ ਹੈ।

32-ਸਾਲਾ ਰਮਨਦੀਪ ਕੌਰ ਨੇ ਹਾਲ ਹੀ ਵਿੱਚ ਜੇਮਜ਼ ਕੁਕ ਯੂਨੀਵਰਸਿਟੀ ਤੋਂ ਬੈਚਲਰ ਆਫ ਨਰਸਿੰਗ ਮੁਕੰਮਲ ਕੀਤੀ ਹੈ। Source: Supplied my Mrs Kaur
ਉਸ ਨੇ ਤਕਰੀਬਨ ਛੇ ਮਹੀਨੇ ਟੈਕਸੀ ਵੀ ਚਲਾਈ ਤੇ ਫਿਰ ਟਰੱਕ ਡਰਾਈਵਰ ਬਣਨ ਲਈ ਹੈਵੀ ਡਰਾਈਵਿੰਗ ਦਾ ਲਾਇਸੈਂਸ ਟੈਸਟ ਵੀ ਪਾਸ ਕੀਤਾ।
"ਹੋਰਨਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਵਾਂਗ ਮੈਨੂੰ ਵੀ ਆਰਥਿਕ ਮੁਹਾਜ਼ ਉੱਤੇ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਪਰ ਮੈਂ ਜ਼ਿੰਦਗੀ ‘ਚ ਸੌਖਿਆਂ ਹਾਰ ਮੰਨਣ ਵਾਲਿਆਂ ‘ਚੋਂ ਨਹੀਂ ਹਾਂ। ਇਸ ਲਈ ਮੈਂ ਕਈ ਅਜਿਹੇ ਕੰਮ ਵੀ ਕੀਤੇ ਜੋ ਆਮ ਤੌਰ 'ਤੇ ਭਾਰਤੀ ਵਿਦਿਆਰਥਣਾਂ ਨਹੀਂ ਕਰਦੀਆਂ ਜਿਸ ਵਿੱਚ ਟੈਕਸੀ ਤੇ ਟਰੱਕ ਦਾ ਲਾਈਸੈਂਸ ਲੈਣਾ ਵੀ ਸ਼ਾਮਲ ਹੈ," ਉਸਨੇ ਕਿਹਾ।
ਸ੍ਰੀਮਤੀ ਕੌਰ ਨੇ ਦੱਸਿਆ ਕਿ ਉਸਦੀ ਜ਼ਿੰਦਗੀ ਨੂੰ ਖੁਸ਼-ਖ਼ੁਸ਼ਹਾਲ ਬਣਾਉਣ ਵਿੱਚ ਉਸ ਦੇ ਪਤੀ ਦਾ ਬਹੁਤ ਸਾਥ ਰਿਹਾ।
"ਉਨ੍ਹਾਂ ਦੀ ਸਖ਼ਤ ਮਿਹਨਤ ਸਦਕਾ ਹੀ ਮੈਂ ਆਪਣੀ ਯੂਨੀਵਰਸਿਟੀ ਦੀਆਂ ਹਜ਼ਾਰਾਂ ਡਾਲਰ ਦੀਆਂ ਫੀਸਾਂ ਭਰਨ ਦੇ ਕਾਬਲ ਹੋਈ ਤੇ ਹੁਣ ਮੈਂ ਜਲਦ ਹੀ ਰੇਜਿਸਟ੍ਰੇਸ਼ਨ ਪਿੱਛੋਂ ਨਰਸਿੰਗ ਦੀ ਨੌਕਰੀ ਸ਼ੁਰੂ ਕਰ ਦੇਵਾਂਗੀ," ਉਸਨੇ ਕਿਹਾ।
ਸ੍ਰੀਮਤੀ ਕੌਰ ਨੇ ਦੱਸਿਆ ਕਿ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਉਸਦੀ ਨਰਸਿੰਗ ਦੀ ਕੁੱਲ ਫੀਸ 90,000 ਡਾਲਰ ਦੇ ਕਰੀਬ ਸੀ ਜਦਕਿ ਸਥਾਨਕ ਵਿਦਿਆਰਥੀ 20,000 ਡਾਲਰ ਨਾਲ਼ ਇਹ ਕੋਰਸ ਮੁਕੰਮਲ ਕਰ ਲੈਂਦੇ ਹਨ।

ਉਸ ਨੇ ਤਕਰੀਬਨ ਛੇ ਮਹੀਨੇ ਟੈਕਸੀ ਵੀ ਚਲਾਈ ਤੇ ਫਿਰ ਟਰੱਕ ਡਰਾਈਵਰ ਬਣਨ ਲਈ ਹੈਵੀ ਡਰਾਈਵਿੰਗ ਦਾ ਲਾਇਸੈਂਸ ਟੈਸਟ ਵੀ ਪਾਸ ਕੀਤਾ। Source: Supplied my Mrs Kaur
ਪਰਿਵਾਰਕ ਖਰਚਿਆਂ ਨੂੰ ਚੁੱਕਣ ਲਈ ਆਪਣੇ ਪਤੀ ਦਾ ਹੱਥ ਵਟਾਉਣ ਲਈ ਉਹ ਇੱਕ ‘ਏਜਡ ਕੇਅਰ’ ਕਰਮਚਾਰੀ ਵਜੋਂ ਵੀ ਕੰਮ ਕਰਦੀ ਰਹੀ ਹੈ।
ਸ੍ਰੀਮਤੀ ਕੌਰ ਨੇ ਦੱਸਿਆ ਕਿ ਆਪਣੇ ਬੱਚੇ ਦੇ ਜਨਮ ਤੋਂ ਪਹਿਲਾਂ ਉਸਨੂੰ ਇਹ ਨੌਕਰੀ ਛੱਡਣੀ ਪਈ ਸੀ ਅਤੇ ਪੜ੍ਹਾਈ ਦਾ ਬੋਝ ਤੇ ਸਿਹਤ ਸਮੱਸਿਆਵਾਂ ਵੀ ਉਸ ਲਈ ਇੱਕ ਵੱਡੀ ਚੁਣੌਤੀ ਬਣਕੇ ਸਾਹਮਣੇ ਆਈਆਂ।
ਬੱਚੇ ਦੇ ਜਨਮ ਵੇਲੇ ‘ਦਿਲ ਦੇ ਫੇਲ੍ਹ’ ਹੋਣ ਕਾਰਨ ਸ੍ਰੀਮਤੀ ਕੌਰ ਨੂੰ ਕਈ ਦਿਨ ‘ਆਈ ਸੀ ਯੂ’ ਵਿੱਚ ਰੱਖਿਆ ਗਿਆ ਪਰ ਉਹ ਇਸ ਔਖੇ ਸਮੇਂ ਆਪਣੇ ਨਰਸਿੰਗ ਸਕੂਲ ਦੇ ਸਾਥੀ ਪੰਜਾਬੀ ਅਤੇ ਆਸਟ੍ਰੇਲੀਅਨ ਵਿਦਿਆਰਥੀਆਂ ਦਾ ਸਹਿਯੋਗ ਨਹੀਂ ਭੁੱਲਦੀ।

ਅੰਤਰਰਾਸ਼ਟਰੀ ਵਿਦਿਆਰਥਣ ਰਮਨਦੀਪ ਕੌਰ ਨੇ ਆਪਣੀ ਆਸਟ੍ਰੇਲੀਅਨ ਜਿੰਦਗੀ ਦੇ ਪਿਛਲੇ ਤਿੰਨ ਸਾਲਾਂ ਦੌਰਾਨ ਬਹੁਤ ਸਾਰੇ ਉਤਾਰ-ਚੜ੍ਹਾਅ ਵੇਖੇ ਹਨ। Source: Supplied my Mrs Kaur
"ਮੇਰੇ ਆਸਟ੍ਰੇਲੀਅਨ ਦੋਸਤਾਂ ਨੇ ਮੇਰੀ ਜ਼ਿੰਦਗੀ ਨੂੰ ਇੱਕ ਨਵਾਂ ਮੋੜ ਦਿੱਤਾ। ਮੇਰੇ ਲਈ ਉਹ ਪਰਿਵਾਰ ਦੇ ਨਵੇਂ ਮੈਂਬਰ ਹਨ ਜਿਨ੍ਹਾਂ ਮੈਨੂੰ ਤੇ ਮੇਰੇ ਪਰਿਵਾਰ ਨੂੰ ਬਹੁਤ ਪਿਆਰ ਦਿੱਤਾ ਅਤੇ ਔਖੇ ਵੇਲੇ ਮੇਰਾ ਖਿਆਲ ਰੱਖਿਆ।
“ਮੇਰੀ ਅੰਗਰੇਜ਼ੀ ਬਹੁਤੀ ਚੰਗੀ ਨਹੀਂ ਸੀ ਪਰ ਪਿਆਰ ਦੀ ਕੋਈ ਭਾਸ਼ਾ ਨਹੀਂ ਹੁੰਦੀ। ਉਨ੍ਹਾਂ ਮੈਨੂੰ ਆਸਟ੍ਰੇਲੀਅਨ ਸਮਾਜ ਤੇ ਇੱਥੋਂ ਦੇ ਜੀਵਨ ਨੂੰ ਅਪਨਾਉਣ ਵਿੱਚ ਬਹੁਤ ਮਦਦ ਕੀਤੀ ਜਿਸ ਲਈ ਮਈ ਹਮੇਸ਼ਾਂ ਉਨ੍ਹਾਂ ਦੀ ਰਿਣੀ ਰਹਾਂਗੀ," ਉਸਨੇ ਕਿਹਾ।
ਸ਼੍ਰੀਮਤੀ ਕੌਰ ਦੇ ਨਰਸਿੰਗ ਸਕੂਲ ਵਿਚਲੇ ਦੋਸਤ ਉਸਦੇ ਮਿਲਣਸਾਰ ਤੇ ਜ਼ਿੰਦਗੀ ਨੂੰ 'ਖਿੜੇ-ਮੱਥੇ' ਲੈਣ ਵਾਲੇ ਸੁਭਾਅ ਦੀ ਕਦਰ ਕਰਦੇ ਹਨ।

ਰਮਨਦੀਪ ਕੌਰ ਨੂੰ ਆਪਣੇ ਆਸਟ੍ਰੇਲੀਅਨ ਦੋਸਤਾਂ ਨਾਲ ਮਿਲਕੇ ਸਕਾਈ-ਡਾਈਵਿੰਗ, ਹਾਈਕਿੰਗ, ਬਾਕਸਿੰਗ, ਘੋੜ-ਸਵਾਰੀ, ਸਾਈਕਲਿੰਗ ਵਰਗੀਆਂ ਕਿਰਿਆਵਾਂ ਵਿੱਚ ਵੀ ਹਿੱਸਾ ਲੈਣ ਦਾ ਸ਼ੌਕ ਹੈ। Source: Supplied my Mrs Kaur
"ਰਮਨਦੀਪ ਦੇ ਘਰ ਸਾਡਾ ਬਹੁਤ ਆਉਣਾ-ਜਾਣਾ ਹੈ। ਅਸੀਂ ਉਥੇ ਇੰਡੀਅਨ ਫੂਡ ਬਣਾਉਂਦੇ ਹਾਂ..... ਤੇ ਸਾਨੂੰ ਉਸਦੀ ਜ਼ਿੰਦਗੀ ਦੇ ਖੂਬਸੂਰਤ ਪਲਾਂ ਦਾ ਹਿੱਸਾ ਬਣਨ ਵਿੱਚ ਖ਼ੁਸ਼ੀ ਮਿਲਦੀ ਹੈ," ਮੁਰਾਇਆ, ਔਲੀਵਿਆ ਤੇ ਟੈੱਡ ਨੇ ਸਾਂਝੇ ਤੌਰ ਉੱਤੇ ਕਿਹਾ।
ਸ੍ਰੀਮਤੀ ਕੌਰ ਦੂਜੀਆਂ ਭਾਰਤੀ ਅੰਤਰਰਾਸ਼ਟਰੀ ਵਿਦਿਆਰਥਣਾਂ ਨਾਲੋਂ ਥੋੜ੍ਹਾ ਹਟਕੇ ਸੋਚਦੀ ਹੈ। ਉਸਨੂੰ ਆਪਣੇ ਆਸਟ੍ਰੇਲੀਅਨ ਦੋਸਤਾਂ ਨਾਲ ਮਿਲਕੇ ਸਕਾਈ-ਡਾਈਵਿੰਗ, ਹਾਈਕਿੰਗ, ਬਾਕਸਿੰਗ, ਘੋੜ-ਸਵਾਰੀ, ਸਾਈਕਲਿੰਗ ਵਰਗੀਆਂ ਕਿਰਿਆਵਾਂ ਵਿੱਚ ਵੀ ਹਿੱਸਾ ਲੈਣ ਦਾ ਸ਼ੌਕ ਹੈ।

ਰਮਨਦੀਪ ਕੌਰ ਦੇ ਨਰਸਿੰਗ ਸਕੂਲ ਵਿਚਲੇ ਦੋਸਤ ਉਸਦੇ ਮਿਲਣਸਾਰ ਤੇ ਜ਼ਿੰਦਗੀ ਨੂੰ 'ਖਿੜੇ-ਮੱਥੇ' ਲੈਣ ਵਾਲੇ ਸੁਭਾਅ ਦੀ ਕਦਰ ਕਰਦੇ ਹਨ। Source: Supplied my Mrs Kaur
"ਅਸੀਂ ਬਹੁਤ ਸਮਾਂ ਇਕੱਠੇ ਬਤੀਤ ਕਰਦੇ ਹਾਂ। ਉਨ੍ਹਾਂ ਦਾ ਸਾਡੇ ਘਰ ਅਕਸਰ ਆਉਣਾ-ਜਾਣਾ ਹੈ - ਰੋਟੀ ਬਣਾਉਣਾ, ਹੱਸਣਾ-ਖੇਡਣਾ, ਨੱਚਣਾ-ਟੱਪਣਾ ਇਹ ਸਭ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ।"
"ਮੇਰੇ ਪੰਜ ਮਹੀਨੇ ਦੇ ਬੱਚੇ ਨੂੰ ਪਾਲਣ-ਪੋਸ਼ਣ ਵਿੱਚ, ਬੇਬੀ-ਸਿਟਿੰਗ ਵਿੱਚ ਮਰਾਇਆ ਅਤੇ ਔਲੀਵਰ ਨੇ ਕਾਫੀ ਮੱਦਦ ਕੀਤੀ ਹੈ। ਉਨ੍ਹਾਂ ਦੇ ਸਹਿਯੋਗ ਸਦਕਾ ਹੀ ਮੈਂ ਆਪਣੀ ਨਰਸਿੰਗ ਦੀ ਪੜ੍ਹਾਈ ਮੁਕੰਮਲ ਕਰ ਸਕੀ, ਨਹੀਂ ਤਾਂ ਛੋਟੇ ਬੱਚੇ ਨਾਲ ਪੜ੍ਹਾਈ ਦੀਆਂ ਔਖੀਆਂ ‘ਅਸਾਈਨਮੈਂਟਸ’ ਬਣਾਉਣੀਆਂ ਮੇਰੇ ਲਈ ਇੱਕ ਮੁਸ਼ਕਲ ਕੰਮ ਸੀ," ਉਸਨੇ ਕਿਹਾ।
ਸ੍ਰੀਮਤੀ ਕੌਰ ਤੇ ਉਨ੍ਹਾਂ ਦਾ ਪਤੀ ਆਪਣੀ ਆਸਟ੍ਰੇਲੀਆ ਵਿਚਲੀ ਜ਼ਿੰਦਗੀ ਤੋਂ ਕਾਫੀ ਖੁਸ਼ ਤੇ ਸੰਤੁਸ਼ਟ ਹਨ।

ਰਮਨਦੀਪ ਕੌਰ ਕਹਿਣਾ ਹੈ ਕਿ ਉਸਦੇ ਆਸਟ੍ਰੇਲੀਅਨ ਦੋਸਤਾਂ ਨੇ ਉਸਦੀ ਜ਼ਿੰਦਗੀ ਨੂੰ ਇੱਕ ਨਵਾਂ ਮੋੜ ਦਿੱਤਾ ਹੈ। Source: Supplied my Mrs Kaur
'ਪਰਮਾਨੈਂਟ ਰੈਜ਼ੀਡੈਂਟ' (ਪੀ ਆਰ) ਹੋਣ ਤੋਂ ਬਾਅਦ ਉਨ੍ਹਾਂ ਦਾ ਮਨ ਟਾਊਨਜ਼ਵਿਲ ਸ਼ਹਿਰ ਵਿੱਚ ਪੱਕੇ ਤੌਰ ਉੱਤੇ ਵਸਣ ਦਾ ਹੈ।
"ਅਸੀਂ ਆਸਟ੍ਰੇਲੀਆ ਵਿੱਚ ਰਹਿੰਦਿਆਂ ਆਪਣੇ ਆਪ ਨੂੰ ਕਾਫੀ ਖੁਸ਼ਕਿਸਮਤ ਮਹਿਸੂਸ ਕਰਦੇ ਹਾਂ। ਅਸੀਂ ਇਸ ਮੁਲਕ ਦੇ ਧੰਨਵਾਦੀ ਹਾਂ ਜਿੱਥੇ ਸਾਨੂੰ ਉਹ ਹਰ ਮੌਕਾ ਮਿਲ ਰਿਹਾ ਹੈ ਜੋ ਅਸੀਂ ਆਪਣੀ ਜ਼ਿੰਦਗੀ ਵਿੱਚ ਖੁਸ਼ਹਾਲੀ ਦੇ ਸੁਫਨੇ ਨੂੰ ਪੂਰਾ ਕਰਨ ਲਈ ਕਦੇ ਸੋਚਿਆ ਸੀ," ਉਸਨੇ ਕਿਹਾ।
ਹੋਰ ਜਾਨਣ ਲਈ ਰਮਨਦੀਪ ਕੌਰ ਨਾਲ਼ ਕੀਤੀ ਇਹ ਇੰਟਰਵਿਊ ਸੁਣੋ…

ਰਮਨਦੀਪ ਕੌਰ ਨੇ ਦੱਸਿਆ ਕਿ ਉਸਦੀ ਜ਼ਿੰਦਗੀ ਨੂੰ ਖੁਸ਼-ਖ਼ੁਸ਼ਹਾਲ ਬਣਾਉਣ ਵਿੱਚ ਉਸ ਦੇ ਪਤੀ ਦਾ ਬਹੁਤ ਸਾਥ ਰਿਹਾ। Source: Supplied my Mrs Kaur
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ SBS.com.au/coronavirus ਉੱਤੇ ਉਪਲਬਧ ਹੈ।








