ਪਰਿਵਾਰ ਅਤੇ ਦੋਸਤ ਇਸ ਬੇਵਕਤੀ ਮੌਤ 'ਤੇ ਸੋਗ ਮਨਾ ਰਹੇ ਹਨ। ਖਰੌੜ ਪਰਿਵਾਰ ਦੀ ਨਜ਼ਦੀਕੀ ਮਿੱਤਰ ਅਮਰਦੀਪ ਕੌਰ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ, "ਨਿੰਮਾ ਇੱਕ ਖੁਸ਼-ਮਿਜ਼ਾਜ ਨੌਜਵਾਨ, ਸਾਰਿਆਂ ਨੂੰ ਖਿੜ੍ਹੇ ਮੱਥੇ ਮਿਲਣ ਵਾਲਾ ਵਿਅਕਤੀ ਅਤੇ ਆਪਣੇ ਬੱਚਿਆਂ ਨੂੰ ਬੇਹੱਦ ਪਿਆਰ ਕਰਨ ਵਾਲਾ ਪਿਤਾ ਸੀ।"
"ਉਹ ਇੱਕ ਪ੍ਰਤਿਭਾਸ਼ਾਲੀ ਗਾਇਕ ਸੀ ਜਿਸਨੇ ਆਪਣੇ ਕਾਲਜ ਦੇ ਦਿਨਾਂ ਤੋਂ ਹੀ ਗਾਇਕੀ ਦੇ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ," ਉਨ੍ਹਾਂ ਕਿਹਾ।
ਅਮਰਦੀਪ ਹੋਰਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ "ਮੈਂ ਕਲਪਨਾ ਨਹੀਂ ਕਰ ਸਕਦੀ ਕਿ ਉਸ ਦੀ ਪਤਨੀ ਅਤੇ ਬੱਚੇ ਇਸ ਘਾਟੇ ਨੂੰ ਕਿਵੇਂ ਝੱਲਣਗੇ, ਅਤੇ ਇੰਨੇ ਪਿਆਰੇ ਪਰਿਵਾਰ ਨੂੰ ਟੁੱਟਦੇ ਵੇਖਣਾ ਬੇਹੱਦ ਅਫਸੋਸ ਦੀ ਗੱਲ ਹੈ।"
ਨਿੰਮਾ ਖਰੌੜ ਨੇ 'ਡਾਲਰ' ਅਤੇ 'ਪੱਗ vs ਪੂਣੀ' ਸਮੇਤ ਹੋਰ ਕਈ ਪੰਜਾਬੀ ਗੀਤ ਗਾਏ ਹਨ ਜਿਨ੍ਹਾਂ ਨੂੰ 'ਯੂਟਿਊਬ' 'ਤੇ 20 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।
ਮੈਲਬੌਰਨ ਦੇ ਇੱਕ ਭਾਈਚਾਰਕ ਆਗੂ ਗੋਲਡੀ ਬਰਾੜ ਨੇ ਦੱਸਿਆ ਕਿ ਇੱਕ ਦਹਾਕੇ ਤੋਂ ਵੀ ਵੱਧ ਸਮਾਂ ਪਹਿਲਾਂ ਸ੍ਰੀ ਖਰੌੜ ਆਪਣੀਆਂ ਅੱਖਾਂ ਵਿੱਚ ਸੁਪਨੇ ਸਜਾਈ ਪੰਜਾਬ ਦੇ ਪਟਿਆਲਾ ਜ਼ਿਲ੍ਹੇ 'ਤੋਂ ਆਸਟ੍ਰੇਲੀਆ ਪਰਵਾਸ ਕਰ ਆਏ ਸਨ।
ਸ਼੍ਰੀ ਬਰਾੜ ਨੇ ਅੱਗੇ ਕਿਹਾ ਕਿ ਇੱਕ ਪ੍ਰਤਿਭਾਸ਼ਾਲੀ ਵਿਅਕਤੀ ਦਾ ਇਸ ਤਰ੍ਹਾਂ ਸਦੀਵੀਂ ਵਿਛੋੜਾ ਦੇ ਜਾਣਾ ਬਹੁਤ ਮੰਦਭਾਗਾ ਹੈ।
ਜ਼ਿਕਰਯੋਗ ਹੈ ਕਿ ਭਾਈਚਾਰਾ ਨਿੰਮਾ ਖਰੌੜ ਦੇ ਪਰਿਵਾਰ ਦੀ ਮਾਲੀ ਮੱਦਦ ਕਰਨ ਲਈ ਅੱਗੇ ਆਇਆ ਹੈ।
ਇੱਕ ਨਜ਼ਦੀਕੀ ਦੋਸਤ ਦੁਆਰਾ ਸ਼ੁਰੂ ਕੀਤੇ ਇੱਕ ਔਨਲਾਈਨ ਫੰਡਰੇਜ਼ਰ ਜ਼ਰੀਏ ਹੁਣ ਤੱਕ ਤਕਰੀਬਨ $40,000 ਇਕੱਠੇ ਕੀਤੇ ਜਾ ਚੁੱਕੇ ਹਨ।
ਹੋਰ ਵੇਰਵੇ ਅਤੇ ਪੂਰੀ ਜਾਣਕਾਰੀ ਲਈ ਇਹ ਪੋਡਕਾਸਟ ਸੁਣੋ