ਆਸਟ੍ਰੇਲੀਆ ਵਿੱਚ ਚੰਗੇ ਸ਼ਿਸ਼ਟਾਚਾਰ ਦੇ ਕੁੱਝ ਪਹਿਲੂਆਂ ਨੂੰ ਆਸਾਨੀ ਨਾਲ ਪਛਾਣਿਆ ਜਾ ਸਕਦਾ ਹੈ। ਕੁੱਝ ਪਹਿਲੂ ਅਜਿਹੇ ਹਨ ਜਿੰਨਾਂ ਨੂੰ ਬਿਨ੍ਹਾਂ ਕਿਸੇ ਲਿਖਤੀ ਨਿਯਮ ਦੇ ਵੀ ਪਛਾਣਿਆ ਜਾ ਸਕਦਾ ਹੈ ਜਿਵੇਂ ਕਿ ਕਿਸੇ ਦਾ ਨਿਮਰ ਅਤੇ ਢੁੱਕਵਾਂ ਸੁਭਾਅ ਅਤੇ ਜਾਂ ਫਿਰ ਰੁੱਖਾ ਵਤੀਰਾ।
ਅਮਾਂਡਾ ਕਿੰਗ ‘ਆਸਟ੍ਰੇਲੀਅਨ ਫਿਨਿਸ਼ਿੰਗ ਸਕੂਲ’ ਦੇ ਸੰਸਥਾਪਕ ਹਨ। ਉਹ ਵੱਖੋ ਵੱਖ ਸਭਿਆਚਾਰਾਂ ਦੇ ਲੋਕਾਂ ਨੂੰ ਸਿਖਾਉਂਦੇ ਹਨ ਕਿ ਆਸਟ੍ਰੇਲੀਅਨ ਸੰਦਰਭ ਵਿੱਚ ਸਵੀਕਾਰਯੋਗ ਆਚਰਣ ਕੀ ਹੈ।
ਹਾਲਾਂਕਿ ਸ਼੍ਰੀਮਤੀ ਕਿੰਗ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਵਿੱਚ ਚੰਗਾ ਸ਼ਿਸ਼ਟਾਚਾਰ ਤੁਹਾਡੇ ਵਾਤਾਵਰਣ ਅਤੇ ਹਾਲਾਤਾਂ ਉੱਤੇ ਵੀ ਨਿਰਭਰ ਕਰਦਾ ਹੈ।
ਉਹਨਾਂ ਦਾ ਮੰਨਣਾ ਹੈ ਕਿ ਭਾਸ਼ਾ ਦੀਆਂ ਰੁਕਾਵਟਾਂ ਅਤੇ ਸੱਭਿਆਚਾਰਕ ਅੰਤਰ ਪ੍ਰਵਾਸੀਆਂ ਨੂੰ ਸਮਾਜਿਕ ਅਤੇ ਪੇਸ਼ੇਵਰ ਦਾਇਰੇ ਵਿੱਚ ਆਉਣ ਦੀ ਕੋਸ਼ਿਸ ਸਮੇਂ ਚੁਣੌਤੀ ਦੇ ਸਕਦਾ ਹੈ। ਉਹਨਾਂ ਮੁਤਾਬਕ ਸਵੀਕਾਰ ਕੀਤੇ ਗਏ ਪ੍ਰੋਟੋਕੋਲ ਨੂੰ ਸਮਝਣਾ ਅਤੇ ਉਹਨਾਂ ਦੀ ਪਾਲਣਾ ਕਰਨਾ ਮਹੱਤਵਪੂਰਨ ਹੈ।
ਸ਼੍ਰੀਮਤੀ ਕਿੰਗ ਸਮਝਾਉਂਦੇ ਹਨ ਕਿ ਨਵੇਂ ਆਏ ਪ੍ਰਵਾਸੀਆਂ ਲਈ ਆਸਟ੍ਰੇਲੀਆ ਦੇ ਸ਼ਿਸ਼ਟਾਚਾਰ ਨੂੰ ਸਮਝਣ ਵਿੱਚ ਸਮਾਂ ਅਤੇ ਅੱਭਿਆਸ ਲੱਗ ਸਕਦਾ ਹੈ ਪਰ ਇਸਦੀ ਸ਼ੁਰੂਆਤ ਕਰਨਾ ਬਹੁਤ ਜ਼ਰੂਰੀ ਹੈ ਅਤੇ ਇਹ ਸ਼ੁਰੂਆਤ ਉਹ ਸਵਾਲ ਨਾ ਪੁੱਛਣ ਤੋਂ ਹੁੰਦੀ ਹੈ ਜੋ ਇਥੇ ਅਣਉਚਿਤ ਜਾਂ ਵਰਜਿਤ ਸਮਝੇ ਜਾਂਦੇ ਹਨ।

ਹਰ ਸੱਭਿਆਚਾਰ ਵਿੱਚ ਉਚਿਤ ਜਾਂ ਅਣਉਚਿਤ ਸਮਝੀਆਂ ਜਾਣ ਵਾਲੀਆਂ ਚੀਜ਼ਾਂ ਦਾ ਵੱਖਰਾ ਮਿਆਰ ਹੁੰਦਾ ਹੈ। ਇਸੇ ਲਈ ਲੰਬੇ ਸਮੇਂ ਤੋਂ ਇਥੇ ਰਹਿ ਰਹੇ ਪ੍ਰਵਾਸੀਆਂ ਨੂੰ ਪੁੱਛਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਸ਼ਿਸ਼ਟਾਚਾਰ ਵਿੱਚ ਕੀ ਕਮੀਆਂ ਲੱਗੀਆਂ ਹਨ।
ਸਾਰਾਹ ਵੀ ਇੰਨ੍ਹਾਂ ਵਿੱਚੋਂ ਇੱਕ ਹੈ। ਉਸ ਦਾ ਪਿਛੋਕੜ ਮੋਰੋਕੋ ਤੋਂ ਹੈ ਅਤੇ 15 ਸਾਲਾਂ ਤੋਂ ਉਹ ਆਸਟ੍ਰੇਲੀਆ ਵਿੱਚ ਹੈ। ਉਹ ਕਹਿੰਦੀ ਹੈ ਕਿ ਉਸਨੇ ਸਿੱਖਿਆ ਹੈ ਕਿ ਉਸਦੇ ਸੱਭਿਆਚਾਰਕ ਸੰਦਰਭ ਵਿੱਚ ਪੁੱਛਣ ਲਈ ਸਵੀਕਾਰਯੋਗ ਸਵਾਲਾਂ ਨੂੰ ਆਸਟ੍ਰੇਲੀਆ ਵਿੱਚ ਬਹੁਤ ਰੁੱਖਾ ਮੰਨਿਆ ਜਾਂਦਾ ਹੈ।
ਸਾਰਾਹ ਦੇ ਅਨੁਸਾਰ, ਹੋਰ ਵਰਜਿਤ ਸਵਾਲ, ਜਿਵੇਂ ਕਿ ਨਿੱਜੀ ਵਿੱਤ ਬਾਰੇ ਪੁੱਛਣਾ, ਇੱਥੇ ਅਸਧਾਰਨ ਹਨ।
ਉਸਨੇ ਦੱਸਿਆ ਕਿ ਅਰਬੀ ਸੱਭਿਆਚਾਰ ਵਿੱਚ ਵਿਆਹੁਤਾ ਸਥਿਤੀ ਬਾਰੇ ਪੁੱਛਣਾ ਸਾਧਾਰਨ ਹੈ ਭਾਵੇਂ ਉਹ ਉਸ ਵਿਅਕਤੀ ਨੂੰ ਪਹਿਲੀ ਵਾਰ ਹੀ ਮਿਲੇ ਹੋਣ।

ਫੈਬੀਓਲਾ ਕੈਂਪਬੈਲ 18 ਸਾਲਾਂ ਤੋਂ ਆਸਟ੍ਰੇਲੀਆ ਵਿੱਚ ਰਹਿ ਰਹੀ ਹੈ। ਉਸਨੇ 2019 ਵਿੱਚ ‘ਪ੍ਰੋਫੈਸ਼ਨਲ ਮਾਈਗ੍ਰੈਂਟ ਵੁਮੈਨ’ ਦੀ ਸਥਾਪਨਾ ਕੀਤੀ ਸੀ।
ਸ਼੍ਰੀਮਤੀ ਕੈਂਪਬੈਲ ਦੱਸਦੇ ਹਨ ਕਿ ਜਦੋਂ ਤੁਸੀਂ ਨੈਟਵਰਕਿੰਗ ਵਧਾਉਣਾ ਚਾਹੁੰਦੇ ਹੋ ਤਾਂ ਪੇਸ਼ੇਵਰ ਤੌਰ ਉੱਤੇ ਦੂਜੇ ਲੋਕਾਂ ਨਾਲ ਜੁੜਨ ਲਈ ਪਹਿਲਾਂ ਉਹਨਾਂ ਦੀ ਸਹਿਮਤੀ ਲੈਣੀ ਚਾਹੀਦੀ ਹੈ। ਇਸ ਤੋਂ ਇਲਾਵਾ ਜਦੋਂ ਪਹਿਲੀ ਵਾਰ ਤੁਸੀਂ ਕਿਸੇ ਨੂੰ ਮਿਲਦੇ ਹੋ ਅਤੇ ਉਸ ਨਾਲ ਗੱਲਬਾਤ ਕਰਦੇ ਹੋ ਤਾਂ ਉਸਨੂੰ ਪਹਿਲਾਂ ਬੋਲਣ ਦਿਓ।
ਸ਼੍ਰੀਮਤੀ ਕੈਂਪਬੈਲ ਦੇ ਪ੍ਰਮੁੱਖ ਸੁਝਾਵਾਂ ਵਿੱਚੋਂ ਇੱਕ ਇਹ ਹੈ ਕਿ ਕਿਸੇ ਤਕਰਾਰ ਤੋਂ ਬਚਣ ਲਈ ‘ਪਲੀਜ਼’ ਅਤੇ ‘ਥੈਂਕ-ਯੂ’ ਵਰਗੇ ਸ਼ਬਦਾਂ ਦੀ ਵਰਤੋਂ ਰੋਜ਼ ਕਰੋ। ਨਾਲ ਹੀ ਸਾਵਧਾਨ ਕਰਦਿਆਂ ਉਹਨਾਂ ਇਹ ਵੀ ਕਿਹਾ ਕਿ ਇੰਨ੍ਹਾਂ ਸ਼ਬਦਾਂ ਦੀ ਬਹੁਤ ਜ਼ਿਆਦਾ ਅਤੇ ਵਾਰ ਵਾਰ ਵੀ ਵਰਤੋਂ ਨਹੀਂ ਕਰਨੀ ਚਾਹੀਦੀ।

ਸ਼ਿਸ਼ਟਾਚਾਰ 'ਇੰਸਟਰਕਟਰ' ਅਮਾਂਡਾ ਕਿੰਗ ਦੀ ਸਲਾਹ ਹੈ ਕਿ ਸਮਾਜਿਕ ਜਾਂ ਪੇਸ਼ੇਵਰ ਸਥਿਤੀਆਂ ਵਿੱਚ ਸਮੇਂ ਦੀ ਅਹਿਮੀਅਤ ਸਮਝਣਾ ਬਹੁਤ ਜ਼ਰੂਰੀ ਹੈ ਅਤੇ ਜੇਕਰ ਤੁਸੀਂ ਕਿਸੇ ਇਕੱਠ ਜਾਂ ਮੀਟਿੰਗ ਲਈ ਲੇਟ ਹੋ ਰਹੇ ਹੋ ਤਾਂ ਆਪਣੇ ਮੇਜ਼ਬਾਨ ਨੂੰ ਘੱਟੋ-ਘੱਟ 15-20 ਮਿੰਟ ਪਹਿਲਾਂ ਦੱਸੋ।
ਨਾਲ ਹੀ ਇਹ ਯਕੀਨੀ ਬਣਾਉਣਾ ਵੀ ਜ਼ਰੂਰੀ ਹੈ ਕਿ ਜਦੋਂ ਤੁਸੀਂ ਕਿਸੇ ਅੱਗੇ ਖੁਦ ਨੂੰ ਪੇਸ਼ ਕਰਦੇ ਹੋ ਤਾਂ ਤੁਹਾਡਾ ਅੰਦਾਜ਼ ਸਪੱਸ਼ਟ ਅਤੇ ਆਤਮ-ਵਿਸ਼ਵਾਸ ਨਾਲ ਭਰਿਆ ਹੋਵੇ।
ਪਰ ਇਸ ਦੇ ਨਾਲ ਹੀ, ਸ਼੍ਰੀਮਤੀ ਕੈਂਪਬੈਲ ਚਾਹੁੰਦੇ ਹਨ ਕਿ ਆਸਟ੍ਰੇਲੀਆ ਵਿੱਚ ਵੱਖ-ਵੱਖ ਸੱਭਿਆਚਾਰ ਅਤੇ ਭਾਸ਼ਾਈ ਪਿਛੋਕੜ ਵਾਲੇ ਪ੍ਰਵਾਸੀ ਲੋਕ ਸ਼ਿਸ਼ਟਾਚਾਰ ਨੂੰ ਲੈ ਕੇ ਜ਼ਿਆਦਾ ਤਣਾਅ ਵੀ ਮਹਿਸੂਸ ਨਾ ਕਰਨ।






