ਸਾਲ 2017 ਵਿੱਚ ਰੈੱਸਟ ਇੰਡਸਟਰੀ ਸੁਪਰ ਵਲੋਂ ਕਰਵਾਈ ਇੱਕ ਖੋਜ ਅਨੁਸਾਰ ਮਾਪੇ ਅਕਸਰ ਹੀ ਆਪਣੇ ਬੱਚਿਆਂ ਦੀ ਪੜਾਈ, ਮਕਾਨ ਲੈਣ ਲਈ ਮਦਦ ਅਤੇ ਰੋਜ਼ਾਨਾਂ ਖਰਚਿਆਂ ਲਈ ਵਿੱਤੀ ਸਹਾਇਤਾ ਪਰਦਾਨ ਕਰਦੇ ਹਨ। ਘਰੇਲੂ ਮਾਮਲਿਆਂ ਦੀ ਮਾਹਰ ਸਿੰਥੀਆ ਚੁੰਗ ਜੋ ਕਿ ਰਿਲੇਸ਼ਨਸ਼ਿਪ ਆਸਟਰੇਲੀਆ ਲਈ ਕੰਮ ਕਰਦੀ ਹੈ, ਦਾ ਕਹਿਣਾ ਹੈ ਕਿ ਚੀਨੀ ਸੱਭਿਆਚਾਰ ਵਿੱਚ ਮਾਪਿਆਂ ਵਲੋਂ ਬੱਚਿਆਂ ਨੂੰ ਪੈਸੇ ਉਧਾਰ ਦੇਣੇ ਆਮ ਜਿਹੀ ਗੱਲ ਹੈ।
ਚੁੰਗ, ਰਿਲੇਸ਼ਸ਼ਿਪ ਆਸਟਰੇਲੀਆ ਐਨ ਐਸ ਡਬਲਿਊ ਦੇ ‘ਲੈੱਟਸ ਟਾਕ’ ਪਰੋਗਰਾਮ ਦਾ ਹਿੱਸਾ ਹੈ, ਜੋ ਪਰਿਵਾਰ ਵਿਸ਼ਿਆਂ, ਜਿਵੇਂ ਵਿੱਤੀ ਜਾਂ ਰਿਹਾਇਸ਼ੀ ਪ੍ਰਬੰਧਾਂ ਬਾਰੇ ਵਿਚਾਰ ਵਟਾਂਦਰੇ ਪੇਸ਼ ਕਰਦਾ ਹੈ। ਚੁੰਗ ਅਨੁਸਾਰ ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਬਜ਼ੁਰਗਾਂ ਉੱਤੇ ਇਹ ਦਬਾਅ ਪਾਇਆ ਜਾਂਦਾ ਹੈ ਕਿ ਉਹ ਆਪਣੇ ਬੱਚਿਆਂ ਦੇ ਭਵਿੱਖ ਲਈ ਪੈਸੇ ਜਮਾਂ ਕਰਨ ਅਤੇ ਕਈ ਵਾਰ ਤਾਂ ਇਸ ਦੇ ਮੰਦਭਾਗੇ ਨਤੀਜੇ ਵੀ ਦੇਖਣ ਨੂੰ ਮਿਲਦੇ ਹਨ।
ਸੈਪਿਐਂਸ ਫਾਈਨੈਂਸ਼ੀਅਲ ਐਂਡ ਇਨਵੈਸਟਮੈਂਟ ਸਰਵਿਸਿਸ ਦੇ ਡਰਿਊ ਬਰਾਊਨ ਦਾ ਕਹਿਣਾ ਹੈ ਕਿ ਬਜ਼ੁਰਗਾਂ ਨੂੰ ਆਪਣੇ ਬੱਚਿਆਂ ਨੂੰ ਪੈਸੇ ਉਧਾਰ ਦੇਣ ਤੋਂ ਪਹਿਲਾਂ ਇਹ ਜਰੂਰ ਹੀ ਵਿਚਾਰਨਾ ਚਾਹੀਦਾ ਹੈ ਕਿ ਇਸ ਨਾਲ ਉਹਨਾਂ ਦੀ ਬੁਢਾਪਾ ਪੈਨਸ਼ਨ ਜਾਂ ਸਰਕਾਰ ਵਲੋਂ ਮਿਲਣ ਵਾਲੀ ਹੋਰ ਕਿਸੇ ਕਿਸਮ ਦੀ ਮਦਦ ਤੇ ਅਸਰ ਤਾਂ ਨਹੀਂ ਪਵੇਗਾ।
ਬਰਾਊਨ ਇਹ ਵੀ ਸਲਾਹ ਦਿੰਦੇ ਹਨ ਕਿ ਜੇ ਤੁਸੀਂ ਆਪਣੇ ਪਰਿਵਾਰ ਵਿੱਚ ਕੋਈ ਵੱਡਾ ਲੈਣ-ਦੇਣ ਕਰਨ ਵਾਲੇ ਹੋ ਤਾਂ ਅਣਕਿਆਸੇ ਹਾਲਾਤਾਂ ਲਈ ਸੁਰੱਖਿਆ ਵਜੋਂ ਦਸਤਾਵੇਜ਼ਾਂ ਤਹਿਤ ਇੱਕ ਸੰਧੀ ਵੀ ਕਰ ਸਕਦੇ ਹੋ।
ਬਰਾਊਨ ਅਨੁਸਾਰ ਪਰਿਵਾਰਕ ਕਰਜੇ ਪਾਲਣ-ਪੋਸ਼ਣ ਦਾ ਹੀ ਇੱਕ ਵਿਸਥਾਰਤ ਹਿੱਸਾ ਹੁੰਦੇ ਹਨ। ਇਸ ਨਾਲ ਬੱਚਿਆਂ ਵਿੱਚ ਮਾੜੇ ਅਨੁਸਾਸ਼ਨ ਦੀ ਭਾਵਨਾ ਪੈਦਾ ਹੋ ਸਕਦੀ ਹੈ। ਬਿਹਤਰ ਹੋਵੇਗਾ ਕਿ ਤੁਸੀਂ ਕਰਜਾ ਦੇਣ ਸਮੇਂ ਇਸ ਦੀ ਵਾਪਸੀ ਦਾ ਸਮਾਂ ਅਤੇ ਨੀਤੀ ਜਰੂਰ ਤੈਅ ਕਰ ਲਵੋ।
ਮੈਲਬਰਨ ਦੇ ਅਨਟਿੱਪਾ ਲਾਇਰਜ਼ ਦੇ ਬੈਰਿਸਟਰ ਪੀਟਰ ਅਨਟਿੱਪਾ ਦਸਦੇ ਹਨ ਕਿ ਗਰੀਕੀ ਅਤੇ ਮਿਡਲ ਈਸਟਰਨ ਮੂਲ ਦੇ ਗਾਹਕਾਂ ਵਿੱਚ ਅਕਸਰ ਇਹ ਦਬਾਅ ਦੇਖਿਆ ਜਾਂਦਾ ਹੈ ਕਿ ਉਹ ਆਪਣੇ ਬੱਚਿਆਂ ਦੀ ਮਦਦ ਕਰਨ।
ਜੋ ਮਾਪੇ ਬਿਨਾ ਸ਼ਰਤ ਪੈਸੇ ਦਿੰਦੇ ਹਨ ਉਹ ਅਖੀਰ ਮਾੜੇ ਨਤੀਜੇ ਦੇਖ ਸਕਦੇ ਹਨ, ਪਰ ਜਿਹੜੇ ਮਾਪੇ ਲੋਨ ਐਗਰੀਮੈਂਟ ਤਹਿਤ ਆਪਣੇ ਬੱਚਿਆਂ ਨੂੰ ਪੈਸੇ ਉਧਾਰ ਦਿੰਦੇ ਹਨ ਉਹ ਸਕਾਰਾਤਮ ਅੰਤ ਤੱਕ ਪਹੁੰਚਦੇ ਹਨ।
ਅਨਟਿੱਪਾ ਕਹਿੰਦਾ ਹੈ ਕਿ ਪੇਚੀਦਗੀਆਂ ਉਦੋਂ ਹੁੰਦੀਆਂ ਹਨ ਜਦੋ ਉਧਾਰ ਦੀ ਸਹੀਂ ਜਾਂਚ ਨਹੀਂ ਕੀਤੀ ਜਾਂਦੀ ਜਾਂ ਫੇਰ ਜਦੋਂ ਉਧਾਰ ਵਾਸਤੇ ਸਹੀ ਦਸਤਾਵੇਜ਼ ਤਿਆਰ ਨਹੀਂ ਕੀਤੇ ਜਾਂਦੇ।
ਸਿੰਥੀਆ ਚੁੰਗ ਸਲਾਹ ਦਿੰਦੀ ਹੈ ਅਗਰ ਤੁਹਾਨੂੰ ਕੋਈ ਝਿਜਕ ਮਹਿਸੂਸ ਹੋ ਰਹੀ ਹੈ ਤਾਂ ਤੁਸੀਂ ਕਿਸੇ ਮਾਹਿਰ ਨੂੰ ਵਿੱਚ ਪਾ ਸਕਦੇ ਤਾਂ ਕਿ ਸਾਰੀਆਂ ਸੰਭਾਵਿਤ ਸਥਿਤੀਆਂ ਦੀ ਜਾਂਚ ਪਹਿਲਾਂ ਹੀ ਕੀਤੀ ਜਾ ਸਕੇ।






