ਮੈਲਬਰਨ ਨਿਵਾਸੀ ਮਨਮੀਤ ਬੇਦੀ ਆਪਣੇ ਨਾਨਾ ਜੀ ਤੇਜਾ ਸਿੰਘ ਦੀ ਉਸ ਯਾਤਰਾ ਨਾਲ ਜਾਣੂ ਸਨ, ਜੋ 79 ਸਾਲ ਪਹਿਲਾਂ ਪੰਜਾਬ ਤੋਂ ਆਸਟ੍ਰੇਲੀਆ ਆਏ ਸਨ। ਪਰ ਨਾਨਾ ਜੀ ਤੋਂ ਪਹਿਲਾਂ ਆਸਟ੍ਰੇਲੀਆ ਪਹੁੰਚੇ ਆਪਣੇ ਪੁਰਖਿਆਂ ਦਾ ਇਤਿਹਾਸ ਉਨ੍ਹਾਂ ਲਈ ਇੱਕ ਅਣਛੁਹਿਆ ਪੰਨਾ ਸੀ। ਪੁਰਾਣੀਆਂ ਯਾਦਾਂ, ਕੁਝ ਚਿੱਠੀਆਂ ਅਤੇ ਆਰਟੀਫ਼ੀਸ਼ਲ ਇੰਟੈਲੀਜੈਂਸ (ਏਆਈ) ਦੀ ਮਦਦ ਨਾਲ ਮਨਮੀਤ ਨੇ ਲਗਭਗ 140 ਸਾਲ ਪਹਿਲਾਂ ਆਸਟ੍ਰੇਲੀਆ ਆਏ ਆਪਣੇ ਪੁਰਖਿਆਂ ਦੀ ਕਹਾਣੀ ਨੂੰ ਦੁਬਾਰਾ ਸੁਰਜੀਤ ਕੀਤਾ ਹੈ। ਇਸ ਇਤਿਹਾਸ ਨੂੰ ਸੰਭਾਲਣ ਅਤੇ ਅਗਲੀਆਂ ਪੀੜ੍ਹੀਆਂ ਤੱਕ ਆਸਾਨ ਢੰਗ ਨਾਲ ਪਹੁੰਚਾਉਣ ਲਈ ਉਨ੍ਹਾਂ ਨੇ ਬੱਚਿਆਂ ਲਈ ਇੱਕ ਕਹਾਣੀ ਪੁਸਤਕ ਵੀ ਤਿਆਰ ਕੀਤੀ ਹੈ।
ਮੈਲਬਰਨ ਨਿਵਾਸੀ ਮਨਮੀਤ ਬੇਦੀ ਵੀ ਸਾਡੇ ਵਰਗੇ ਕਈ ਪ੍ਰਵਾਸੀਆਂ ਵਾਂਗ ਆਸਟ੍ਰੇਲੀਆ ਉੱਜਲੇ ਭਵਿੱਖ ਦੀ ਤਲਾਸ਼ ਵਿੱਚ ਆਏ। ਨਾਲ ਹੀ ਮਨਮੀਤ ਨੂੰ ਇਹ ਵੀ ਪਤਾ ਸੀ ਕਿ ਉਨ੍ਹਾਂ ਦੇ ਪਰਿਵਾਰ ਦੇ ਕਈ ਮੈਂਬਰ ਇੱਕ ਸਦੀ ਤੋਂ ਵੀ ਪਹਿਲਾਂ ਤੋਂ ਆਸਟ੍ਰੇਲੀਅਨ ਸਮਾਜ ਦਾ ਹਿੱਸਾ ਬਣ ਚੁੱਕੇ ਹਨ।
“ਮੈਨੂੰ ਪਤਾ ਸੀ ਕਿ ਸਾਡੇ ਬਜ਼ੁਰਗ ਕਈ ਸਾਲਾਂ ਤੋਂ ਆਸਟ੍ਰੇਲੀਆ ਵਿੱਚ ਰਹਿ ਰਹੇ ਹਨ, ਪਰ ਇਸ ਬਾਰੇ ਕੋਈ ਲਿਖਤੀ ਰਿਕਾਰਡ ਨਹੀਂ ਸੀ। ਮੈਂ ਨਹੀਂ ਚਾਹੁੰਦਾ ਸੀ ਕਿ ਇਹ ਇਤਿਹਾਸ ਗੁਮ ਹੋ ਜਾਵੇ,” 39 ਸਾਲਾ ਮਨਮੀਤ ਬੇਦੀ ਨੇ ਐਸਬੀਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਕਿਹਾ।

ਆਪਣੇ ਪਰਿਵਾਰ ਦੇ ਇਤਿਹਾਸ ਦੀ ਖੋਜ ਕਰਦਿਆਂ ਮਨਮੀਤ ਨੂੰ ਪਤਾ ਲੱਗਿਆ ਕਿ ਉਨ੍ਹਾਂ ਦੇ ਨਾਨਾ ਜੀ ਦੇ ਪਿਤਾ ਬੂਜਾ ਸਿੰਘ 1901 ਵਿੱਚ, ਜਦਕਿ ਇਸ ਤੋਂ ਵੀ ਪਹਿਲਾਂ ਉਨ੍ਹਾਂ ਦੇ ਪਿਤਾ ਮਹਾਨ ਸਿੰਘ 1885 ਵਿੱਚ ਆਸਟ੍ਰੇਲੀਆ ਪਹੁੰਚੇ ਸਨ।
“ਸਾਨੂੰ ਇੱਥੇ ਆਏ ਹੋਏ 140 ਸਾਲ ਤੋਂ ਵੀ ਵੱਧ ਸਮਾਂ ਹੋ ਗਿਆ ਹੈ। ਇਸ ਮੁਲਕ ਵਿੱਚ ਸਾਡੀਆਂ ਜੜ੍ਹਾਂ ਬਹੁਤ ਡੂੰਘੀਆਂ ਹਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇਸ ਇਤਿਹਾਸ ਬਾਰੇ ਜਾਣਨਾ ਬਹੁਤ ਜਰੂਰੀ ਹੈ,” ਮਨਮੀਤ ਨੇ ਕਿਹਾ।
ਆਪਣੇ ਪੁਰਖਿਆਂ ਦੀ ਇਸ ਪਰਵਾਸੀ ਕਹਾਣੀ ਨੂੰ ਉਨ੍ਹਾਂ ਨੇ ਬੱਚਿਆਂ ਲਈ ਲਿਖੀ ਕਿਤਾਬ ‘Where the Mustard Fields Meet the Southern Cross’ ਦੇ ਰੂਪ ਵਿੱਚ ਛਾਪਿਆ ਹੈ।
ਮਨਮੀਤ ਦਾ ਕਹਿਣਾ ਹੈ ਕਿ ਇਸ ਖੋਜ ਯਾਤਰਾ ਦੌਰਾਨ ਉਨ੍ਹਾਂ ਨੂੰ ਆਪਣੇ ਪੰਜਾਬੀ-ਆਸਟ੍ਰੇਲੀਅਨ ਹੋਣ ’ਤੇ ਹੋਰ ਵੀ ਮਾਣ ਮਹਿਸੂਸ ਹੋਇਆ ਹੈ।
ਇਸ ਕਿਤਾਬ ਦੇ ਰਾਹੀਂ ਮੈਨੂੰ ਅਹਿਸਾਸ ਹੋਇਆ ਕਿ ਮੇਰੀ ਪਹਿਚਾਣ ਨਾ ਸਿਰਫ ਆਸਟ੍ਰੇਲੀਅਨ ਹੈ ਅਤੇ ਨਾ ਹੀ ਕੇਵਲ ਪੰਜਾਬੀ। ਮੈਂ ਦੋਵੇਂ ਸੱਭਿਆਚਾਰਾਂ ਨਾਲ ਜੁੜਿਆ ਹੋਇਆ ਹਾਂ ਅਤੇ ਦੋਹਾਂ ’ਤੇ ਮਾਣ ਮਹਿਸੂਸ ਕਰਦਾ ਹਾਂ।
ਮਨਮੀਤ ਦੀ ਕਿਤਾਬ ਅਤੇ ਖੋਜ ਬਾਰੇ ਜਾਨਣ ਲਈ ਸੁਣੋ ਇਹ ਪੌਡਕਸਟ।
ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।
📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।
📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।





