Key Points
- ਆਸਟ੍ਰੇਲੀਆ ਵਿੱਚ DIY ਨਵੀਨੀਕਰਨ ਪ੍ਰਸਿੱਧ ਹਨ, ਪਰ ਸ਼ੁਰੂ ਕਰਨ ਤੋਂ ਪਹਿਲਾਂ ਖ਼ਤਰਿਆਂ, ਨਿਯਮਾਂ ਅਤੇ ਸੁਰੱਖਿਆ ਜ਼ਰੂਰਤਾਂ ਨੂੰ ਸਮਝਣਾ ਮਹੱਤਵਪੂਰਨ ਹੈ।
- ਪੁਰਾਣੇ ਘਰਾਂ ਵਿੱਚ ਐਸਬੈਸਟਸ, ਸੀਸਾ-ਅਧਾਰਤ ਪੇਂਟ ਅਤੇ ਧੂੜ ਆਮ ਖ਼ਤਰੇ ਹਨ, ਅਤੇ ਉਹਨਾਂ ਨਾਲ ਛੇੜ-ਛਾੜ ਕਰਨ ਨਾਲ ਸਿਹਤ ਲਈ ਗੰਭੀਰ ਜੋਖਮ ਪੈਦਾ ਹੋ ਸਕਦੇ ਹਨ।
- ਨਵੇਂ ਲੋਕਾਂ ਨੂੰ ਛੋਟੀ ਸ਼ੁਰੂਆਤ ਕਰਨੀ ਚਾਹੀਦੀ ਹੈ, ਆਪਣੇ ਹੁਨਰ ਨੂੰ ਹੌਲੀ-ਹੌਲੀ ਵਿਕਸਤ ਕਰਨਾ ਚਾਹੀਦਾ ਹੈ, ਅਤੇ ਮਹਿੰਗੀਆਂ ਗਲਤੀਆਂ ਤੋਂ ਬਚਣ ਲਈ ਧਿਆਨ ਨਾਲ ਬਜਟ ਬਣਾਉਣਾ ਚਾਹੀਦਾ ਹੈ।
ਬਹੁਤ ਸਾਰੇ ਆਸਟ੍ਰੇਲੀਅਨ ਲੋਕਾਂ ਲਈ ਘਰ ਇੱਕ ਉਸਾਰੀ ਅਧੀਨ ਚਲ ਰਹੀ ਪ੍ਰਕਿਰਿਆ ਹੁੰਦੀ ਹੈ। ਚਾਹੇ ਇਹ ਰੰਗ-ਰੋਗਨ ਦਾ ਤਾਜ਼ਾ ਕੋਟ ਹੋਵੇ ਜਾਂ ਪਿਛਲੇ ਵਿਹੜੇ ਦੀ ਸਜਾਵਟ, ਡੀ-ਆਈ-ਵਾਈ ਜਾਂ ‘ਡੂ-ਇਟ-ਯੋਰਸੈਲਫ਼’ ਰਿਨੋਵੇਸ਼ਨ ਆਸਟ੍ਰੇਲੀਆ ਵਿੱਚ ਬਹੁਤ ਲੋਕਪ੍ਰਿਯ ਹਨ।
ਤਜਰਬੇਕਾਰ ਬਿਲਡਿੰਗ ਅਤੇ ਡਿਵੈਲਪਮੈਂਟ ਮੈਨੇਜਰ, ਡੀਆਈਵਾਈ ਰਿਨੋਵੇਟਰ ਅਤੇ ਬਿਲਡ ਪਲੇਅ ਲਾਈਵ ਦੇ ਸੰਸਥਾਪਕ ਕ੍ਰਿਬਾਸ਼ਿਨੀ ਹੈਨਨ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਵਿੱਚ ਇਹ ਰੁਝਾਨ ਵਧ ਰਿਹਾ ਹੈ।

ਕਿਸੇ ਵੀ ਪ੍ਰੋਜੈਕਟ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ – ਚਾਹੇ ਉਹ ਵੱਡਾ ਹੋਵੇ ਜਾਂ ਛੋਟਾ – ਸੁਰੱਖਿਆ ਸਭ ਤੋਂ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ।
ਇਸ ਦਾ ਮਤਲਬ ਹੈ – ਸੁਰੱਖਿਆ ਲਈ ਢੁੱਕਵੇਂ ਕੱਪੜੇ ਪਾਉਣੇ ਅਤੇ ਔਜ਼ਾਰਾਂ ਨੂੰ ਵਰਤਣ ਦਾ ਢੰਗ ਸਿੱਖਣਾ। ਨਾਲ ਹੀ, ਆਪਣੇ ਘਰ ਵਿਚ ਮੌਜੂਦ ਖਤਰਨਾਕ ਪਦਾਰਥਾਂ ਬਾਰੇ ਵੀ ਹੁਸ਼ਿਆਰ ਰਹਿਣਾ ਚਾਹੀਦਾ ਹੈ।
ਆਸਟ੍ਰੇਲੀਆ ਵਿੱਚ ਤਿੰਨ ਵਿਚੋਂ ਹਰ ਇੱਕ ਘਰ ਵਿੱਚ ਐਸਬੈਸਟਸ ਹੁੰਦਾ ਹੈ, ਇਹ ਇੱਕ ਅਜਿਹਾ ਖਣਿਜ ਹੈ ਜੋ ਛੁਹਣ ਨਾਲ ਜਾਂ ਸਾਹ ਰਾਹੀਂ ਸਰੀਰ ਵਿਚ ਜਾਣ ਕਾਰਨ ਕੈਂਸਰ ਦੀ ਵਜ੍ਹਾ ਬਣ ਸਕਦਾ ਹੈ।

ਐਸਬੈਸਟੈਸ ਐਜੂਕੇਸ਼ਨ ਕਮੇਟੀ ਦੇ ਜੌਹਨ ਬੈਟੀ ਦਾ ਕਹਿਣਾ ਹੈ ਕਿ 1990 ਤੋਂ ਪਹਿਲਾਂ ਬਣੇ ਘਰਾਂ ਵਿੱਚ ਸਭ ਤੋਂ ਜ਼ਿਆਦਾ ਖਤਰਾ ਹੈ। ਉਹ ਦੱਸਦਾ ਹੈ ਕਿ ਜੇਕਰ ਐਸਬੈਸਟਸ ਨੂੰ ਇੰਝ ਹੀ ਛੱਡ ਦਿੱਤਾ ਜਾਵੇ ਤਾਂ ਇਹ ਜ਼ਰੂਰੀ ਨਹੀਂ ਕਿ ਖ਼ਤਰਨਾਕ ਹੋਵੇ। ਪਰ ਇਸ ਨੂੰ ਕੱਟਣ, ਤੋੜਨ ਜਾਂ ਇਸ ਵਿਚ ਛੇਕ ਕਰਦੇ ਸਮੇਂ ਇਸ ਦੇ ਛੋਟੇ-ਛੋਟੇ ਰੇਸ਼ੇ ਹਵਾ ਵਿਚ ਫੈਲ ਸਕਦੇ ਹਨ।
ਆਪਣੇ ਘਰ ਵਿੱਚ ਸੰਭਾਵੀ ਖਤਰਿਆਂ ਦੀ ਪਹਿਚਾਣ ਲਈ ਤੁਸੀਂ ਐਸਬੈਸਟਸ ਅਵੇਅਰਨੈੱਸ ਡੌਟ ਕੌਮ ਡੌਟ ਏ-ਯੂ ਉੱਤੇ ਚੈੱਕਲਿਸਟ ਦੀ ਵਰਤੋਂ ਕਰ ਸਕਦੇ ਹੋ। ਜੇਕਰ ਫਿਰ ਵੀ ਸ਼ੱਕ ਹੋਵੇ ਤਾਂ ਕਿਸੇ ਲਾਈਸੈਂਸ ਪ੍ਰਾਪਤ ਮਾਹਿਰ ਤੋਂ ਇਸ ਦੀ ਜਾਂਚ ਕਾਰਵਾਈ ਜਾ ਸਕਦੀ ਹੈ।
ਤੁਹਾਨੂੰ ਲੀਡ ਵਾਲੇ ਪੇਂਟ, ਜੋ ਕਿ ਪੁਰਾਣੇ ਘਰਾਂ ਵਿੱਚ ਆਮ ਹੁੰਦੇ ਹਨ, ਅਤੇ ਧੂੜ ਤੋਂ ਵੀ ਸਾਵਧਾਨੀ ਰਹਿਣਾ ਚਾਹੀਦਾ ਹੈ।

ਇਸ ਤੋਂ ਬਾਅਦ ਵਾਰੀ ਆਉਂਦੀ ਹੈ ਪਰਮਿਟ ਅਤੇ ਲਾਇਸੈਂਸ ਦੀ। ਤੁਹਾਡੇ ਰਾਜ ਜਾਂ ਖੇਤਰ ਮੁਤਾਬਿਕ ਨਿਯਮ ਵੱਖ-ਵੱਖ ਹੋ ਸਕਦੇ ਹਨ, ਇਸ ਲਈ ਆਪਣੇ ਇਲਾਕੇ ਦੇ ਬਿਲਡਿੰਗ ਅਥਾਰਟੀ ਜਾਂ ਕੌਂਸਲ ਤੋਂ ਇਸ ਦੀ ਜਾਂਚ ਕਰਵਾ ਲੈਣੀ ਜ਼ਰੂਰੀ ਹੈ।
ਜੇਕਰ ਤੁਸੀਂ ਵੱਡੇ ਕੰਮ ਕਰ ਰਹੇ ਹੋ ਜਿਵੇਂ ਕਿ ਮਹੱਤਵਪੂਰਨ ਦੀਵਾਰਾਂ ਨੂੰ ਹਟਾਉਣਾ, ਐਕਸਟੈਨਸ਼ਨ ਬਣਾਉਣਾ ਜਾਂ ਵੱਡੇ ਡੈਕ ਦਾ ਨਿਰਮਾਣ ਕਰਨਾ, ਤਾਂ ਤੁਹਾਨੂੰ ਬਿਲਡਿੰਗ ਜਾਂ ਪਲਾਨਿੰਗ ਪਰਮਿਟ ਦੀ ਲੋੜ ਹੋਵੇਗੀ।
ਪੈਸਾ ਅਤੇ ਸਮਾਂ ਬਚਾਉਣ ਲਈ ਪਰਮਿਟ ਨਾ ਲੈਣਾ ਆਕਰਸ਼ਕ ਲੱਗ ਸਕਦਾ ਹੈ ਪਰ ਇਸ ਨਾਲ ਗੰਭੀਰ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।
ਤੁਹਾਨੂੰ ਜੁਰਮਾਨਾ ਲਗ ਸਕਦਾ ਹੈ, ਕੰਮ ਰੱਦ ਕਰਨ ਲਈ ਮਜ਼ਬੂਰ ਕੀਤਾ ਜਾ ਸਕਦਾ ਹੈ, ਜਾਂ ਫਿਰ ਤੁਹਾਡੇ ਪਰਿਵਾਰ ਦੀ ਸੁਰੱਖਿਆ ਵੀ ਖਤਰੇ ਵਿੱਚ ਪੈ ਸਕਦੀ ਹੈ।
ਡੀਆਈਵਾਈ ਅਪਣਾਉਣ ਦਾ ਇੱਕ ਕਾਰਨ ਅਕਸਰ ਲੋਕਾਂ ਵਲੋਂ ਪੈਸੇ ਦੀ ਬਚਤ ਕਰਨਾ ਹੁੰਦਾ ਹੈ, ਪਰ ਬ੍ਰਿਸਬੇਨ ਵਿੱਚ ਰਹਿਣ ਵਾਲੀ ਇੱਕ ਡੀਆਈਵਾਈ ਮਾਹਿਰ ਜੀਨੀਵਾ ਵੈਂਡਰਜ਼ੀਲ ਚੇਤਾਵਨੀ ਦਿੰਦੀ ਹੈ ਕਿ ਖ਼ਰਚੇ ਛੇਤੀ ਵਧ ਸਕਦੇ ਹਨ।
ਜੇਕਰ ਤੁਸੀਂ ਡੀਆਈਵਾਈ ਵਿੱਚ ਨਵੇਂ ਹੋ, ਤਾਂ ਛੋਟਿਆਂ ਕੰਮਾਂ ਤੋਂ ਸ਼ੁਰੂ ਕਰੋ – ਜਿਵੇਂ ਕਿ ਇੱਕ ਕਮਰੇ ਨੂੰ ਪੇਂਟ ਕਰਨਾ ਜਾਂ ਫਲੈਟਪੈਕ ਅਲਮਾਰੀ ਲਾਉਣਾ – ਅਤੇ ਹੌਲੀ-ਹੌਲੀ ਆਪਣੇ ਹੁਨਰ ਨੂੰ ਅੱਗੇ ਵਧਾਓ।
ਆਸਟ੍ਰੇਲੀਆ ਵਿੱਚ ਆਪਣੀ ਨਵੀਂ ਜ਼ਿੰਦਗੀ ਵਿੱਚ ਸੈਟਲ ਹੋਣ ਬਾਰੇ ਵਧੇਰੇ ਕੀਮਤੀ ਜਾਣਕਾਰੀ ਅਤੇ ਸੁਝਾਵਾਂ ਲਈ ਆਸਟ੍ਰੇਲੀਆ ਐਕਸਪਲੇਨਡ ਪੋਡਕਾਸਟ ਨੂੰ ਸਬਸਕ੍ਰਾਈਬ ਕਰੋ ਜਾਂ ਫਾਲੋ ਕਰੋ।
ਕੀ ਤੁਹਾਡੇ ਕੋਈ ਸਵਾਲ ਜਾਂ ਵਿਸ਼ੇ ਦੇ ਵਿਚਾਰ ਹਨ ਤਾਂ australiaexplained@sbs.com.au ਉਤੇ ਇੱਕ ਈਮੇਲ ਭੇਜੋ।








