Key Points
- ਆਸਟ੍ਰੇਲੀਆ ਵਿੱਚ, ਤੁਸੀਂ ਮਨੋਨੀਤ ਰੀਸਾਈਕਲਿੰਗ ਅਤੇ ਈ-ਕੂੜਾ ਇਕੱਠਾ ਕਰਨ ਵਾਲੇ ਸਥਾਨਾਂ ਰਾਹੀਂ ਅਣਚਾਹੀਆਂ ਇਲੈਕਟ੍ਰਾਨਿਕ ਵਸਤੂਆਂ ਤੋਂ ਮੁਫ਼ਤ ਵਿੱਚ ਛੁਟਕਾਰਾ ਪਾ ਸਕਦੇ ਹੋ।
- ਲਿਥੀਅਮ-ਆਇਨ ਬੈਟਰੀਆਂ ਨੂੰ ਪਰੰਪਰਾਗਤ ਬੈਟਰੀਆਂ ਨਾਲੋਂ ਵੱਖਰੀ ਹੈਂਡਲਿੰਗ ਦੀ ਲੋੜ ਹੁੰਦੀ ਹੈ।
- ਤੁਹਾਡੇ ਪੁਰਾਣੇ ਟੀਵੀ, ਕੰਪਿਊਟਰ, ਮੋਬਾਈਲ ਫ਼ੋਨ, ਜਾਂ ਹੋਰ ਇਲੈਕਟ੍ਰਾਨਿਕ ਯੰਤਰਾਂ ਦੇ ਨਿਪਟਾਰੇ ਲਈ ਤੁਹਾਡੇ ਖੇਤਰ ਵਿੱਚ ਸੇਵਾਵਾਂ ਅਤੇ ਡ੍ਰੌਪ-ਆਫ ਪੁਆਇੰਟ recyclingnearyou.com.au 'ਤੇ ਲੱਭੇ ਜਾ ਸਕਦੇ ਹਨ।
ਜਲਵਾਯੂ ਪਰਿਵਰਤਨ, ਊਰਜਾ, ਵਾਤਾਵਰਣ ਅਤੇ ਪਾਣੀ ਵਿਭਾਗ ਲਈ ਤਿਆਰ ਕੀਤੀ ਗਈ ਸਭ ਤੋਂ ਤਾਜ਼ਾ ਨੈਸ਼ਨਲ ਵੇਸਟ ਰਿਪੋਰਟ ਮੁਤਾਬਕ, ਆਸਟ੍ਰੇਲੀਆ ਨੇ 2020-21 ਦੀ ਮਿਆਦ ਵਿੱਚ 531,000 ਟਨ ਈ-ਵੇਸਟ ਪੈਦਾ ਕੀਤਾ ਸੀ।
ਰੇਬੇਕਾ ਗਿਲਿੰਗ, ਪਲੈਨਟ ਆਰਕ ਦੀ ਸੀਈਓ ਹੈ। ਉਹਨਾਂ ਮੁਤਾਬਕ ਇਹ ਅੰਕੜੇ ਸਾਧਾਰਨ ਨਹੀਂ ਹਨ।
ਟੋਸਟਰਾਂ ਤੋਂ ਲੈ ਕੇ ਸੋਲਰ ਪੈਨਲ ਤੱਕ ਕੋਈ ਵੀ ਵਸਤੂ ਜੋ ਪਲੱਗ ਇਨ ਹੋ ਸਕੇ ਉਸਨੂੰ ਈ-ਵੇਸਟ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ।
ਸਾਡੇ ਕਰਬਸਾਈਡ ਵਾਲੇ ਰੀਸਾਈਕਲਿੰਗ ਬਿਨ ਵਿੱਚ ਇਹ ਵਸਤੂਆਂ ਸ਼ਾਮਲ ਨਾ ਕਰਨ ਦੇ ਕੁੱਝ ਕਾਰਨ ਹਨ। ਵਾਤਾਵਰਣ ਦੀ ਬੇਹਤਰੀ ਤੋਂ ਇਲਾਵਾ ਇਸ ਦੇ ਕੁੱਝ ਸੁਰੱਖਿਆ ਨਾਲ ਜੁੜੇ ਕਾਰਨ ਵੀ ਹਨ।
ਕੂੜੇ ਵਿੱਚ ਇੱਕ ਛੋਟੀ ਜਿਹੀ ਬੈਟਰੀ ‘ਚੋਂ ਨਿਕਲੀ ਚਿੰਗਾਰੀ ਵੀ ਭਿਆਨਕ ਅੱਗ ਦਾ ਰੂਪ ਲੈ ਸਕਦੀ ਹੈ।
ਅੰਦਾਜ਼ਨ ਆਸਟ੍ਰੇਲੀਆ ਦੀਆਂ ਵਰਤੀਆਂ ਜਾਂਦੀਆਂ 90 ਫੀਸਦ ਬੈਟਰੀਆਂ ਲੈਂਡਫਿੱਲ ਵਿੱਚ ਜਾਂਦੀਆਂ ਹਨ ਜੋ ਕਿ ਵਾਤਾਵਰਣ ਵਿੱਚ ਜ਼ਹਿਰੀਲੇ ਪਦਾਰਥਾਂ ਨੂੰ ਲੀਕ ਕਰਦੀਆਂ ਹਨ।

ਪਰ ਜੇਕਰ ਇਹਨਾਂ ਦਾ ਸਹੀ ਢੰਗ ਨਾਲ ਨਿਪਟਾਰਾ ਕੀਤਾ ਜਾਵੇ ਤਾਂ ਬੈਟਰੀ ਦੇ 95 ਫੀਸਦ ਹਿੱਸਿਆਂ ਨੂੰ ਇੱਕ ਨਵੇਂ ਉਤਪਾਦ ਵਿੱਚ ਰੀਸਾਈਕਲ ਕੀਤਾ ਜਾ ਸਕਦਾ ਹੈ।
ਰਾਜ ਅਤੇ ਖੇਤਰੀ ਅਥਾਰਟੀਆਂ ਵੱਲੋਂ ਬੀ-ਸਾਈਕਲ ਨਾਲ ਭਾਈਵਾਲੀ ਕੀਤੀ ਗਈ ਹੈ ਜੋ ਕਿ ਇੱਕ ਰਾਸ਼ਟਰੀ ਸਰਕਾਰ-ਸਮਰਥਿਤ ਸਕੀਮ ਹੈ ਜਿਸ ਵਿੱਚ ਕਮਿਊਨਿਟੀ ਰੀਸਾਈਕਲਿੰਗ ਕੇਂਦਰਾਂ ਅਤੇ ਪ੍ਰਮੁੱਖ ਪ੍ਰਚੂਨ ਦੁਕਾਨਾਂ ‘ਤੇ ਵਰਤੀਆਂ ਜਾਣ ਵਾਲੀਆਂ ਘਰੇਲੂ ਬੈਟਰੀਆਂ ਲਈ ਸਥਾਪਿਤ ਡ੍ਰੋਪ-ਆਫ ਪੁਆਇੰਟ ਹਨ।
ਨਿਪਟਾਰੇ ਸਮੇਂ ਬੈਟਰੀਆਂ 'ਚ ਅੱਗ ਨਾ ਲੱਗੇ ਇਸ ਲਈ ਹਰ ਇੱਕ ਬੈਟਰੀ ਨੂੰ ਸਟਿੱਕੀ ਟੇਪ ਨਾਲ ਲਪੇਟਣਾ ਚਾਹੀਦਾ ਹੈ।
ਅਸੀਂ ਹਾਲ ਹੀ ਵਿੱਚ ਰੀਸਾਈਕਲਿੰਗ ਕੇਂਦਰਾਂ ਵਿੱਚ ਕਈ ਅੱਗ ਲੱਗਣ ਦੇ ਮਾਮਲੇ ਦੇਖੇ ਹਨ।Rebecca Gilling, CEO of Planet Ark
ਪਰ ਸਾਰੀਆਂ ਬੈਟਰੀਆਂ ਬੀ-ਸਾਈਕਲ ਰੀਸਾਈਕਲਿੰਗ ਪ੍ਰੋਗਰਾਮ ਲਈ ਯੋਗ ਨਹੀਂ ਹਨ। ਉਦਾਹਰਣ ਲਈ, ਵੱਡੀਆਂ ਬੈਟਰੀਆਂ ਜਿਵੇਂ ਕਿ ਕਾਰ ਅਤੇ ਲਿਥੀਅਮ-ਆਇਨ ਬੈਟਰੀਆਂ ਨੂੰ ਵੱਖ-ਵੱਖ ਤਰੀਕੇ ਨਾਲ ਹੈਂਡਲ ਕੀਤਾ ਜਾਂਦਾ ਹੈ।
ਲਿਥੀਅਮ-ਆਇਨ ਬੈਟਰੀਆਂ ਉਹ ਹਨ ਜੋ ਆਮ ਤੌਰ ‘ਤੇ ਇਲੈਕਟ੍ਰਿਕ ਬਾਈਕ ਅਤੇ ਸਕੂਟਰਾਂ ਵਿੱਚ ਵਰਤੀਆਂ ਜਾਂਦੀਆਂ ਹਨ।
ਆਰਐਮਆਈਟੀ ਯੂਨੀਵਰਸਿਟੀ ਦੇ ਸਕੂਲ ਆਫ਼ ਸਾਇੰਸ ਤੋਂ ਵਿਸ਼ਿਸ਼ਟ ਪ੍ਰੋਫੈਸਰ ਟਿਆਨਈ ਮਾ ਦਾ ਕਹਿਣਾ ਹੈ ਕਿ ਲਿਥੀਅਮ-ਆਇਨ ਬੈਟਰੀਆਂ ਸਾਡੀ ਕਲਪਨਾ ਤੋਂ ਵੱਧ ਰੋਜ਼ਾਨਾ ਦੇ ਉਪਕਰਣਾਂ ਵਿੱਚ ਵਰਤੀਆਂ ਜਾਂਦੀਆਂ ਹਨ।

ਪ੍ਰੋਫੈਸਰ ਮਾ ਦਾ ਕਹਿਣਾ ਹੈ ਕਿ ਲਿਥੀਅਮ ਆਇਨ ਬੈਟਰੀਆਂ ਦਾ ਸਭ ਤੋਂ ਵੱਧ ਖਤਰਾ ਅੱਗ ਲੱਗਣ ਦਾ ਹੈ ਕਿਉਂਕਿ ਲਿਥੀਅਮ ਆਪਣੇ ਆਪ ਵਿੱਚ ਇੱਕ ਬਹੁਤ ਜ਼ਿਆਦਾ ਵਿਸਫੋਟਕ ਧਾਤ ਹੈ।
ਲਿਥੀਅਮ-ਆਇਨ ਬੈਟਰੀ ਦੀ ਸਟੋਰੇਜ ਤੋਂ ਲੈ ਕੇ ਨਿਪਟਾਰੇ ਤੱਕ ਸੁਰੱਖਿਆ ਉਪਾਅ ਦਾ ਧਿਆਨ ਰੱਖਣਾ ਜ਼ਰੂਰੀ ਹੈ।
ਉਹ ਅੱਗੇ ਕਹਿੰਦੇ ਹਨ "ਬਹੁਤ ਸਾਰੇ ਇਲੈਕਟ੍ਰਾਨਿਕ ਸਟੋਰ ਅਤੇ ਸਥਾਨਕ ਕੂੜਾ ਪ੍ਰਬੰਧਨ ਸੇਵਾਵਾਂ ਬੈਟਰੀਆਂ ਦੀ ਰੀਸਾਈਕਲਿੰਗ ਸੇਵਾਵਾਂ ਪ੍ਰਦਾਨ ਕਰਦੀਆਂ ਹਨ।"
ਭਾਗ ਲੈਣ ਵਾਲੇ ਸਟੋਰਾਂ ਵਿੱਚ Officeworks, Woolworths, Aldi, IGA ਅਤੇ Bunnings. ਸ਼ਾਮਲ ਹਨ।

ਪਲੈਨੇਟ ਆਰਕ ਦੀ ਰੇਬੇਕਾ ਗਿਲਿੰਗ ਦੱਸਦੀ ਹੈ ਕਿ ਕਿਵੇਂ ਨੈਸ਼ਨਲ ਟੈਲੀਵਿਜ਼ਨ ਅਤੇ ਕੰਪਿਊਟਰ ਰੀਸਾਈਕਲਿੰਗ ਸਕੀਮ ਦੇ ਤਹਿਤ ਆਪਣੇ ਪੁਰਾਣੇ ਟੀਵੀ ਅਤੇ ਕੰਪਿਊਟਰ ਨੂੰ ਮੁਫ਼ਤ ਵਿੱਚ ਰੀਸਾਈਕਲ ਲਈ ਦਿੱਤਾ ਜਾ ਸਕਦਾ ਹੈ।
ਸ਼੍ਰੀਮਤੀ ਗਿਲਿੰਗ ਦੱਸਦੇ ਹਨ ਕਿ ਕੰਪਿਊਟਰ ਡਿਵਾਈਸਾਂ ਲਈ ਯੋਜਨਾ ਦੇ ਤਹਿਤ ਪ੍ਰੋਸੈਸਿੰਗ ਦੇ ਅਗਲੇ ਪੜਾਅ ਤੱੱਕ ਪਹੁੰਚਣ ਤੋਂ ਪਹਿਲਾਂ ਡਿਵਾਈਸਾਂ ਤੋਂ ਸਾਰਾ ਡਾਟਾ ਹਟਾਉਣ ਦਾ ਭਰੋਸਾ ਦਿੱਤਾ ਜਾਂਦਾ ਹੈ।

ਇਹੀ ਗੱਲ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਮੋਬਾਈਲ ਮਸਟਰ ਉਤਪਾਦ-ਪ੍ਰਬੰਧਕੀ ਪ੍ਰੋਗਰਾਮ ਦੇ ਤਹਿਤ ਰੀਸਾਈਕਲ ਕੀਤੇ ਮੋਬਾਈਲ ਫੋਨਾਂ ਲਈ ਲਾਗੂ ਹੁੰਦੀ ਹੈ।
ਲੁਈਸ ਹਾਈਲੈਂਡ ਆਸਟ੍ਰੇਲੀਅਨ ਮੋਬਾਈਲ ਟੈਲੀਕਮਿਊਨੀਕੇਸ਼ਨ ਐਸੋਸੀਏਸ਼ਨ ਦੀ ਸੀਈਓ ਹੈ, ਜੋ ਉਦਯੋਗ-ਅਗਵਾਈ ਵਾਲੇ ਰੀਸਾਈਕਲਿੰਗ ਪ੍ਰੋਗਰਾਮ ਨੂੰ ਚਲਾਉਣ ਵਾਲੀ ਚੋਟੀ ਦੀ ਸੰਸਥਾ ਹੈ।
ਉਹਨਾਂ ਵੱਲੋਂ ਮੋਬਾਈਲ ਫੋਨ ਨੂੰ ਅੱਪਗ੍ਰੇਡ ਕਰਨ ਅਤੇ ਪੁਰਾਣੇ ਫੋਨ ਨੂੰ ਰੀਸਾਈਕਲ ਕਰਨ ਲਈ ਸਭ ਤੋਂ ਵਧੀਆ ਅਭਿਆਸ ਬਾਰੇ ਦੱਸਿਆ ਗਿਆ।
ਪ੍ਰੋਗਰਾਮ ਦੇ ਤਹਿਤ ਰੀਸਾਈਕਲਿੰਗ ਲਈ ਫੋਨ ਐਕਸੈਸਰੀਜ਼ ਅਤੇ ਸਬੰਧਿਤ ਡਿਵਾਈਸਾਂ ਵੀ ਸਵੀਕਾਰ ਕੀਤੀਆਂ ਜਾਂਦੀਆਂ ਹਨ ਜੋ ਬਿਨਾਂ ਕਿਸੇ ਕੀਮਤ ਦੇ ਡਰਾਪ ਆਫ ਅਤੇ ਡਾਕ ਵਿਕਲਪਾਂ ਰਾਹੀਂ ਉਪਲਬਧ ਹਨ।
ਸ਼੍ਰੀਮਤੀ ਹਈਲੈਂਡ ਦੱਸਦੇ ਹਨ ਕਿ ਮੋਬਾਈਲ ਫੋਨ ਦੀਆਂ ਬੈਟਰੀਆਂ ਜੇਕਰ ਡਿਵਾਈਸ ਦੇ ਵਿੱਚ ਹੀ ਰਹਿੰਦੀਆਂ ਹਨ ਤਾਂ ਉਹਨਾਂ ਨੂੰ ਵੀ ਮੋਬਾਈਲ ਮਸਟਰ ਰਾਹੀਂ ਰੀਸਾਈਕਲ ਕੀਤਾ ਜਾ ਸਕਦਾ ਹੈ।
ਨਹੀਂ ਤਾਂ, ਜੋ ਖੁੱਲੀਆਂ ਬੈਟਰੀਆਂ ਹੁੰਦੀਆਂ ਹਨ ਉਹਨਾਂ ਨੂੰ ਬੈਟਰੀ-ਵਿਸ਼ੇਸ਼ ਬੀ-ਸਾਈਕਲ ਪ੍ਰੋਗਰਾਮ ਦੁਆਰਾ ਰੀਸਾਈਕਲਿੰਗ ਲਈ ਭੇਜੀਆਂ ਜਾਂਦੀਆਂ ਹਨ।
ਕਿਸੇ ਵੀ ਇਲੈਕਟ੍ਰਾਨਿਕ ਯੰਤਰ ਜਾਂ ਕਿਸੇ ਹੋਰ ਕਿਸਮ ਦੀ ਘਰੇਲੂ ਵਸਤੂ ਲਈ ਜੋ ਹੁਣ ਵਰਤੋਂ ਵਿੱਚ ਨਹੀਂ ਹੈ, ਤੁਸੀਂ recyclingnearyou.com.au 'ਤੇ ਜਾ ਕੇ ਪਲੈਨੇਟ ਆਰਕ ਦੀ ਵੈੱਬਸਾਈਟ 'ਤੇ ਢੁਕਵੇਂ ਰੀਸਾਈਕਲਿੰਗ ਵਿਕਲਪ ਅਤੇ ਆਪਣੇ ਨਜ਼ਦੀਕੀ ਡਰਾਪ-ਆਫ ਟਿਕਾਣੇ ਨੂੰ ਲੱਭ ਸਕਦੇ ਹੋ।

ਇਲੈਕਟ੍ਰਾਨਿਕ ਡਿਵਾਈਸ ਜਾਂ ਬੈਟਰੀ ਨੂੰ ਅੱਗ ਲੱਗਣ 'ਤੇ ਕੀ ਕਰਨਾ ਹੈ?
ਜੇਕਰ ਡਿਵਾਈਸ ਜਾਂ ਬੈਟਰੀ ਧੂੰਆਂ ਜਾਂ ਅੱਗ ਦੀਆਂ ਲਪਟਾਂ ਛੱਡਣ ਲੱਗ ਪੈਂਦੀ ਹੈ:
- ਅੱਗ ਦੇ ਫੈਲਣ ਨੂੰ ਹੌਲੀ ਕਰਨ ਲਈ ਖੇਤਰ ਨੂੰ ਖਾਲੀ ਕਰੋ ਅਤੇ ਦਰਵਾਜ਼ੇ ਬੰਦ ਕਰੋ ਜੇਕਰ ਅਜਿਹਾ ਕਰਨਾ ਸੁਰੱਖਿਅਤ ਹੈ ਤਾਂ ਇਹ ਯਕੀਨੀ ਬਣਾਓ ਕਿ ਕੋਈ ਵੀ ਕਿਸੇ ਕਾਰਨ ਕਰਕੇ ਇਮਾਰਤ ਦੇ ਅੰਦਰ ਵਾਪਸ ਨਾ ਜਾਵੇ। ਵੈਂਟਡ ਬੈਟਰੀ ਗੈਸਾਂ, ਭਾਫ਼ ਅਤੇ ਧੂੰਆਂ ਬਹੁਤ ਜ਼ਿਆਦਾ ਜ਼ਹਿਰੀਲੇ ਅਤੇ ਜਲਣਸ਼ੀਲ ਹਨ ਅਤੇ ਇਹਨਾਂ ਨੂੰ ਸਾਹ ਨਾਲ ਅੰਦਰ ਨਾ ਖਿੱਚਿਆ ਜਾਵੇ।
- ਟ੍ਰਿਪਲ ਜ਼ੀਰੋ (000) 'ਤੇ ਕਾਲ ਕਰੋ ਅਤੇ ਫਾਇਰਫਾਈਟਰਾਂ ਦੇ ਪਹੁੰਚਣ ਲਈ ਸੁਰੱਖਿਅਤ ਸਥਾਨ 'ਤੇ ਉਡੀਕ ਕਰੋ।
- ਜੇਕਰ ਕੋਈ ਵੀ ਫੈਲੇ ਹੋਏ ਇਲੈਕਟ੍ਰੋਲਾਈਟ, ਉੱਡਦੇ ਮਲਬੇ, ਧੂੰਏਂ ਜਾਂ ਵਾਸ਼ਪਾਂ, ਜਾਂ ਅੱਗ ਦੀਆਂ ਲਾਟਾਂ ਦੇ ਸੰਪਰਕ ਵਿੱਚ ਆਇਆ ਹੈ, ਤਾਂ ਤੁਰੰਤ ਡਾਕਟਰੀ ਸਹਾਇਤਾ ਲਓ।
ਇਸ ਬਾਰੇ ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਫੇਸਬੁੱਕ ਤੇ X ਉੱਤੇ ਵੀ ਫਾਲੋ ਕਰੋ।








