ਵਸੀਅਤ ਇੱਕ ਕਾਨੂੰਨੀ ਦਸਤਾਵੇਜ਼ ਹੁੰਦਾ ਹੈ ਜਿਸ ਵਿੱਚ ਇਸ ਬਾਰੇ ਹਿਦਾਇਤਾਂ ਹੁੰਦੀਆਂ ਹਨ ਕਿ ਤੁਹਾਡੇ ਗੁਜ਼ਰ ਜਾਣ ਪਿੱਛੋਂ ਤੁਸੀਂ ਕਿਸਨੂੰ ਆਪਣੀ ਜਾਗੀਰ ਵਿਰਾਸਤ ਵਿੱਚ ਦੇਣਾ ਚਹੁੰਦੇ ਹੋ, ਤੁਹਾਡੇ ਬੱਚਿਆਂ ਦੀ ਦੇਖਭਾਲ ਤੁਹਾਡੇ ਬਾਅਦ ਕੌਣ ਕਰੇ ਅਤੇ ਤੁਹਾਡੀ ਜਾਗੀਰ ਦਾ ਕਾਰਜਕਾਰੀ ਤੁਹਾਡੇ ਬਾਅਦ ਕੋਣ ਬਣੇ।
2015 ਦੇ ਇੱਕ ਅਧਿਐਨ ਦੇ ਅਨੁਸਾਰ ਸਿਰਫ ਬਜ਼ੁਰਗ ਆਸਟ੍ਰੇਲੀਅਨਜ਼ ਜਾਂ ਉਹੀ ਲੋਕ ਵਸੀਅਤ ਬਣਾਉਂਦੇ ਸਨ ਜਿੰਨ੍ਹਾਂ ਕੋਲ ਜ਼ਿਆਦਾ ਜਾਇਦਾਦ ਹੁੰਦੀ ਸੀ।
ਜਦੋਂ ਕੋਈ ਵਿਅਕਤੀ ਬਿਨਾਂ ਵਸੀਅਤ ਦੇ ਗੁਜ਼ਰ ਜਾਂਦਾ ਹੈ ਤਾਂ ਇਸ ਨੂੰ ਅਸਥਿਰਤਾ ਕਿਹਾ ਜਾਂਦਾ ਹੈ ਅਤੇ ਅਜਿਹੇ ਵਿੱਚ ਜਾਇਦਾਦਾਂ ਦੀ ਵੰਡ ਰਾਜ ਜਾਂ ਖੇਤਰ ਦੇ ਕਾਨੂੰਨਾਂ ਅਨੁਸਾਰ ਹੁੰਦੀ ਹੈ।

ਸਾਲਿਸਟਰ ਡੀਨ ਕੈਲਿਮਨਿਓਸ ਦਾ ਕਹਿਣਾ ਹੈ ਕਿ ਜੇਕਰ ਅਜਿਹੇ ਹਾਲਾਤਾਂ ਵਿੱਚ ਵਸੀਅਤ ਹੋਵੇ ਤਾਂ ਅਜਿਹੀਆਂ ਪਰੇਸ਼ਾਨੀਆਂ ਤੋਂ ਬਚਿਆ ਜਾ ਸਕਦਾ ਹੈ।
ਵਸੀਅਤ ਨਾ ਹੋਣ ਦੀ ਸੂਰਤ ਵਿੱਚ ਵਿਰਾਸਤ ਦੀ ਵੰਡ ਦਾ ਕੰਮਕਾਜ ਤੁਹਾਡੇ ਰਾਜ ਜਾਂ ਖਿੱਤੇ ਦੇ ਕਾਨੂੰਨਾਂ ‘ਤੇ ਨਿਰਭਰ ਕਰਦਾ ਹੈ।
ਹਾਲਾਂਕਿ ਆਸਟ੍ਰੇਲੀਆ ਵਿੱਚ ਆਨਲਾਈਨ ਡੂ-ਇਟ-ਯੂਅਰਸੈਲਫ ਵਿੱਲ ਕਿਟਾਂ ਦਾ ਰੁਝਾਨ ਕਾਫੀ ਵੱਧ ਗਿਆ ਹੈ ਪਰ ਫਿਰ ਵੀ ਕਾਨੂੰਨੀ ਸਲਾਹ ਲੈਣਾ ਇੱਕ ਸੁਰੱਖਿਅਤ ਵਿਕਲਪ ਮੰਨਿਆ ਜਾਂਦਾ ਹੈ।
ਪੇਸ਼ੇਵਰਾਨਾ ਸਹਾਇਤਾ ਪ੍ਰਦਾਨ ਕਰਨ ਲਈ ਕੇਵਲ ਕਾਨੂੰਨੀ ਸਲਾਹਕਾਰ ਹੀ ਇਕਲੋਤਾ ਵਿਕਲਪ ਨਹੀਂ ਹਨ ਬਲਕਿ ਤੁਸੀਂ ਆਪਣੀ ਵਸੀਅਤ ਨੂੰ ਸਟੇਟ ਟਰੱਸਟੀਜ਼ ਦੀ ਸਹਾਇਤਾ ਨਾਲ ਵੀ ਲਿਖ ਸਕਦੇ ਹੋ। ਇਸਦਾ ਸਰਕਾਰੀ ਦਫਤਰ ਹਰੇਕ ਰਾਜ ਜਾਂ ਖੇਤਰ ਵਿੱਚ ਮੌਜੂਦ ਹੁੰਦਾ ਹੈ।
ਜਨਤਕ ਟਰੱਸਟੀ ਵੀ ਕੰਮ ਕਰਨ ਦਾ ਖ਼ਰਚਾ ਲੈਂਦੇ ਹਨ ਪਰ ਫੀਸਾਂ ਨਾਮਾਤਰ ਜਾਂ ਨਿਯਮਿਤ ਹੁੰਦੀਆਂ ਹਨ। ਪੈਨਸ਼ਨਰਾਂ ਅਤੇ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਫੀਸ ਤੋਂ ਛੋਟ ਵੀ ਮਿਲ ਸਕਦੀ ਹੈ।
ਮਾਈਕਲ ਸਪੀਗੇਲ ਵਿਕਟੋਰੀਆ ਸਟੇਟ ਟਰੱਸਟੀਜ਼ ਵਿਖੇ ਟਰੱਸਟੀ ਸੇਵਾਵਾਂ ਡਿਵੀਜ਼ਨ ਦੇ ਕਾਰਜਕਾਰੀ ਜਨਰਲ ਮੈਨੇਜਰ ਹਨ।
ਉਨ੍ਹਾਂ ਦੱਸਿਆ ਕਿ ਵਸੀਅਤ ਬਣਾਉਣੀ ਨਾ ਕੇਵਲ ਸੰਪੱਤੀ ਦੀ ਵੰਡ ਲਈ, ਸਗੋਂ ਨਾਬਾਲਿਗਾਂ ਦੀ ਸਾਂਭ ਸੰਭਾਲ ਕਰਨ ਲਈ ਸਰਪ੍ਰਸਤਾਂ ਨੂੰ ਨਾਮਜ਼ਦ ਕਰਨ ਲਈ ਵੀ ਜ਼ਰੂਰੀ ਹੈ।

ਮਿਸਟਰ ਸਪੀਗੇਲ ਦਾ ਮੰਨਣਾ ਹੈ ਕਿ ਪ੍ਰਵਾਸੀ ਆਸਟ੍ਰੇਲੀਅਨਾਂ ਲਈ ਇਹ ਹੋਰ ਵੀ ਜ਼ਰੂਰੀ ਹੈ ਖ਼ਾਸ ਕਰ ਉਨ੍ਹਾਂ ਲਈ ਜਿੰਨ੍ਹਾਂ ਦੇ ਬੱਚੇ 18 ਸਾਲਾਂ ਤੋਂ ਘੱਟ ਹਨ ਅਤੇ ਜਿੰਨ੍ਹਾਂ ਕੋਲ ਇਥੇ ਕੋਈ ਪਰਿਵਾਰਕ ਸਹਾਇਤਾ ਜਾਂ ਨੈਟਵਰਕ ਵੀ ਨਹੀਂ ਹੈ।
ਡੀਨ ਕੈਲਿਮਨੀਓਸ ਸਾਲਾ ਤੋਂ ਆਪਣੇ ਗਾਹਕਾਂ ਲਈ ਵਸੀਅਤਾਂ ਤਿਆਰ ਕਰ ਕੇ ਦਿੰਦੇ ਆ ਰਹੇ ਹਨ, ਉਨ੍ਹਾਂ ਅਜਿਹੀਆਂ ਬਹੁਤ ਸਾਰੀਆਂ ਉਦਾਹਰਣਾਂ ਦਾ ਸਾਹਮਣਾ ਕੀਤਾ ਹੈ ਜਿਥੇ ਨਸਲੀ ਪਿਛੋਕੜ ਦੇ ਕੁੱਝ ਸਿਧਾਂਤਾਂ ਕਾਰਨ ਵਿਰਾਸਤ ਬਣਾਉਣ ਅਤੇ ਵੰਡ ਕਰਨ ਵਿੱਚ ਮੁਸ਼ਕਿਲਾਂ ਆਉਂਦੀਆਂ ਹਨ।
ਉਨ੍ਹਾਂ ਨੇ ਤਸੱਲੀ ਦਿੱਤੀ ਕਿ ਵਸੀਅਤ ਬਣਾਉਣ ਨਾਲ ਅਨਿਸ਼ਚਿਤਤਾ ਨਹੀਂ ਬਲਕਿ ਸੁਰੱਖਿਆ ਮਿਲਦੀ ਹੈ।
ਜੇਕਰ ਤੁਸੀਂ ਵੀ ਕਿਸੇ ਆਨਲਾਈਨ ਵਸੀਅਤ ਕਿੱਟ ਦੀ ਵਰਤੋਂ ਕਰਦੇ ਹੋ ਤਾਂ ਫਿਰ ਵੀ ਤੁਸੀਂ ਇਸਦੀ ਜਾਂਚ ਕਿਸੇ ਕਾਨੂੰਨੀ ਸਲਾਹਕਾਰ ਜਾਂ ਜਨਤਕ ਟਰੱਸਟੀ ਕੋਲੋਂ ਕਰਵਾ ਸਕਦੇ ਹੋ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।





