ਦੱਖਣੀ ਆਸਟ੍ਰੇਲੀਆ ਦੇ ਵਰਜੀਨੀਆ ਸਥਿਤ ਦਸ਼ਮੇਸ਼ ਦਰਬਾਰ ਗੁਰਦੁਆਰੇ ਵਿੱਚ 26 ਜੁਲਾਈ ਦੀ ਰਾਤ ਲੱਗੀ ਭਿਆਨਕ ਅੱਗ ਨੇ ਪੂਰੀ ਇਮਾਰਤ ਨੂੰ ਤਬਾਹ ਕਰ ਦਿੱਤਾ। ਸਥਾਨਕ ਸਿੱਖ ਭਾਈਚਾਰਾ ਇਸ ਘਟਨਾ ਨੂੰ ਸਿਰਫ਼ ਇੱਕ ਇਮਾਰਤ ਦਾ ਨੁਕਸਾਨ ਨਹੀਂ, ਸਗੋਂ ਆਪਣੀਆਂ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਡੂੰਘਾ ਸਦਮਾ ਮੰਨ ਰਿਹਾ ਹੈ। ਪੁਲਿਸ ਅਤੇ ਹੋਰ ਅਧਿਕਾਰੀਆਂ ਵੱਲੋਂ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਦੱਖਣੀ ਆਸਟ੍ਰੇਲੀਆ ਦੇ ਵਰਜੀਨੀਆ ਇਲਾਕੇ ਵਿੱਚ ਸਥਿਤ ਦਸ਼ਮੇਸ਼ ਦਰਬਾਰ ਗੁਰਦੁਆਰੇ ਵਿੱਚ 26 ਜੁਲਾਈ ਦੀ ਰਾਤ ਲੱਗੀ ਭਿਆਨਕ ਅੱਗ ਨੇ ਸਥਾਨਕ ਸਿੱਖ ਅਤੇ ਪੰਜਾਬੀ ਭਾਈਚਾਰੇ ਨੂੰ ਗਹਿਰੇ ਸਦਮੇ ਵਿੱਚ ਪਾ ਦਿੱਤਾ ਹੈ। ਇਹ ਗੁਰਦੁਆਰਾ ਇਲਾਕੇ ਵਿੱਚ ਵੱਸਦੇ ਸੈਂਕੜੇ ਪਰਿਵਾਰਾਂ ਲਈ ਸਿਰਫ਼ ਧਾਰਮਿਕ ਅਸਥਾਨ ਹੀ ਨਹੀਂ, ਸਗੋਂ ਸਮਾਜਿਕ, ਸੱਭਿਆਚਾਰਕ ਅਤੇ ਆਪਸੀ ਸਾਂਝ ਦਾ ਵੀ ਇੱਕ ਮਹੱਤਵਪੂਰਨ ਕੇਂਦਰ ਸੀ।
ਐੱਸਬੀਐੱਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਸਥਾਨਕ ਭਾਈਚਾਰੇ ਦੇ ਆਗੂ ਗੁਰਮਿੰਦਰ ਸਿੰਘ (ਮਿੰਟੂ ਬਰਾੜ) ਨੇ ਘਟਨਾ ਬਾਰੇ ਦੱਸਿਆ, "ਅੱਗ 26 ਜੁਲਾਈ ਨੂੰ ਰਾਤ ਕਰੀਬ 10 ਵਜੇ ਲੱਗੀ। ਸ਼ੁਰੂਆਤੀ ਜਾਣਕਾਰੀ ਅਨੁਸਾਰ ਅੱਗ ਗੁਰਦੁਆਰੇ ਦੇ ਲੰਗਰ ਹਾਲ ਜਾਂ ਕਮਿਊਨਿਟੀ ਰਸੋਈ ਵਾਲੇ ਹਿੱਸੇ ਤੋਂ ਸ਼ੁਰੂ ਹੋਈ।"
ਮਿੰਟੂ ਬਰਾੜ ਮੁਤਾਬਕ, ਉਸ ਸਮੇਂ ਇੱਕ ਸਿੱਖ ਜੋੜਾ ਗੁਰਦੁਆਰੇ ਦੇ ਨੇੜੇ ਸਥਿਤ ਇੱਕ ਸਟੋਰ 'ਤੇ ਮੌਜੂਦ ਸੀ। ਉਨ੍ਹਾਂ ਨੇ ਸਭ ਤੋਂ ਪਹਿਲਾਂ ਅੱਗ ਦੀਆਂ ਲਪਟਾਂ ਦੇਖੀਆਂ ਅਤੇ ਤੁਰੰਤ ਗੁਰਦੁਆਰੇ ਵੱਲ ਦੌੜੇ। ਉਨ੍ਹਾਂ ਨੇ ਮੁੱਖ ਗੇਟ ਖੜਕਾ ਕੇ ਗ੍ਰੰਥੀ ਸਿੰਘ ਨੂੰ ਸੁਚੇਤ ਕੀਤਾ, ਜਿਨ੍ਹਾਂ ਦੀ ਰਿਹਾਇਸ਼ ਰਸੋਈ ਵਾਲੇ ਹਿੱਸੇ ਦੇ ਦੂਜੇ ਪਾਸੇ ਹੈ।
ਪਰ ਉਨ੍ਹਾਂ ਦੇ ਬਾਹਰ ਆਉਣ ਤੱਕ ਅੱਗ ਤੇਜ਼ੀ ਨਾਲ ਫੈਲ ਚੁੱਕੀ ਸੀ ਅਤੇ ਮੁੱਖ ਦੀਵਾਨ ਹਾਲ ਤੱਕ ਪਹੁੰਚ ਗਈ ਸੀ, ਜਿੱਥੇ ਹਰ ਹਫ਼ਤੇ ਸੰਗਤ ਇਕੱਠੀ ਹੋ ਕੇ ਧਾਰਮਿਕ ਸਮਾਗਮਾਂ ਵਿੱਚ ਸ਼ਾਮਲ ਹੁੰਦੀ ਹੈ।
ਮਿਲੀ ਜਾਣਕਾਰੀ ਅਨੁਸਾਰ ਗੁਰਦੁਆਰਾ ਉਸੇ ਰਾਤ ਕਰੀਬ 9:30 ਵਜੇ ਹਫ਼ਤਾਵਾਰੀ ਧਾਰਮਿਕ ਸਮਾਗਮ ਤੋਂ ਬਾਅਦ ਬੰਦ ਕੀਤਾ ਗਿਆ ਸੀ।
ਮਿੰਟੂ ਬਰਾੜ ਨੇ ਦੱਸਿਆ ਕਿ ਇਹ ਗੁਰਦੁਆਰਾ ਪਹਿਲਾਂ ਇੱਕ ਪੁਰਾਣੇ ਕੋਲਡ ਸਟੋਰੇਜ ਅਤੇ ਪੈਕੇਜਿੰਗ ਸ਼ੈੱਡ ਦੀ ਇਮਾਰਤ ਸੀ, ਜਿਸ ਨੂੰ ਬਾਅਦ ਵਿੱਚ ਗੁਰਦੁਆਰੇ ਵਜੋਂ ਵਿਕਸਤ ਕੀਤਾ ਗਿਆ ਸੀ।
ਅੱਗ ਦੀ ਤੀਬਰਤਾ ਇੰਨੀ ਜ਼ਿਆਦਾ ਸੀ ਕਿ ਪੂਰੀ ਇਮਾਰਤ ਸੜ ਕੇ ਸੁਆਹ ਹੋ ਗਈ। ਮੌਕੇ 'ਤੇ ਮੌਜੂਦ ਤਸਵੀਰਾਂ ਅਤੇ ਵੀਡੀਓਜ਼ ਵਿੱਚ ਧਾਤ ਦੀ ਛੱਤ ਵੀ ਪਿਘਲ ਕੇ ਮਲਬੇ ਉੱਤੇ ਡਿੱਗੀ ਹੋਈ ਨਜ਼ਰ ਆ ਰਹੀ ਹੈ।
ਭਾਵੇਂ ਅਧਿਕਾਰੀਆਂ ਵੱਲੋਂ ਅੱਗ ਲੱਗਣ ਦੇ ਕਾਰਨਾਂ ਬਾਰੇ ਅਜੇ ਕੋਈ ਅਧਿਕਾਰਤ ਜਾਣਕਾਰੀ ਜਾਰੀ ਨਹੀਂ ਕੀਤੀ ਗਈ, ਪਰ ਜਾਂਚ ਜਾਰੀ ਹੈ।
ਇਮਾਰਤ ਨਹੀਂ, ਸਾਡੀਆਂ ਭਾਵਨਾਵਾਂ ਵੀ ਬੁਰੀ ਤਰਾਂ ਜ਼ਖਮੀ ਹੋਈਆਂ ਹਨ।Mintu Brar
ਇਸ ਘਟਨਾ ਨੇ ਵਰਜੀਨੀਆ ਅਤੇ ਆਸ-ਪਾਸ ਵੱਸਦੇ ਸਿੱਖ ਭਾਈਚਾਰੇ ਨੂੰ ਭਾਵਨਾਤਮਕ ਤੌਰ 'ਤੇ ਝੰਜੋੜ ਦਿੱਤਾ ਹੈ।
ਮਿੰਟੂ ਬਰਾੜ ਨੇ ਦੱਸਿਆ ਕਿ ਕਈ ਸੰਗਤ ਮੈਂਬਰਾਂ ਨੇ ਉਨ੍ਹਾਂ ਨਾਲ ਆਪਣਾ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਇਹ ਸਿਰਫ਼ ਇੱਕ ਇਮਾਰਤ ਦਾ ਨੁਕਸਾਨ ਨਹੀਂ ਹੈ।
ਮਿੰਟੂ ਅਨੁਸਾਰ, "ਗੁਰਦੁਆਰੇ ਦੀ ਇਮਾਰਤ ਦੁਬਾਰਾ ਬਣਾਈ ਜਾ ਸਕਦੀ ਹੈ, ਪਰ ਜਦੋਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਸੋਚਦੇ ਹਾਂ, ਜਿਨ੍ਹਾਂ ਨੂੰ ਸਿੱਖ ਆਪਣੇ ਜੀਵੰਤ ਅਤੇ ਸਦੀਵੀ ਗੁਰੂ ਵਜੋਂ ਮੰਨਦੇ ਹਨ, ਤਾਂ ਸਾਡੀਆਂ ਭਾਵਨਾਵਾਂ ਨੂੰ ਪਹੁੰਚੀ ਠੇਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਮੁਸ਼ਕਲ ਹੈ।"
ਸਿੱਖ ਧਰਮ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਰਵੋੱਚ ਸਥਾਨ ਪ੍ਰਾਪਤ ਹੈ ਅਤੇ ਹਰ ਗੁਰਦੁਆਰਾ ਸੰਗਤ ਲਈ ਸਿਰਫ਼ ਇਬਾਦਤ ਦਾ ਸਥਾਨ ਨਹੀਂ, ਸਗੋਂ ਆਧਿਆਤਮਿਕ ਅਤੇ ਸਮਾਜਿਕ ਜੀਵਨ ਦਾ ਕੇਂਦਰ ਵੀ ਹੁੰਦਾ ਹੈ। ਇਸ ਕਾਰਨ ਅਜਿਹੀਆਂ ਘਟਨਾਵਾਂ ਭਾਈਚਾਰੇ 'ਤੇ ਡੂੰਘਾ ਭਾਵਨਾਤਮਕ ਪ੍ਰਭਾਵ ਛੱਡਦੀਆਂ ਹਨ।
ਤੇਜ਼ੀ ਨਾਲ ਵਧਿਆ ਹੈ ਭਾਈਚਾਰਾ
ਪਿਛਲੇ ਕੁਝ ਸਾਲਾਂ ਵਿੱਚ ਵਰਜੀਨੀਆ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸਿੱਖ ਅਤੇ ਪੰਜਾਬੀ ਭਾਈਚਾਰੇ ਦੀ ਆਬਾਦੀ ਵਿੱਚ ਕਾਫ਼ੀ ਵਾਧਾ ਹੋਇਆ ਹੈ।
ਸਥਾਨਕ ਜਾਣਕਾਰੀ ਮੁਤਾਬਕ ਹਰ ਹਫ਼ਤੇ ਹੋਣ ਵਾਲੇ ਧਾਰਮਿਕ ਸਮਾਗਮਾਂ ਵਿੱਚ ਲਗਭਗ 200 ਤੋਂ 500 ਲੋਕ ਸ਼ਾਮਲ ਹੁੰਦੇ ਸਨ। ਵਿਸਾਖੀ, ਗੁਰਪੁਰਬ ਅਤੇ ਹੋਰ ਵਿਸ਼ੇਸ਼ ਮੌਕਿਆਂ 'ਤੇ ਇਹ ਗਿਣਤੀ ਹਜ਼ਾਰਾਂ ਤੱਕ ਪਹੁੰਚ ਜਾਂਦੀ ਸੀ।
ਇਸ ਕਾਰਨ ਇਹ ਗੁਰਦੁਆਰਾ ਇਲਾਕੇ ਵਿੱਚ ਨਵੇਂ ਆਏ ਪਰਿਵਾਰਾਂ ਲਈ ਵੀ ਇੱਕ ਮਹੱਤਵਪੂਰਨ ਮਿਲਣ-ਜੁਲਣ ਅਤੇ ਸਹਿਯੋਗ ਦਾ ਕੇਂਦਰ ਬਣ ਚੁੱਕਾ ਸੀ।
ਸੁਰੱਖਿਆ ਮਿਆਰਾਂ ਦੀ ਪਾਲਣਾ ਦੀ ਅਪੀਲ
ਮਿੰਟੂ ਬਰਾੜ ਨੇ ਕਿਹਾ ਕਿ ਧਾਰਮਿਕ ਭਾਵਨਾਵਾਂ ਸਭ ਤੋਂ ਉੱਪਰ ਹਨ, ਪਰ ਇਸ ਘਟਨਾ ਤੋਂ ਸਬਕ ਲੈਂਦਿਆਂ ਸੁਰੱਖਿਆ ਦੇ ਪੱਖ ਨੂੰ ਵੀ ਬਰਾਬਰ ਤਰਜੀਹ ਦੇਣੀ ਚਾਹੀਦੀ ਹੈ।
ਉਨ੍ਹਾਂ ਕਿਹਾ, "ਸਿੱਖ ਧਰਮ ਵਿੱਚ ਸੇਵਾ ਦਾ ਬਹੁਤ ਵੱਡਾ ਮਹੱਤਵ ਹੈ। ਪਰ ਜਦੋਂ ਵੀ ਸੇਵਾ ਦੌਰਾਨ ਬਿਜਲੀ, ਗੈਸ ਜਾਂ ਹੋਰ ਸੰਵੇਦਨਸ਼ੀਲ ਪ੍ਰਣਾਲੀਆਂ ਨਾਲ ਸੰਬੰਧਿਤ ਕੰਮ ਕੀਤੇ ਜਾਣ, ਤਾਂ ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਹਰ ਕੰਮ ਆਸਟ੍ਰੇਲੀਆ ਦੇ ਸੁਰੱਖਿਆ ਮਿਆਰਾਂ ਅਤੇ ਨਿਯਮਾਂ ਅਨੁਸਾਰ ਹੀ ਹੋਵੇ।"
ਉਨ੍ਹਾਂ ਨੇ ਕਿਹਾ ਕਿ ਧਾਰਮਿਕ ਸੰਸਥਾਵਾਂ ਵਿੱਚ ਸੇਵਾ ਦੇ ਨਾਲ-ਨਾਲ ਸੁਰੱਖਿਆ ਨੂੰ ਵੀ ਬਰਾਬਰ ਮਹੱਤਵ ਦੇਣਾ ਜ਼ਰੂਰੀ ਹੈ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ।
ਜਾਂਚ ਜਾਰੀ, ਗੁਰਦੁਆਰਾ ਅਣਮਿੱਥੇ ਸਮੇਂ ਲਈ ਬੰਦ
ਵਰਜੀਨੀਆ ਸਥਿਤ ਦਸ਼ਮੇਸ਼ ਦਰਬਾਰ ਗੁਰਦੁਆਰੇ ਦੇ ਅਧਿਕਾਰਤ ਫੇਸਬੁੱਕ ਪੇਜ 'ਤੇ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ, ਗੁਰਦੁਆਰਾ ਅਗਲੇ ਹੁਕਮਾਂ ਤੱਕ ਬੰਦ ਰਹੇਗਾ।
ਪੋਸਟ ਵਿੱਚ ਕਿਹਾ ਗਿਆ ਹੈ ਕਿ ਪੁਲਿਸ ਅਤੇ ਹੋਰ ਸਬੰਧਤ ਅਧਿਕਾਰੀ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ। ਜਿਵੇਂ-ਜਿਵੇਂ ਹੋਰ ਜਾਣਕਾਰੀ ਉਪਲਬਧ ਹੋਵੇਗੀ, ਉਹ ਭਾਈਚਾਰੇ ਨਾਲ ਸਾਂਝੀ ਕੀਤੀ ਜਾਵੇਗੀ।
ਇਸ ਮੌਕੇ 'ਤੇ ਭਾਈਚਾਰੇ ਦੇ ਕਈ ਮੈਂਬਰਾਂ ਨੇ ਇੱਕ-ਦੂਜੇ ਨਾਲ ਏਕਤਾ ਅਤੇ ਹੌਸਲੇ ਦਾ ਪ੍ਰਗਟਾਵਾ ਕੀਤਾ ਹੈ ਅਤੇ ਉਮੀਦ ਜਤਾਈ ਹੈ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਗੁਰਦੁਆਰੇ ਦੀ ਮੁੜ ਉਸਾਰੀ ਲਈ ਸੰਗਤ ਪਹਿਲਾਂ ਵਾਂਗ ਇਕੱਠੀ ਹੋ ਕੇ ਯੋਗਦਾਨ ਪਾਏਗੀ।
ਐੱਸਬੀਐੱਸ ਪੰਜਾਬੀ ਇਸ ਘਟਨਾ ਸਬੰਧੀ ਸਥਾਨਕ ਭਾਈਚਾਰੇ ਦੇ ਹੋਰ ਮੈਂਬਰਾਂ, ਇਲਾਕੇ ਦੇ ਸੰਸਦ ਮੈਂਬਰ, ਫਾਇਰ ਸਰਵਿਸ, ਪੁਲਿਸ, ਐੱਸਈਐੱਸ ਅਤੇ ਗੁਰਦੁਆਰੇ ਦੇ ਨਿਯਮਤ ਆਉਣ ਵਾਲੇ ਸ਼ਰਧਾਲੂਆਂ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਜਿਵੇਂ ਹੀ ਹੋਰ ਪੁਸ਼ਟੀਸ਼ੁਦਾ ਜਾਣਕਾਰੀ ਉਪਲਬਧ ਹੋਵੇਗੀ, ਇਸ ਬਾਰੇ ਅਪਡੇਟ ਸਾਂਝੀ ਕੀਤੀ ਜਾਵੇਗੀ।
ਹੋਰ ਵੇਰਵੇ ਲਈ ਆਡੀਓ ਬਟਨ ਕਲਿਕ ਕਰੋ
ਐਸ ਬੀ ਐਸ ਪੰਜਾਬੀ ਦੁਨੀਆ ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।
ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।





