ਆਸਟ੍ਰੇਲੀਆ ਵਿੱਚ ਟ੍ਰਿਪਲ ਜ਼ੀਰੋ (000) ਇੱਕ ਰਾਸ਼ਟਰੀ ਐਮਰਜੈਂਸੀ ਸੇਵਾ ਨੰਬਰ ਹੈ ਜਿਸ 'ਤੇ ਤੁਸੀਂ ਐਂਬੂਲੈਂਸ, ਫਾਇਰ ਸਰਵਿਸਿਜ਼ ਜਾਂ ਪੁਲਿਸ ਨੂੰ ਉਸ ਸਮੇਂ ਕਾਲ ਕਰ ਸਕਦੇ ਹੋ ਜਦੋਂ ਤੁਸੀਂ ਕਿਸੇ ਜਾਨਲੇਵਾ ਸਥਿਤੀ ਵਿੱਚ ਹੋਵੋ ਜਾਂ ਤੁਹਾਨੂੰ ਕੋਈ ਐਮਰਜੈਂਸੀ ਹੋਵੇ।
ਐਮਰਜੈਂਸੀ ਸਰਵਿਸਿਜ਼ ਟੈਲੀਕਮਿਊਨੀਕੇਸ਼ਨ ਅਥਾਰਟੀ ਦੇ ਅਨੁਸਾਰ 2019-2022 ਵਿੱਚ ਇਕੱਲੇ ਵਿਕਟੋਰੀਆ ਵਿੱਚ ਟ੍ਰਿੱਪਲ ਜ਼ੀਰੋ ਲਈ ਪ੍ਰਤੀ ਦਿਨ ਲਗਭਗ 7600 ਤੋਂ ਵੱਧ ਕਾਲਾਂ ਆਈਆਂ, ਭਾਵ ਹਰ ਗਿਆਰਾਂ ਸਕਿੰਟਾਂ ਵਿੱਚ ਇੱਕ ਕਾਲ।

ਨਿਊ ਸਾਊਥ ਵੇਲਜ਼ ਦੇ ਪੁਲਿਸ ਲਿੰਕ ਦੇ ਡਾਇਰੈਕਟਰ ਸੀਨੀਅਰ ਸਰਜੈਂਟ ਕ੍ਰਿਸਟੀ ਵਾਲਟਰਜ਼ ਦਾ ਕਹਿਣਾ ਹੈ ਕਿ ਸਿਰਫ ਲੋਕ ਹੀ ਟ੍ਰਿੱਪਲ ਜ਼ੀਰੋ ‘ਤੇ ਕਾਲਾਂ ਦੀ ਮਾਤਰਾ ਨੂੰ ਘਟਾਉਣ ਵਿੱਚ ਮਦਦ ਕਰ ਸਕਦੇ ਹਨ । ਲੋਕਾਂ ਨੂੰ ਗੈਰ-ਜ਼ਰੂਰੀ ਘਟਨਾਵਾਂ ਲਈ ਪੁਲਿਸ ਦੀ ਸਹਾਇਤਾ ਲਾਈਨ 131444 ਉੱਤੇ ਰਿਪੋਰਟ ਕਰਨੀ ਚਾਹੀਦੀ ਹੈ।
ਸਿਡਨੀ ਵਿੱਚ ਇੱਕ ਨਵੀਂ ਆਈ ਅੰਤਰਰਾਸ਼ਟਰੀ ਵਿਦਿਆਰਥੀ ਫਰਾਂਸ ਨੇ ਡਰ ਵਿੱਚ ਟ੍ਰਿਪਲ ਜ਼ੀਰੋ (000) ਉੱਤੇ ਉਸ ਸਮੇਂ ਕਾਲ ਕਰ ਦਿੱਤੀ ਜਦ ਉਸਦੀ ਕਾਰ ਸੜਕ ਵਿਚਾਲੇ ਖ਼ਰਾਬ ਹੋ ਗਈ। ਕੁੱਝ ਸਮੇਂ ਬਾਅਦ ਉਸਨੂੰ ਅਹਿਸਾਸ ਹੋਇਆ ਕਿ ਉਸ ਨੂੰ ਇਸ ਸਥਿਤੀ ਵਿੱਚ ਟ੍ਰਿੱਪਲ ਜ਼ੀਰੋ ਨੂੰ ਕਾਲ ਕਰਨ ਦੀ ਲੋੜ ਨਹੀਂ ਸੀ।
ਆਖ਼ਿਰ ਤੁਹਾਨੂੰ ਟ੍ਰਿੱਪਲ ਜ਼ੀਰੋ ਰਾਹੀਂ ਪੁਲਿਸ ਨੂੰ ਕਦੋਂ ਕਾਲ ਕਰਨੀ ਚਾਹੀਦੀ ਹੈ?
ਸੀਨੀਅਰ ਸਾਰਜੈਂਟ ਦਾ ਕਹਿਣਾ ਹੈ ਕਿ ਇਸ ਰਾਸ਼ਟਰੀ ਐਮਰਜੈਂਸੀ ਲਾਈਨ ਉੱਤੇ ਸਿਰਫ ਐਮਰਜੈਂਸੀ ਸਥਿਤੀ ਵਿਚੇ ਹੀ ਸੰਪਰਕ ਕਰਨਾ ਚਾਹੀਦਾ ਹੈ।

ਛੋਟੀਆਂ ਮੋਟੀਆਂ ਵਾਰਦਾਤਾਂ ਜਾਂ ਗੈਰ ਜ਼ਰੂਰੀ ਘਟਨਾਵਾਂ ਜਿਵੇਂ ਕਿ ਚੋਰੀ-ਚਕਾਰੀ, ਗੁੰਮ ਹੋਏ ਸਮਾਨ, ਜਾਂ ਕੁੱਝ ਸਮਾਂ ਪਹਿਲਾਂ ਹੀ ਹੋਏ ਮਾਮੂਲੀ ਸੰਪਤੀ ਦੇ ਨੁਕਸਾਨ ਬਾਰੇ ਪੁਲਿਸ ਸਹਾਇਤਾ ਲਾਈਨ 13 14 44 ਉੱਤੇ ਕਾਲ ਕਰਕੇ ਸੂਚਨਾ ਦਰਜ ਕਰਾਉਣੀ ਚਾਹੀਦੀ ਹੈ। ਇਹ ਸੇਵਾ ਦੇਸ਼ ਭਰ ਵਿੱਚ 24 ਘੰਟੇ ਸੱਤੋ ਦਿਨ ਉਪਲਬਧ ਹੈ।
ਨਿਊ ਸਾਊਥ ਵੇਲਜ਼ ਦੇ ਸੀਨੀਅਰ ਸਾਰਜੈਂਟ ਕ੍ਰਿਸਟੀ ਵਾਲਟਰਜ਼ ਦਾ ਕਹਿਣਾ ਹੈ ਕਿ ਇੱਕ ਮਾਮੂਲੀ ਕਾਰ ਟੱਕਰ ਵਿੱਚ, ਸ਼ਾਮਲ ਵਾਹਨ ਚਾਲਕ ਆਪਣੀ ਰਜਿਸਟ੍ਰੇਸ਼ਨ ਅਤੇ ਡਰਾਈਵਰ ਲਾਇਸੈਂਸ ਦੇ ਵੇਰਵਿਆਂ ਦਾ ਆਦਾਨ-ਪ੍ਰਦਾਨ ਕਰ ਸਕਦੇ ਹਨ ਅਤੇ ਇਸ ਵਿੱਚ ਪੁਲਿਸ ਨੂੰ ਰਿਪੋਰਟ ਕਰਨ ਦੀ ਲੋੜ ਨਹੀਂ ਹੁੰਦੀ।
ਪਰ ਜੇਕਰ ਕੋਈ ਕਾਰ ਦੁਰਘਟਨਾ ਵਿੱਚ ਜ਼ਖਮੀ ਹੋ ਗਿਆ ਹੈ ਜਾਂ ਇਸ ਦੁਰਘਟਨਾ ਨਾਲ ਆਵਾਜਾਈ ਵਿੱਚ ਵਿਘਨ ਪੈ ਰਿਹਾ ਹੈ ਤਾਂ ਇਸਦੀ ਸੂਚਨਾ ਤੁਰੰਤ ਟਰਿੱਪਲ ਜ਼ੀਰੋ ਨੂੰ ਦਿੱਤੀ ਜਾਣੀ ਚਾਹੀਦੀ ਹੈ, ਇਹ ਸੂਚਨਾ ਖੁਦ ਵਾਹਨ ਚਾਲਕ ਜਾਂ ਘਟਨਾ ਦੇ ਗਵਾਹਾਂ ਵਿੱਚੋਂ ਕੋਈ ਵੀ ਦੇ ਸਕਦਾ ਹੈ। ਇਸ ਨਾਲ ਪੁਲਿਸ ਨੂੰ ਆਉਣ, ਆਵਾਜਾਈ ਬਹਾਲ ਕਰਨ ਅਤੇ ਖੇਤਰ ਨੂੰ ਸੁਰੱਖਿਅਤ ਬਣਾਉਣ ਵਿੱਚ ਮਦਦ ਮਿਲਦੀ ਹੈ।

ਕਾਰਜਕਾਰੀ ਸਾਰਜੈਂਟ ਫਿਸ਼ ਨੇ ਜ਼ੋਰ ਦੇ ਕੇ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਆਪਣੇ ਸਾਥੀ ਦੇ ਹਿੰਸਕ ਵਿਵਹਾਰ ਦਾ ਸ਼ਿਕਾਰ ਹੁੰਦਾ ਹੈ ਤਾਂ ਉਸਨੂੰ ਸੁਰੱਖਿਆ ਲਈ ਤੁਰੰਤ ਟ੍ਰਿੱਪਲ ਜ਼ੀਰੋ ਉੱਤੇ ਪੁਲਿਸ ਨੂੰ ਕਾਲ ਕਰਨੀ ਚਾਹੀਦੀ ਹੈ। ਮੌਸਮ ਨਾਲ ਸਬੰਧਤ ਘਟਨਾ, ਜਿਵੇਂ ਕਿ ਹੜ੍ਹ, ਤੂਫ਼ਾਨ ਜਾਂ ਜ਼ਮੀਨ ਖਿਸਕਣ ਵਾਲੀ ਐਮਰਜੈਂਸੀ ਵਿੱਚ, ਜੇਕਰ ਕੋਈ ਜਾਨਲੇਵਾ ਸਥਿਤੀ ਵਿੱਚ ਹੈ, ਤਾਂ ਤੁਰੰਤ ਟ੍ਰਿਪਲ ਜ਼ੀਰੋ ਨੂੰ ਕਾਲ ਕਰੋ।
ਪਰ ਜੇਕਰ ਇਹ ਕਿਸੇ ਘਰ ਜਾਂ ਸੰਪਤੀ ਨੂੰ ਮਹੱਤਵਪੂਰਨ ਢਾਂਚਾਗਤ ਨੁਕਸਾਨ ਦਾ ਕਾਰਨ ਬਣਦਾ ਹੈ, ਤਾਂ ਇਸਦੀ ਬਜਾਏ ਸਟੇਟ ਐਮਰਜੈਂਸੀ ਸਰਵਿਸ ਨਾਲ ਸੰਪਰਕ ਕੀਤਾ ਜਾਣਾ ਚਾਹੀਦਾ ਹੈ।

ਭਾਵੇਂ ਤੁਸੀਂ ਅੰਗਰੇਜ਼ੀ ਨਹੀਂ ਬੋਲ ਸਕਦੇ ਪਰ ਫਿਰ ਵੀ ਤੁਸੀਂ ਟ੍ਰਿੱਪਲ ਜ਼ੀਰੋ ਅਤੇ ਪੁਲਿਸ ਅਸਿਟੈਂਟ ਲਾਈਨ ਨੂੰ ਕਾਲ ਕਰ ਸਕਦੇ ਹੋ। ਤੁਸੀਂ ਬਸ ਇਹ ਨਿਰਧਾਰਿਤ ਕਰਨਾ ਹੈ ਕਿ ਤੁਸੀਂ ਕਿਹੜੀ ਭਾਸ਼ਾ ਵਿੱਚ ਗੱਲ ਕਰਨਾ ਚਹੁੰਦੇ ਹੋ ਅਤੇ ਫਿਰ ਤੁਹਾਡੇ ਲਈ ਦੁਭਾਸ਼ੀਏ ਦਾ ਪ੍ਰਬੰਧ ਮੁਫਤ ਵਿੱਚ ਕੀਤਾ ਜਾਂਦਾ ਹੈ।
ਜਦੋਂ ਤੁਸੀਂ ਟ੍ਰਿੱਪਲ ਜ਼ੀਰੋ ਉਤੇ ਕਾਲ ਕਰਦੇ ਹੋ ਤਾਂ ਉਹ ਤੁਹਾਨੂੰ ਸ਼ਾਂਤ ਰਹਿਣ ਅਤੇ ਧਿਆਨ ਕੇਂਦਰਿਤ ਰੱਖਣ ਦਾ ਸੁਝਾਅ ਦਿੱਤਾ ਜਾਂਦਾ ਹੈ ਤਾਂ ਜੋ ਤੁਸੀਂ ਇਹ ਦੱਸ ਸਕੋ ਕਿ ਐਮਰਜੈਂਸੀ ਸਹਾਇਤਾ ਕਿਥੇ ਭੇਜਣ ਦੀ ਲੋੜ ਹੈ। ਐਮਰਜੈਂਸੀ ਪਲੱਸ ਐਪਲੀਕੇਸ਼ਨ ਅਤੇ ਐਡਵਾਂਸਡ ਮੋਬਾਈਲ ਲੋਕੇਸ਼ਨ ਆਸਟ੍ਰੇਲੀਆ ਦੀ ਸਰਕਾਰ ਦੁਆਰਾ ਸਿਫ਼ਾਰਸ਼ ਕੀਤੀਆਂ ਗਈਆਂ ਮੋਬਾਈਲ ਫ਼ੋਨ ਐਪਲੀਕੇਸ਼ਨਾਂ ਹਨ ਜੋ ਕਿ ਆਸਟ੍ਰੇਲੀਆ ਵਿੱਚ ਟ੍ਰਿਪਲ ਜ਼ੀਰੋ ਕਾਲਰਾਂ ਨੂੰ ਉਨ੍ਹਾਂ ਦੇ ਟਿਕਾਣਿਆਂ ਦੀ ਜਲਦੀ ਅਤੇ ਸਹੀ ਪਛਾਣ ਕਰਨ ਵਿੱਚ ਸਹਾਇਤਾ ਪ੍ਰਦਾਨ ਕਰਦਿਆਂ ਹਨ।
ਇਸ ਬਾਰੇ ਵਿਸਥਾਰਿਤ ਜਾਣਕਾਰੀ ਹੇਠਾਂ ਦਿੱਤੇ ਆਡੀਓ ਲਿੰਕ ਉੱਤੇ ਕਲਿੱਕ ਕਰ ਕੇ ਲਈ ਜਾ ਸਕਦੀ ਹੈ:
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।







