Highlights
- ਜਾਣੋ ਕਿਵੇਂ ਨਿਧੀ ਤੇ ਦੀਪਿੰਦਰ ਨੇ ਆਪਣੇ ਪਰਿਵਾਰਾਂ ਨੂੰ ਅੰਤਰ-ਸੱਭਿਆਚਾਰਕ ਵਿਆਹ ਲਈ ਰਾਜ਼ੀ ਕੀਤਾ।
- ਜਾਣੋ ਕਿਵੇਂ ਦੋਹਾਂ ਦੇ ਘਰਾਂ ਵਿੱਚ ਹੁਣ ਗੂੰਜਦੇ ਹਨ ਦੋ ਸਭਿਆਚਾਰਾਂ ਦੇ ਸੁਰ।
- ਤੇ ਜਾਣੋ ਕਿਵੇਂ ਉਨ੍ਹਾਂ ਦੇ ਬੱਚੇ ਮੰਦਰ ਅਤੇ ਗੁਰਦੁਆਰੇ ਦੋਵਾਂ ਦੀ ਮਰਿਆਦਾ ਨਾਲ ਵੱਡੇ ਹੋ ਰਹੇ ਹਨ।
ਮੌਜੂਦਾ ਸਮੇਂ ਸਿਡਨੀ ਵਿੱਚ ਰਹਿੰਦੀ ਨਿਧੀ ਰਾਜਸਥਾਨ ਦੇ ਇਕ ਅਜਿਹੇ ਪਰਿਵਾਰ ਨਾਲ ਸੰਬੰਧਿਤ ਹੈ ਜੋ ਰਵਾਇਤਾਂ ਤੇ ਰੀਤੀ-ਰਿਵਾਜਾਂ ਦੀ ਜ਼ੋਰਦਾਰ ਢੰਗ ਨਾਲ ਪਾਲਣਾ ਕਰਦਾ ਹੈ। ਉਸੇ ਤਰ੍ਹਾਂ, ਦੀਪਿੰਦਰ ਇਕ ਪੰਜਾਬੀ ਪਰਿਵਾਰ ਤੋਂ ਹੈ।
ਦੋਹਾਂ ਦੀ ਪਹਿਲੀ ਮੁਲਾਕਾਤ ਪੂਨੇ ਵਿੱਚ ਨੌਕਰੀ ਦੌਰਾਨ ਹੋਈ ਸੀ। ਕਿਸਮਤ ਨੇ ਫੇਰ ਉਨ੍ਹਾਂ ਨੂੰ ਲੰਡਨ ਵਿੱਚ ਮਿਲਾਇਆ।
ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦਿਆਂ ਨਿਧੀ ਨੇ ਕਿਹਾ, “ਜਦੋਂ ਦੋ ਵੱਖਰੇ ਸਭਿਆਚਾਰਾਂ ਦੇ ਲੋਕ ਇਕੱਠੇ ਹੁੰਦੇ ਹਨ, ਤਾਂ ਰਿਸ਼ਤੇ ਨੂੰ ਕਾਇਮ ਰੱਖਣ ਲਈ ਪੂਰੇ ਸਮਰਪਣ ਦੀ ਲੋੜ ਹੁੰਦੀ ਹੈ।”
ਪਰ ਅਸਲੀ ਚੁਣੌਤੀ ਇਨ੍ਹਾਂ ਦੋਹਾਂ ਲਈ ਉਹਨਾਂ ਦੇ ਆਪਣੇ-ਆਪਣੇ ਪਰਿਵਾਰਾਂ ਨੂੰ ਮਨਾਉਣ ਦੀ ਸੀ, ਕਿਉਂਕਿ ਭਾਸ਼ਾ ਅਤੇ ਸਭਿਆਚਾਰ ਦੋਵੇਂ ਹੀ ਕਾਫੀ ਅਲੱਗ ਸਨ।
ਲਗਭਗ ਡੇਢ ਸਾਲ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਦੋਹਾਂ ਪਰਿਵਾਰਾਂ ਨੇ ਰਜ਼ਾਮੰਦੀ ਦੇ ਦਿੱਤੀ। ਫਿਰ ਨਿਧੀ ਆਪਣੇ ਪਰਿਵਾਰ ਤੇ ਰਿਸ਼ਤੇਦਾਰਾਂ ਸਮੇਤ ਚੰਡੀਗੜ੍ਹ ਪਹੁੰਚੀ ਆਪਣੇ ਲਾੜੇ ਦੀਪਿੰਦਰ ਨਾਲ ਵਿਆਹ ਕਰਵਾਉਣ।
ਹੁਣ ਤੱਕ ਦੋਹਾਂ ਪਰਿਵਾਰਾਂ ਦੀ ਸਾਂਝ ਇਸ ਕਦਰ ਮਜ਼ਬੂਤ ਹੋ ਚੁੱਕੀ ਸੀ ਕਿ ਦੀਪਿੰਦਰ ਦੇ ਪਰਿਵਾਰ ਨੇ ਰਾਜਸਥਾਨੀ ਬਰਾਤ ਦਾ ਸਵਾਗਤ ਉਹਨਾਂ ਦੇ ਹੀ ਰਵਾਇਤੀ ਖਾਣਿਆਂ ਜਿਵੇਂ 'ਦਾਲ, ਭਾਟੀ ਤੇ ਚੂਰਮੇ' ਆਦਿ ਨਾਲ ਕੀਤਾ।
ਦੀਪਿੰਦਰ ਹੱਸਦੇ ਹੋਏ ਕਹਿੰਦਾ ਹੈ, “ਮੇਰੇ ਸਹੁਰੇ ਘਰ ਵਿੱਚ ਮੈਨੂੰ ਪਿਆਰ ਨਾਲ ਕੁੰਵਰ ਸਾਹਿਬ ਕਿਹਾ ਜਾਂਦਾ ਹੈ। ਸ਼ੁਰੂ ਵਿੱਚ ਇਹ ਸੁਣਨਾ ਥੋੜਾ ਅਜੀਬ ਲੱਗਦਾ ਸੀ, ਪਰ ਹੁਣ ਇਹ ਪਿਆਰ ਭਰਿਆ ਸੰਬੋਧਨ ਮੈਨੂੰ ਬਹੁਤ ਚੰਗਾ ਲੱਗਦਾ ਹੈ।”
ਅੱਜ ਇਹ ਜੋੜਾ ਆਪਣੇ ਦੋ ਬੱਚਿਆਂ ਨਾਲ ਦੋਹਾਂ ਸਭਿਆਚਾਰਾਂ ਦੀ ਖੂਬਸੂਰਤੀ ਸਮੇਤ ਜੀਵਨ ਬਸਰ ਕਰ ਰਿਹਾ ਹੈ।
ਨਿਧੀ ਦੱਸਦੀ ਹੈ, “ਅਸੀਂ ਆਪਣੇ ਬੱਚਿਆਂ ਨੂੰ ਮੰਦਰ ਤੇ ਗੁਰਦੁਆਰੇ ਦੋਹਾਂ ਥਾਵਾਂ ਲੈ ਕੇ ਜਾਂਦੇ ਹਾਂ।”
ਤਿਉਹਾਰਾਂ ਦੇ ਸਮੇਂ ਇਹਨਾਂ ਦੇ ਘਰ ਵਿੱਚ ਜਿੱਥੇ ਛੋਲੇ-ਭਟੂਰੇ ਦੀ ਖੁਸ਼ਬੂ ਹੁੰਦੀ ਹੈ, ਉੱਥੇ ਹੀ ਦਾਲ-ਬਾਟੀ ਚੂਰਮੇ ਦੀ ਮਹਿਕ ਵੀ ਛਾਈ ਰਹਿੰਦੀ ਹੈ।
ਇਹ ਪਿਆਰ, ਸਭਿਆਚਾਰ ਅਤੇ ਸਮਰਪਣ ਦੀ ਕਹਾਣੀ ਸੁਣੋ ਇਸ ਖ਼ਾਸ ਪੌਡਕਾਸਟ ਵਿੱਚ...
ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।















