Key Points
- ਆਸਟ੍ਰੇਲੀਆ ਦੇ ਸਿੱਖਿਆ ਖੇਤਰਾਂ ਵਿੱਚ ਉੱਨਤੀ ਦੇ ਮੌਕੇ ਅਧਿਆਪਨ ਨੂੰ ਲੰਬੇ ਸਮੇਂ ਦੇ ਕਰੀਅਰ ਦਾ ਇੱਕ ਯੋਗ ਵਿਕਲਪ ਬਣਾਉਂਦੇ ਹਨ।
- ਜੇਕਰ ਤੁਸੀਂ ਆਸਟ੍ਰੇਲੀਆ ਵਿੱਚ ਅਧਿਆਪਕ ਬਣਨ ਬਾਰੇ ਸੋਚਦੇ ਹੋ ਤਾਂ ਕਈ ਵਿਕਲਪ ਉਪਲੱਭਧ ਹਨ।
- ਹੁਨਰਮੰਦ ਪ੍ਰਵਾਸੀਆਂ ਲਈ, ਆਸਟ੍ਰੇਲੀਆ ਵਿੱਚ ਅਧਿਆਪਕ ਬਣਨ ਦਾ ਰਾਹ ਉਹਨਾਂ ਦੇ ਮੂਲ ਦੇਸ਼ ਅਤੇ ਉਸ ਰਾਜ ਦੇ ਅਧਾਰ 'ਤੇ ਵੱਖਰਾ ਹੁੰਦਾ ਹੈ, ਜਿੱਥੇ ਉਹ ਕੰਮ ਕਰਨਾ ਚਾਹੁੰਦੇ ਹਨ।
ਆਪਣੇ ਪੜ੍ਹਾਈ ਦੇ ਸਫਰ ਦੌਰਾਨ ਲਗਭਗ ਹਰ ਕਿਸੇ ਨੂੰ ਇੱਕ ਅਜਿਹਾ ਅਧਿਆਪਕ ਮਿਲਦਾ ਹੈ ਜੋ ਉਹਨਾਂ ਨੂੰ ਪ੍ਰੇਰਿਤ ਕਰਦਾ ਹੈ ਅਤੇ ਉਹਨਾਂ ਦਾ ਮਨਪਸੰਦ ਅਧਿਆਪਕ ਹੁੰਦਾ ਹੈ।
ਇੰਨਾਂ ਹੀ ਨਹੀਂ, ਕੁੱਝ ਅਧਿਆਪਕਾਂ ਲਈ ਉਹਨਾਂ ਦੇ ਵਿਦਿਆਰਥੀ ਵੀ ਉਹਨਾਂ ਦੇ ਪ੍ਰੇਣਨਾਸਰੋਤ ਸਾਬਤ ਹੁੰਦੇ ਹਨ।
ਅਧਿਆਪਕ ਵਿਦਿਆਰਥੀਆਂ ਦੇ ਜੀਵਨ ਵਿੱਚ ਸਕਾਰਾਤਮਕ ਪ੍ਰਭਾਵ ਰਾਹੀਂ ਉਹਨਾਂ ਨੂੰ ਪ੍ਰੇਰਿਤ ਕਰ ਕੇ ਅਤੇ ਸ਼ਕਤੀ ਪ੍ਰਦਾਨ ਕਰ ਕੇ ਸਮਾਜ ਦੇ ਭਵਿੱਖ ਨੂੰ ਆਕਾਰ ਦੇ ਸਕਦੇ ਹਨ।
ਸਿੱਖਿਆ ਉੱਤੇ ਵੱਧਦੇ ਜ਼ੋਰ ਅਤੇ ਅਧਿਆਪਨ ਦੇ ਤਰੀਕਿਆਂ ਦੇ ਨਿਰੰਤਰ ਵਿਕਾਸ ਦੇ ਨਾਲ ਆਸਟ੍ਰੇਲੀਆ, ਚਾਹਵਾਨ ਸਿੱਖਿਅਕਾਂ ਅਤੇ ਕਰੀਅਰ ਬਦਲਣ ਵਾਲਿਆਂ ਲਈ ਇੱਕ ਪਲੇਟਫਾਰਮ ਹੈ।
ਜ਼ੇਨਾ ਦਬਾਜਾ ਚੁਲੋਰਾ ਨੈਟਵਰਕ ਦੇ ਵਿਦਿਅਕ ਲੀਡਰਸ਼ਿੱਪ ਦੇ ਰਲੀਵਿੰਗ ਨਿਰਦੇਸ਼ਕ ਅਤੇ ਸਿਡਨੀ ਦੇ ਇੱਕ ਗਰਲ਼ਜ਼ ਹਾਈ ਸਕੂਲ ਦੇ ਪ੍ਰਿੰਸੀਪਲ ਹਨ।
ਉਹ 1995 ਤੋਂ ਨਿਊ ਸਾਊਥ ਵੇਲਜ਼ ਦੇ ਸਿੱਖਿਆ ਵਿਭਾਗ ਵਿੱਚ ਯੋਗ ਅੰਗਰੇਜ਼ੀ ਅਤੇ ਇਤਿਹਾਸ ਦੀ ਅਧਿਆਪਿਕਾ ਰਹੀ ਹੈ।
ਸ਼੍ਰੀਮਤੀ ਦਬਾਜਾ ਨੇ ਸਾਂਝਾ ਕੀਤਾ ਕਿ ਕਿਵੇਂ ਉਹਨਾਂ ਨੂੰ ਅਧਿਆਪਨ ਵਿੱਚ ਕਰੀਅਰ ਬਣਾਉਣ ਦੀ ਪ੍ਰੇਰਣਾ ਮਿਲੀ ਸੀ।
ਉਹ ਕਹਿੰਦੇ ਹਨ ਕਿ ਜਦੋਂ ਉਹ ਵਿਦਿਆਰਥੀ ਸਨ ਤਾਂ ਬਹੁਤ ਵਧੀਆ ਅਧਿਆਪਕਾਂ ਦੇ ਸਾਥ ਕਾਰਨ ਉਹਨਾਂ ਨੂੰ ਅਧਿਆਪਕ ਬਣਨ ਦੀ ਪ੍ਰੇਰਣਾ ਮਿਲੀ ਸੀ।
ਬੈਨੀ ਐਨਜੀ ਵੀ ਇਸ ਨਾਲ ਸਹਿਮਤ ਹੈ।

ਉਹ ਮੈਲਬੌਰਨ ਵਿੱਚ ਇੱਕ ਪ੍ਰਤੀਬੱਧ ਅਧਿਆਪਕ ਹਨ। ਉਹ ਵਿਕਟੋਰੀਆ ਦੇ ਸਕੂਲਾਂ ਵਿੱਚ ਸਰੀਰਕ ਸਿੱਖਿਆ ਦਾ ਵਿਸ਼ਾ ਪੜਾਉਂਦੇ ਹਨ। ਇਸ ਤੋਂ ਪਹਿਲਾਂ ਉਹ 14 ਸਾਲਾਂ ਤੱਕ ਹਾਂਗਕਾਂਗ ਵਿੱਚ ਦੂਜੀ ਭਾਸ਼ਾ ਵਜੋਂ ਅੰਗ੍ਰੇਜ਼ੀ ਪੜਾ ਚੁੱਕੇ ਹਨ।
ਸ਼੍ਰੀਮਾਨ ਐਨਜੀ ਦਾ ਕਹਿਣਾ ਹੈ ਕਿ ਅਧਿਆਪਕ ਹੋਣ ਦੇ ਬਹੁਤ ਫਾਇਦੇ ਹਨ ਅਤੇ ਇਸ ਦੇ ਬਦਲੇ ਲਗਾਤਾਰ ਮਿਲਣ ਵਾਲੇ ਇਨਾਮ ਤੁਹਾਨੂੰ ਅੱਗੇ ਵੱਧਦੇ ਰਹਿਣ ਦੀ ਪ੍ਰੇਰਣਾ ਦਿੰਦੇ ਹਨ।
ਇੱਕ ਯਾਦਗਾਰ ਅਨੁਭਵ ਸਾਂਝਾ ਕਰਦਿਆਂ ਸ਼੍ਰੀਮਤੀ ਦਬਾਜਾ ਨੇ ਦੱਸਿਆ ਕਿ ਉਹਨਾਂ ਅਧਿਆਪਕ ਦਾ ਕਰੀਅਰ ਕਿਵੇਂ ਚੁਣਿਆ।
ਉਸਨੇ ਦੱਸਿਆ ਕਿ ਜਦੋਂ ਉਸਨੇ ਪਹਿਲੀ ਵਾਰ ਪੜਾਉਣਾ ਸ਼ੁਰੂ ਕੀਤਾ ਸੀ ਤਾਂ ਉਸ ਸਮੇਂ ਉਸਨੇ ਵੱਖ-ਵੱਖ ਪਿਛੋਕੜ ਵਾਲੇ ਵਿਦਿਆਰਥੀਆਂ ਦੀ ਇੱਕ ਡੀਬੇਟਿੰਗ ਟੀਮ ਨੂੰ ਕੋਚ ਕਰਨ ਤੋਂ ਸ਼ੁਰੂਆਤ ਕੀਤੀ ਸੀ।
ਅਧਿਆਪਨ ਦਾ ਸਮਾਜ 'ਚ ਯੋਗਦਾਨ
ਸ਼੍ਰੀਮਤੀ ਦਬਾਜਾ ਅਤੇ ਸ਼੍ਰੀਮਾਨ ਐਨਜੀ ਦੋਵੇਂ ਹੀ ਮੰਨਦੇ ਹਨ ਕਿ ਉਹਨਾਂ ਦਾ ਅਧਿਆਪਨ ਪੇਸ਼ਾ ਭਾਈਚਾਰੇ ਅਤੇ ਵਿਆਪਕ ਸਮਾਜ ਵਿੱਚ ਕਾਫੀ ਯੋਗਦਾਨ ਪਾਉਂਦਾ ਹੈ।
ਇਸ ਬਾਰੇ ਸ਼੍ਰੀਮਤੀ ਦਬਾਜਾ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ।
"ਮੈਂ ਅਕਸਰ ਕਹਿੰਦੀ ਹਾਂ ਕਿ ਜਦੋਂ ਤੁਸੀਂ ਖੇਡ ਦੇ ਮੈਦਾਨ ਵਿੱਚ ਹੁੰਦੇ ਹੋ, ਤਾਂ ਉੱਥੇ ਖੇਡਣ ਤੋਂ ਇਲਾਵਾ ਵੀ ਬਹੁਤ ਸਮਰੱਥਾ ਹੁੰਦੀ ਹੈ। ਤੁਸੀਂ ਅਗਲਾ ਬੀਥੋਵਨ ਖੇਡ ਦੇ ਮੈਦਾਨ ਵਿੱਚ ਲੱਭ ਸਕਦੇ ਹੋ, ਜਾਂ ਕੈਂਸਰ ਦਾ ਇਲਾਜ ਖੇਡ ਦੇ ਮੈਦਾਨ ਵਿੱਚ ਬੈਠ ਕੇ ਹੋ ਸਕਦਾ ਹੈ।"
ਲਾਟਰੋਬ ਯੂਨੀਵਰਸਟਿੀ ਵਿੱਚ ਫੈਕਲਟੀ ਆਫ਼ ਐਜੂਕੇਸ਼ਨ ਦੇ ਐਸੋਸੀਏਟ ਡੀਨ ਪ੍ਰੋਫ਼ੈਸਰ ਥੇਰੇਸ ਕੀਅਨ ਨੇ 25 ਸਾਲਾਂ ਤੋਂ ਵੱਧ ਸਮਾਂ ਲੜਕੀਆਂ ਨੂੰ ਵਿਗਿਆਨ, ਤਕਨਾਲੋਜੀ, ਇੰਜਨੀਅਰਿੰਗ ਅਤੇ ਗਣਿਤ ਵਿੱਚ ਸ਼ਕਤੀਕਰਨ ਪ੍ਰਦਾਨ ਕਰਨ ਵਿੱਚ ਬਿਤਾਏ ਹਨ।
"ਵਿਦਿਆਰਥੀਆਂ ਲਈ ਨਿਯੰਤਰਿਤ ਵਾਤਾਵਰਣ ਵਿੱਚ ਸਿੱਖਣ ਲਈ ਸਕੂਲ ਇੱਕ ਸ਼ਾਨਦਾਰ ਜਗ੍ਹਾ ਹਨ। ਜੇ ਉਹ ਮੁਸੀਬਤ ਵਿੱਚ ਪੈ ਜਾਂਦੇ ਹਨ, ਤਾਂ ਇਹ ਉਸ ਨਿਯੰਤਰਿਤ ਵਾਤਾਵਰਣ ਦੇ ਅੰਦਰ ਹੁੰਦਾ ਹੈ ਤਾਂ ਜੋ ਉਹ ਸਮਝ ਸਕਣ ਕਿ ਉਨ੍ਹਾਂ ਨੇ ਕੀ ਗਲਤ ਕੀਤਾ ਹੈ, ਅਤੇ ਉਹ ਆਪਣੀ ਗਲਤੀ ਤੋਂ ਸਿੱਖ ਸਕਦੇ ਹਨ।"
ਕੈਰੀਅਰ ਦੀ ਸਥਿਰਤਾ ਅਤੇ ਵਿਕਾਸ
ਆਸਟ੍ਰੇਲੀਆ ਦੇ ਜਨਤਕ ਅਤੇ ਨਿੱਜੀ ਸਿੱਖਿਆ ਖੇਤਰਾਂ ਵਿੱਚ ਤਰੱਕੀ ਦੇ ਮੌਕਿਆਂ ਨੂੰ ਦੇਖਦੇ ਹੋਏ ਅਧਿਆਪਨ ਦੇ ਪੇਸ਼ੇ ਨੂੰ ਇੱਕ ਲੰਬੇ ਸਮੇਂ ਦੇ ਕਰੀਅਰ ਵਜੋਂ ਸਮਝਿਆ ਜਾ ਸਕਦਾ ਹੈ।
ਜਿਵੇਂ ਕਿ ਸ਼੍ਰੀਮਤੀ ਦਬਾਜਾ ਕਹਿੰਦੇ ਹਨ ਕਿ ਜੋ ਅਧਿਆਪਕ ਬੇਮਿਸਾਲ ਪ੍ਰਤਿਭਾ ਅਤੇ ਅਧਿਆਪਨ ਲਈ ਜਨੂੰਨ ਰੱਖਦੇ ਹਨ ਉਹਨਾਂ ਕੋਲ ਸਕੂਲ ਦੇ ਕਾਰਜਾਂ ਵਿੱਚ ਸ਼ਾਮਲ ਹੋਣ ਦੇ ਬਹੁਤ ਮੌਕੇ ਹਨ।
ਉਦਯੋਗ ਦੇ ਪੇਸ਼ੇਵਰਾਂ ਲਈ ਵਿਸ਼ੇਸ਼ ਫੈਕਲਟੀ ਖੇਤਰਾਂ, ਜਿਵੇਂ ਕਿ ਗਣਿਤ, ਵਿਗਿਆਨ, ਕੰਪਿਊਟਰ ਵਿਗਿਆਨ, ਜਾਂ ਇੱਥੋਂ ਤੱਕ ਕਿ ਤਕਨਾਲੋਜੀ ਅਤੇ ਅਪਲਾਈਡ ਸਾਇੰਸ ਵਿੱਚ ਦਾਖਲ ਹੋਣ ਲਈ ਮੁੜ ਸਿਖਲਾਈ ਪ੍ਰੋਗਰਾਮ ਵੀ ਹਨ।
ਅੱਗੇ ਗੱਲ ਕਰਦਿਆਂ ਸ਼੍ਰੀਮਤੀ ਦਬਾਜਾ ਨੇ ਦੱਸਿਆ ਕਿ ਅਧਿਆਪਕਾਂ ਕੋਲ ਇੱਕ ਪੂਰੇ ਪੇਸ਼ੇਵਰ ਸਿਖਲਾਈ ਕੋਰਸਾਂ ਦੀ ਸੀਮਾ ਤੱਕ ਵੀ ਪਹੁੰਚ ਹੁੰਦੀ ਹੈ ਜਿਸ ਵਿੱਚ ਉਹ ਔਨਲਾਈਨ ਅਤੇ ਆਹਮੋ-ਸਾਹਮਣੇ ਭਾਗ ਲੈ ਸਕਦੇ ਹਨ।

ਅਧਿਆਪਕਾਂ ਦੀ ਐਂਟਰੀ ਲੈਵਲ ਤਨਖ਼ਾਹਾਂ ਹਰ ਰਾਜ ਅਤੇ ਖੇਤਰ ਵਿੱਚ ਵੱਖੋ-ਵੱਖ ਹੁੰਦੀਆਂ ਹਨ ਜੋ ਕਿ 75,000 ਤੋਂ 85,000 ਦੇ ਦਰਮਿਆਨ ਹੋ ਸਕਦੀਆਂ ਹਨ ਜੋ ਕਿ ਆਸਟ੍ਰੇਲੀਆ ਦੇ ਬਾਕੀ ਪੇਸ਼ਿਆਂ ਦੇ ਮੁਕਾਬਲੇ ਵਿੱਚ ਵਧੀਆ ਮੰਨੀ ਜਾਂਦੀ ਹੈ।
ਸ਼੍ਰੀਮਾਨ ਐਨਜੀ ਮੁਤਾਬਕ ਕਰੀਅਰ ਦੀ ਤਰੱਕੀ ਦੇ ਮੌਕੇ ਜਿਵੇਂ ਕਿ ਲੀਡਰਸ਼ਿੱਪ ਦੀਆਂ ਭੂਮਿਕਾਵਾਂ ਜਾਂ ਉੱਚ-ਪੱਧਰੀ ਅਧਿਆਪਨ ਅਹੁਦਿਆਂ ਵਿੱਚ ਸਮੇਂ ਦੇ ਨਾਲ ਕਮਾਈ ਦੀ ਸੰਭਾਵਨਾ ਨੂੰ ਵਧਾ ਸਕਦੇ ਹਨ।
ਸ਼੍ਰੀਮਤੀ ਦਬਾਜਾ ਵੀ ਇਸ ਨਾਲ ਸਹਿਮਤ ਹਨ ਕਿ ਅਧਿਆਪਨ ਦਾ ਕਰੀਅਰ ਸਭ ਤੋਂ ਸਥਿਰ ਮਾਰਗਾਂ ਵਿੱਚੋਂ ਇੱਕ ਹੈ।
ਆਸਟਰੇਲੀਆ ਵਿੱਚ ਇੱਕ ਅਧਿਆਪਕ ਬਣਨਾ
ਜੇਕਰ ਤੁਸੀਂ ਆਸਟ੍ਰੇਲੀਆ ਵਿੱਚ ਅਧਿਆਪਕ ਬਣਨ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਕੋਲ ਬਹੁਤ ਸਾਰੇ ਮੌਕੇ ਹਨ।
ਪ੍ਰੋਫੈਸਰ ਕੀਅਨ ਦਾ ਕਹਿਣਾ ਹੈ ਕਿ ਤੁਸੀਂ www.bethatteacher.gov.au ਵੈਬਸਾਈਟ ਉੱਤੇ ਲੋੜੀਂਦੀ ਜਾਣਕਾਰੀ ਲੱਭ ਸਕਦੇ ਹੋ।
ਇਸ ਵੈੱਬਸਾਈਟ ਰਾਹੀਂ ਤੁਸੀਂ ਜਾਣ ਸਕਦੇ ਹੋ ਕਿ ਆਸਟ੍ਰੇਲੀਆ ਦੇ ਵੱਖ-ਵੱਖ ਰਾਜਾਂ ਅਤੇ ਪ੍ਰਦੇਸ਼ਾਂ ਵਿੱਚ ਅਧਿਆਪਕ ਕਿਵੇਂ ਬਣਨਾ ਹੈ ਅਤੇ ਇਸ ‘ਤੇ ਤੁਸੀਂ ਅਧਿਆਪਨ ਕਰੀਅਰ ਦੇ ਵੱਖ-ਵੱਖ ਮਾਰਗਾਂ ਬਾਰੇ ਵੀ ਜਾਣਕਾਰੀ ਹਾਸਲ ਕਰ ਸਕਦੇ ਹੋ।
ਪ੍ਰੋਫੈਸਰ ਕੀਅਨ ਦੱਸਦੇ ਹਨ ਕਿ ਹਾਈ ਸਕੂਲ ਤੋਂ ਗ੍ਰੈਜੂਏਟ ਹੋਣ ਤੋਂ ਬਾਅਦ ਇਸ ਮਾਰਗ ਦੀ ਸ਼ੁਰੂਆਤ ਹੋ ਸਕਦੀ ਹੈ।
ਪ੍ਰੋਫੈਸਰ ਕੀਅਨ ਇਸ ਬਾਰੇ ਹੋਰ ਗੱਲ ਕਰਦਿਆਂ ਦੱਸਦੇ ਹਨ ਕਿ ਵਿਦੇਸ਼ੀ ਹੁਨਰਮੰਦ ਪ੍ਰਵਾਸੀਆਂ ਲਈ ਪ੍ਰਕਿਰਿਆ ਬਾਕੀ ਦੀ ਕਿਸੇ ਵੀ ਯੋਗਤਾ ਵਾਂਗ ਹੀ ਹੁੰਦੀ ਹੈ। ਇਹ ਇਸ ਉੱਤੇ ਵੀ ਨਿਰਭਰ ਕਰਦਾ ਹੈ ਕਿ ਉਹ ਕਿਹੜੇ ਦੇਸ਼ ਵਿੱਚ ਪੜਾ ਚੁੱਕੇ ਹਨ ਅਤੇ ਆਸਟ੍ਰੇਲੀਆ ਵਿੱਚ ਕਿਹੋ ਜਿਹੇ ਅਧਿਆਪਕ ਬਣਨਾ ਚਹੁੰਦੇ ਹਨ।
ਉਹ ਅੱਗੇ ਹੋਰ ਦੱਸਦੇ ਹਨ ਕਿ ਅਜਿਹੇ ਪ੍ਰਵਾਸੀਆਂ ਨੂੰ ਯੂਨੀਵਰਸਿਟੀ ਨਾਲ ਸਿੱਧੇ ਤੌਰ ਉੱਤੇ ਸੰਪਰਕ ਕਰਨ ਅਤੇ ਆਪਣੀਆਂ ਯੋਗਤਾਵਾਂ ਦਾ ਪ੍ਰਦਰਸ਼ਨ ਕਰਨ ਦੀ ਲੋੜ ਹੋ ਸਕਦੀ ਹੈ ਜਾਂ ਉਹਨਾਂ ਨੂੰ ਉਸ ਰਾਜ ਵਿੱਚ ਅਧਿਆਪਕਾਂ ਦੀ ਰੈਗੂਲੇਟਰੀ ਅਥਾਰਟੀ ਨਾਲ ਸੰਪਰਕ ਕਰਨ ਦੀ ਲੋੜ ਵੀ ਪੈ ਸਕਦੀ ਹੈ।
ਪ੍ਰੋਫੈਸਰ ਕੀਅਨ ਕਹਿੰਦੇ ਹਨ ਚਾਹਵਾਨ ਅਧਿਆਪਕਾਂ ਕੋਲ ਸਹੀ ਯੋਗਤਾਵਾਂ ਹੋਣੀਆਂ ਚਾਹੀਦੀਆਂ ਹਨ ਅਤੇ ਇਹ ਇੱਕ ਸਿੱਧੀ ਪ੍ਰਕਿਰਿਆ ਹੈ।

ਪ੍ਰੋਫੈਸਰ ਕੀਅਨ ਮੁਤਾਬਕ ਅਧਿਆਪਨ ਦੀ ਆਸਟ੍ਰੇਲੀਅਨ ਡਿਗਰੀ ਵਿਭਿੰਨ ਬੁੱਧੀ ਅਤੇ ਸਮਾਜਿਕ ਕੁਸ਼ਲਤਾਵਾਂ ਵਾਲੇ ਪੇਸ਼ੇਵਰਾਂ ਦਾ ਨਿਰਮਾਣ ਅਤੇ ਪਾਲਣ ਪੋਸ਼ਣ ਕਰਦੀ ਹੈ।
ਇਹ ਡਿਗਰੀ ਕਰਦੇ ਸਮੇਂ ਅਧਿਆਪਕ ਬਣਨ ਦੇ ਚਾਹਵਾਨ ਕੀ ਉਮੀਦ ਕਰ ਸਕਦੇ ਹਨ ਇਸ ਬਾਰੇ ਪ੍ਰੋਫੈਸਰ ਕੀਨ ਵਧੇਰੇ ਦੱਸਦੇ ਹਨ।
ਆਸਟ੍ਰੇਲੀਆ ਵਿੱਚ ਬਹੁ-ਸੱਭਿਆਚਾਰਕ ਅਧਿਆਪਕਾਂ ਦੀ ਭੂਮਿਕਾ
ਸ਼੍ਰੀਮਤੀ ਦਬਾਜਾ ਕਹਿੰਦੇ ਹਨ ਕਿ ਆਸਟ੍ਰੇਲੀਆ ਵਿੱਚ ਵਿਭਿੰਨ ਪਿਛੋਕੜ ਵਾਲੇ ਅਧਿਆਪਕ ਕਲਾਸਰੂਮ ਵਿੱਚ ਵਿਲੱਖਣ ਦ੍ਰਿਸ਼ਟੀਕੋਣ ਲਿਆਉਂਦੇ ਹਨ ਅਤੇ ਸਿੱਖਾਉਣ ਦੇ ਕਈ ਨਵੇਂ ਤਰੀਕਿਆਂ ਨੂੰ ਅਜ਼ਮਾਉਂਦੇ ਹਨ।
ਵਿਭਿੰਨ ਪਿਛੋਕੜ ਵਾਲੇ ਅਧਿਆਪਕ ਅਕਸਰ ਵੱਖੋ-ਵੱਖਰੀਆਂ ਸਿੱਖਣ ਦੀਆਂ ਸ਼ੈਲੀਆਂ ਅਤੇ ਤਰਜੀਹਾਂ ਨੂੰ ਅਨੁਕੂਲਿਤ ਕਰਨ ਲਈ ਉਹਨਾਂ ਦੇ ਸੱਭਿਆਚਰਕ ਅਤੇ ਵਿਦਿਅਕ ਤਜ਼ਰਬਿਆਂ ਤੋਂ ਪ੍ਰਭਾਵਿਤ ਅਧਿਆਪਨ ਦੇ ਨਵੇਂ ਤਰੀਕਿਆਂ ਦੀ ਵਰਤੋਂ ਕਰਦੇ ਹਨ।

ਸ਼੍ਰੀਮਤੀ ਦਬਾਜਾ ਦਾ ਮੰਨਣਾ ਹੈ ਕਿ ਅਜਿਹੇ ਅਧਿਆਪਕ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਲਈ ਵੱਡਾ ਸਹਾਰਾ ਬਣ ਸਕਦੇ ਹਨ।
ਸ਼੍ਰੀਮਤੀ ਦਬਜਾ ਦਾ ਕਹਿਣਾ ਹੈ ਕਿ ਇੱਕ ਵਿਦਿਆਰਥੀ ਵਜੋਂ ਸਕੂਲ ਵਿੱਚ ਤੁਹਾਡਾ ਤਜਰਬਾ ਭਾਵੇਂ ਕਿਹੋ ਜਿਹਾ ਵੀ ਰਿਹਾ ਹੋਵੇ, ਸਕੂਲ ਅਸਧਾਰਨ ਸਥਾਨ ਹਨ, ਅਤੇ ਅਧਿਆਪਕ ਸਾਡੇ ਸਮਾਜ ਦੇ ਕੀਮਤੀ ਅੰਗ ਹਨ। ਇਹ ਮਹੱਤਵਪੂਰਨ ਹੈ ਕਿ ਉਹ ਜੋ ਕਰਦੇ ਹਨ ਉਸ ਦਾ ਸਤਿਕਾਰ ਕੀਤਾ ਜਾਵੇ ਕਿਉਂਕਿ ਉਹ ਸਿਰਫ਼ ਪੈਸੇ ਲਈ ਹੀ ਅਜਿਹਾ ਨਹੀਂ ਕਰਦੇ।
ਇਸ ਬਾਰੇ ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਫੇਸਬੁੱਕ ਤੇ X ਉੱਤੇ ਵੀ ਫਾਲੋ ਕਰੋ।
This SBS podcast was produced in partnership with the Department of Education.







