"ਕਾਰੋਬਾਰ ਚਲਾਉਣਾ ਕੋਈ ਕਿਸੇ ਨੂੰ ਸਿਖਾ ਨਹੀਂ ਸਕਦਾ, ਜੇ ਤੁਸੀਂ ਸਫਲ ਕਾਰੋਬਾਰੀ ਬਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਬੱਸ ਆਪ ਹੀ ਸ਼ੁਰੂਆਤ ਕਰਨੀ ਹੋਵੇਗੀ," ਇਹ ਕਹਿਣਾ ਹੈ ਭਾਰਤ ਦੇ ਜੰਮੂ ਪ੍ਰਦੇਸ਼ ਤੋਂ ਮੈਲਬਰਨ ਆ ਵਸੇ ਗੁਰਪ੍ਰਸਾਦ ਸਿੰਘ ਦਾ।
ਗੁਰਪ੍ਰਸਾਦ ਲਈ ਕੋਵਿਡ-19 ਮਹਾਂਮਾਰੀ ਇਸ ਸ਼ੁਰੂਆਤ ਦਾ ਸਬੱਬ ਬਣੀ। ਉਹ ਪਹਿਲਾਂ ਸ਼ੈੱਫ ਵਜੋਂ ਕੰਮ ਕਰਦੇ ਸਨ ਪਰ ਕੋਵਿਡ-19 ਦੇ ਕਾਰਨ ਉਨ੍ਹਾਂ ਦਾ ਇਹ ਕੰਮ ਛੁੱਟ ਗਿਆ। ਕੋਈ ਰੁਜ਼ਗਾਰ ਨਾ ਹੋਣ ਕਾਰਨ ਉਨ੍ਹਾਂ ਨੇ ਮੂਵਿੰਗ ਦਾ ਕੰਮ ਖੋਲ੍ਹਣ ਦਾ ਫੈਸਲਾ ਕੀਤਾ, ਪਰ ਇਸ ਫੈਸਲੇ ਨੂੰ ਅਸਲ ਰੂਪ ਦੇਣ ਲਈ ਕਾਫੀ ਜੱਦੋ ਜਹਿਦ ਕਰਨੀ ਪਈ।
ਐਸ ਬੀ ਐਸ ਨਾਲ ਗੱਲ ਕਰਦਿਆਂ ਗੁਰਪ੍ਰਸਾਦ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਦੌਰਾਨ ਆਰਥਿਕ ਚੁਣੌਤੀ ਦਾ ਸਾਹਮਣਾ ਵੀ ਕਰਨਾ ਪਿਆ।

ਸਮਾਂ ਬੀਤਣ 'ਤੇ ਗੁਰਪ੍ਰਸਾਦ ਨੇ ਆਪਣੇ ਸੀਮਤ ਵਿਸ਼ਵਾਸਾਂ 'ਤੇ ਕਾਬੂ ਪਾ ਕੇ ਕਾਰੋਬਾਰ ਨੂੰ ਸਫਲ ਬਣਾ ਲਿਆ ਹੈ। ਇਸ ਵੇਲੇ ਉਹ 45 ਲੋਕਾਂ ਨੂੰ ਰੋਜ਼ਗਾਰ ਦੇ ਰਿਹਾ ਹੈ, ਜਿਨ੍ਹਾਂ ਵਿਚੋਂ ਵੱਡਾ ਹਿੱਸਾ ਜੰਮੂ ਤੋਂ ਆਏ ਨੌਜਵਾਨਾਂ ਦਾ ਹੈ।
10 ਸਾਲ ਪਹਿਲਾਂ ਜਦੋਂ ਮੈਂ ਆਸਟ੍ਰੇਲੀਆ ਆਇਆ ਸੀ, ਸਾਡੇ ਭਾਈਚਾਰੇ ਦੇ ਲੋਕ ਬਹੁਤੇ ਨਹੀਂ ਸਨ ਅਤੇ ਜਿਹੜੇ ਸਨ ਉਹ ਭੀੜ ਤੋਂ ਅੱਡ ਕੁਝ ਕਰਨ ਦਾ ਨਹੀਂ ਸਨ ਸੋਚਦੇ। ਹੁਣ, ਜਦੋਂ ਮੈਂ ਕੁਝ ਹਾਸਲ ਕੀਤਾ ਹੈ, ਤਾਂ ਮੈਂ ਆਪਣੇ ਵਰਗੇ ਲੋਕਾਂ ਦੀ ਮਦਦ ਕਰਨਾ ਚਾਹੁੰਦਾ ਹਾਂ, ਜੋ ਮੇਰੇ ਕਈ ਵਾਂਗ ਸੁਫ਼ਨੇ ਲੈ ਕੇ ਇੱਥੇ ਆਏ ਹਨ।ਗੁਰਪ੍ਰਸਾਦ ਸਿੰਘ
ਗੁਰਪ੍ਰਸਾਦ ਦੱਸਦੇ ਹਨ ਕਿ ਇਹ ਕਾਰੋਬਾਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਮਿਲੀਅਨ ਕਮਾਉਣਾ ਉਨ੍ਹਾਂ ਲਈ ਇੱਕ ਖਾਬ ਵਰਗਾ ਸੀ ਪਰ ਉਨ੍ਹਾਂ ਨੇ ਆਪਣੀ ਮਿਹਨਤ ਅਤੇ ਲਗਨ ਸਦਕਾ ਇਹ ਟੀਚਾ ਪਹਿਲੇ ਸਾਲ ਵਿੱਚ ਹੀ ਪੂਰਾ ਕਰ ਲਿਆ। ਪਿਛਲੇ 4 ਸਾਲ ਤੋਂ ਮੈਲਬਰਨ ਤੋਂ ਚੱਲ ਰਹੇ ਆਪਣੇ ਕਾਰੋਬਾਰ ਨੂੰ ਉਹ ਹੁਣ ਪੂਰੇ ਆਸਟ੍ਰੇਲੀਆ ਵਿੱਚ ਵਧਾਉਣਾ ਚਾਹੁੰਦੇ ਹਨ।

ਗੁਰਪ੍ਰਸਾਦ (ਸੱਜੇ) ਆਪਣੀ ਮਾਂ (ਵਿਚਕਾਰ) ਸੁਰਜੀਤ ਕੌਰ ਅਤੇ ਭਰਾ ( ਖੱਬੇ) ਗੁਰਜੰਟ ਸਿੰਘ ਨਾਲ। Credit: Image Provided by: Gurprasad Singh
ਗੁਰਪ੍ਰਸਾਦ ਨੇ ਆਪਣਾ ਪ੍ਰੇਰਨਾਦਾਇਕ ਸਫ਼ਰ ਸਾਂਝਾ ਕਰਦੇ ਹੋਏ ਐਸ ਬੀ ਐਸ ਪੰਜਾਬੀ ਨੂੰ ਅੱਗੇ ਦੱਸਿਆ ਕਿ, "ਮੈਂ ਆਪਣੀ ਮਾਂ ਨੂੰ ਬਚਪਨ ਤੋਂ ਹੀ ਮਿਹਨਤ ਕਰਦੇ ਦੇਖਿਆ ਹੈ। ਉਹ ਮੈਨੂੰ ਪ੍ਰੇਰਿਤ ਕਰਦੀ ਹੈ। ਮੇਰੇ ਭਰਾ ਨੇ ਵੀ ਮੈਨੂੰ ਵਿਦੇਸ਼ ਆ ਕੇ ਆਪਣੇ ਆਪ ਨੂੰ ਕੁੱਝ ਬਣਾਉਣ ਲਈ ਹਮੇਸ਼ਾ ਉਤਸ਼ਾਹਿਤ ਕੀਤਾ।"
ਹੋਰ ਵੇਰਵੇ ਲਈ ਸੁਣੋ ਇਹ ਆਡੀਓ ਇੰਟਰਵਿਊ...
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਸਾਊਥ ਏਸ਼ੀਅਨ 'ਤੇ ਸੁਣੋ।