ਦੱਖਣੀ ਆਸਟ੍ਰੇਲੀਆ ਦੇ ਵਰਜੀਨੀਆ (ਨਜ਼ਦੀਕ ਐਡੀਲੇਡ) ਸਥਿਤ ਦਸ਼ਮੇਸ਼ ਦਰਬਾਰ ਗੁਰਦੁਆਰੇ ਵਿੱਚ ਅੱਗ ਲੱਗਣ ਦੀ ਘਟਨਾ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਪੰਜ ਮੈਂਬਰੀ ਜਾਂਚ ਕਮੇਟੀ ਦੀਆਂ ਮੁੱਢਲੀਆਂ ਖੋਜਾਂ ਸਾਹਮਣੇ ਆਈਆਂ ਹਨ। ਗੁਰਦੁਆਰਾ ਪ੍ਰਧਾਨ ਬਖ਼ਸ਼ੀਸ਼ ਸਿੰਘ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਕਮੇਟੀ ਦੇ ਸੰਖੇਪ ਅਨੁਸਾਰ ਅੱਗ ਸ਼ੁਰੂ ਹੋਣ ਤੋਂ ਬਾਅਦ ਲਗਭਗ 14 ਮਿੰਟ ਦਾ ਸਮਾਂ ਅਜਿਹਾ ਸੀ, ਜਿਸ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਬਚਾਇਆ ਜਾ ਸਕਦਾ ਸੀ। ਘਟਨਾ ਵਿੱਚ ਚਾਰ ਸਰੂਪ ਵੀ ਨੁਕਸਾਨਗ੍ਰਸਤ ਹੋਏ। ਭਾਵੁਕ ਬਖ਼ਸ਼ੀਸ਼ ਸਿੰਘ ਨੇ ਭਾਈਚਾਰੇ ਨੂੰ ਦੋਸ਼ ਲਗਾਉਣ ਦੀ ਬਜਾਏ ਇਸ ਦੁੱਖ ਦੀ ਘੜੀ ਵਿੱਚ ਇੱਕ-ਦੂਜੇ ਦਾ ਸਾਥ ਦੇਣ ਦੀ ਅਪੀਲ ਕੀਤੀ ਹੈ।
ਦੱਖਣੀ ਆਸਟ੍ਰੇਲੀਆ ਦੇ ਵਰਜੀਨੀਆ ਸਥਿਤ ਦਸ਼ਮੇਸ਼ ਦਰਬਾਰ ਗੁਰਦੁਆਰੇ ਵਿੱਚ 26 ਜੁਲਾਈ ਦੀ ਰਾਤ ਲੱਗੀ ਭਿਆਨਕ ਅੱਗ ਨੇ ਪੂਰੀ ਇਮਾਰਤ ਨੂੰ ਤਬਾਹ ਕਰ ਦਿੱਤਾ ਸੀ।
ਅੱਗ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਸਰੂਪ ਵੀ ਨੁਕਸਾਨਗ੍ਰਸਤ ਹੋਏ। ਇਸ ਘਟਨਾ ਦੇ ਕਾਰਨਾਂ ਅਤੇ ਹਾਲਾਤਾਂ ਦੀ ਜਾਂਚ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਨੇ ਆਪਣੀਆਂ ਮੁੱਢਲੀਆਂ ਖੋਜਾਂ ਸਾਂਝੀਆਂ ਕੀਤੀਆਂ ਹਨ।
ਐਸ ਬੀ ਐਸ ਪੰਜਾਬੀ ਨੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਬਖ਼ਸ਼ੀਸ਼ ਸਿੰਘ ਨਾਲ ਗੱਲਬਾਤ ਕਰਕੇ ਇਨ੍ਹਾਂ ਤਾਜ਼ਾ ਖੋਜਾਂ ਬਾਰੇ ਜਾਣਿਆ।
ਬਖ਼ਸ਼ੀਸ਼ ਸਿੰਘ ਨੇ ਕਿਹਾ, "ਇਸ ਦੁੱਖ ਦੀ ਘੜੀ ਵਿੱਚ ਭਾਈਚਾਰੇ ਦੀ ਏਕਤਾ ਅਤੇ ਸਹਿਯੋਗ ਸਭ ਤੋਂ ਵੱਧ ਮਹੱਤਵਪੂਰਨ ਹੈ।"
ਕਮੇਟੀ ਦੇ ਸੰਖੇਪ ਮੁਤਾਬਕ, ਅੱਗ ਸ਼ੁਰੂ ਹੋਣ ਤੋਂ ਬਾਅਦ ਲਗਭਗ 14 ਮਿੰਟ ਦਾ ਸਮਾਂ ਅਜਿਹਾ ਸੀ, ਜਿਸ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਬਚਾਉਣ ਦੀ ਸੰਭਾਵਨਾ ਮੌਜੂਦ ਸੀ।
ਕਮੇਟੀ ਮੁਤਾਬਕ ਅੱਗ ਗੁਰਦੁਆਰਾ ਕੰਪਲੈਕਸ ਵਿੱਚ ਸਥਿਤ ਕਮਿਊਨਿਟੀ ਰਸੋਈ ਦੇ ਪਿਛਲੇ ਪਾਸੇ ਤੋਂ ਸ਼ੁਰੂ ਹੋਈ ਸੀ।
ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਵਿੱਚ ਨਿਊਜ਼ੀਲੈਂਡ, ਮੈਲਬਰਨ ਅਤੇ ਪਰਥ ਤੋਂ ਮੈਂਬਰ ਸ਼ਾਮਲ ਸਨ।
ਪੁਲਿਸ ਮੁਤਾਬਕ, ਮੁੱਢਲੀ ਜਾਂਚ ਵਿੱਚ ਅੱਗ ਨੂੰ ਸ਼ੱਕੀ ਨਹੀਂ ਮੰਨਿਆ ਜਾ ਰਿਹਾ। ਸਾਊਥ ਆਸਟ੍ਰੇਲੀਆ ਕਨਟਰੀ ਫਾਇਰ ਸਰਵਿਸ ਦੇ ਮੀਡੀਆ ਯੂਨਿਟ ਅਨੁਸਾਰ, "ਅੱਗ ਲੱਗਣ ਦਾ ਸਹੀ ਕਾਰਨ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ।"
"ਸਾਊਥ ਆਸਟ੍ਰੇਲੀਆਈ ਮੈਟਰੋਪੋਲੀਟਨ ਫਾਇਰ ਸਰਵਿਸ ਦੇ ਫਾਇਰ ਇਨਵੈਸਟੀਗੇਟਰਾਂ ਨੇ ਪਤਾ ਲਗਾਇਆ ਕਿ ਅੱਗ ਇਮਾਰਤ ਦੇ ਰਸੋਈ ਵਾਲੇ ਹਿੱਸੇ ਤੋਂ ਸ਼ੁਰੂ ਹੋਈ ਅਤੇ ਬਾਅਦ ਵਿੱਚ ਨਾਲ ਲੱਗਦੇ ਗੋਦਾਮ ਤੱਕ ਫੈਲ ਗਈ।"
ਉਨ੍ਹਾਂ ਦੇ ਬਿਆਨ ਮੁਤਾਬਕ, ਅੱਗ ਨੇ ਗੋਦਾਮ ਵਿੱਚ ਲੱਗੇ ਇਨਸੂਲੇਟਿਡ ਕੋਲਡ ਰੂਮ ਪੈਨਲਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਕਾਰਨ ਅੱਗ ਤੇਜ਼ੀ ਨਾਲ ਪੂਰੇ ਗੋਦਾਮ ਵਿੱਚ ਫੈਲ ਗਈ। ਹਾਲਾਂਕਿ, ਅੱਗ ਨਾਲ ਹੋਏ ਵਿਆਪਕ ਨੁਕਸਾਨ ਕਾਰਨ ਜਾਂਚਕਰਤਾ ਇਸ ਦੇ ਸਹੀ ਕਾਰਨ ਦਾ ਪਤਾ ਲਗਾਉਣ ਵਿੱਚ ਅਸਮਰਥ ਰਹੇ।
ਭਾਵੁਕ ਹੁੰਦਿਆਂ ਬਖ਼ਸ਼ੀਸ਼ ਸਿੰਘ ਨੇ ਕਿਹਾ ਕਿ ਇਸ ਸਮੇਂ ਜਦੋਂ ਸੰਗਤ ਦੇ ਦਿਲ ਦੁੱਖ ਅਤੇ ਭਾਵਨਾਵਾਂ ਨਾਲ ਭਰੇ ਹੋਏ ਹਨ, ਭਾਈਚਾਰੇ ਨੂੰ ਇੱਕ-ਦੂਜੇ 'ਤੇ ਦੋਸ਼ ਲਗਾਉਣ ਦੀ ਬਜਾਏ ਇੱਕ-ਦੂਜੇ ਦਾ ਸਾਥ ਦੇਣਾ ਚਾਹੀਦਾ ਹੈ।
ਗੁਰਦੁਆਰਾ ਸਾਹਿਬ ਦੇ ਫੇਸਬੁੱਕ ਪੇਜ 'ਤੇ ਸਾਂਝੀ ਕੀਤੀ ਗਈ ਮੁੱਢਲੀ ਜਾਣਕਾਰੀ ਮੁਤਾਬਕ, ਫਾਇਰਫਾਈਟਰਜ਼ ਨੇ ਦੱਸਿਆ ਸੀ ਕਿ ਇਮਾਰਤ ਅੰਦਰੋਂ ਪੂਰੀ ਤਰ੍ਹਾਂ ਤਬਾਹ ਹੋ ਚੁੱਕੀ ਹੈ।
ਗੁਰਦੁਆਰਾ ਪ੍ਰਬੰਧਕਾਂ ਵੱਲੋਂ ਫਾਇਰਫਾਈਟਰਜ਼ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਸੰਭਾਵਿਤ ਸਥਿਤੀ ਬਾਰੇ ਜਾਣਕਾਰੀ ਦਿੱਤੀ ਗਈ ਸੀ ਅਤੇ ਸੰਗਤ ਨੂੰ ਸਰੂਪਾਂ ਦੀ ਸਲਾਮਤੀ ਲਈ ਅਰਦਾਸ ਕਰਨ ਦੀ ਅਪੀਲ ਕੀਤੀ ਗਈ ਸੀ।
ਬਾਅਦ ਵਿੱਚ ਜਾਂਚ ਕਮੇਟੀ ਦੀ ਜਾਣਕਾਰੀ ਵਿੱਚ ਚਾਰ ਸਰੂਪਾਂ ਦੇ ਨੁਕਸਾਨਗ੍ਰਸਤ ਹੋਣ ਦੀ ਗੱਲ ਸਾਹਮਣੇ ਆਈ।
ਇਸ ਤੋਂ ਇਲਾਵਾ, ਜਾਂਚ ਕਮੇਟੀ ਨੇ ਦੁਨੀਆ ਭਰ ਦੇ ਮੌਜੂਦਾ ਗੁਰਦੁਆਰਾ ਸਾਹਿਬਾਨ ਲਈ ਸੁਰੱਖਿਆ ਨਾਲ ਸਬੰਧਤ ਕੁਝ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਵਿਦੇਸ਼ਾਂ ਵਿੱਚ ਨਵੇਂ ਗੁਰਦੁਆਰੇ ਸਥਾਪਤ ਕਰਨ ਸਮੇਂ ਵੀ ਇਨ੍ਹਾਂ ਸੁਰੱਖਿਆ ਮਾਪਦੰਡਾਂ ਅਤੇ ਹਦਾਇਤਾਂ ਨੂੰ ਧਿਆਨ ਵਿੱਚ ਰੱਖਣ ਲਈ ਕਿਹਾ ਗਿਆ ਹੈ। ਇਨ੍ਹਾਂ ਨਵੇਂ ਦਿਸ਼ਾ-ਨਿਰਦੇਸ਼ਾਂ ਅਤੇ ਉਨ੍ਹਾਂ ਦੇ ਅਮਲ ਬਾਰੇ ਵਿਸਥਾਰ ਨਾਲ ਜਾਣਕਾਰੀ ਗੁਰਦੁਆਰਾ ਪ੍ਰਧਾਨ ਬਖ਼ਸ਼ੀਸ਼ ਸਿੰਘ ਨਾਲ ਕੀਤੀ ਗਈ ਇੰਟਰਵਿਊ ਵਿੱਚ ਸੁਣੀ ਜਾ ਸਕਦੀ ਹੈ।
ਹੋਰ ਵੇਰਵੇ ਲਈ ਆਡੀਓ ਬਟਨ ਕਲਿਕ ਕਰੋ
ਐਸ ਬੀ ਐਸ ਪੰਜਾਬੀ ਦੁਨੀਆ ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।
ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।





