ਗਾਰਮਾ ਫੈਸਟੀਵਲ ਆਸਟ੍ਰੇਲੀਆ ਦਾ ਸਭ ਤੋਂ ਵੱਡਾ ਮੂਲ-ਨਿਵਾਸੀ ਸੱਭਿਆਚਾਰਕ ਇਕੱਠ ਹੈ, ਜਿੱਥੇ ਹਜ਼ਾਰਾਂ ਲੋਕ ਨੌਰਦਰਨ ਟੈਰੀਟਰੀ ਦੇ ਉੱਤਰ-ਪੂਰਬੀ ਅਰਨਹੈਮ ਲੈਂਡ ਸਥਿਤ ਨੁਲੁਨਬੁਏ ਦੇ ਇੱਕ ਦੂਰ-ਦੁਰਾਡੇ ਕਸਬੇ ਵਿੱਚ ਪਹੁੰਚਦੇ ਹਨ। ਆਓ ਜਾਣਦੇ ਹਾਂ ਕਿ ਗਾਰਮਾ ਵਿੱਚ ਕੀ ਹੁੰਦਾ ਹੈ ਅਤੇ ਇਸ ਵਿੱਚ ਕੌਣ ਸ਼ਾਮਲ ਹੋ ਸਕਦਾ ਹੈ?
Key Points
- ਗਾਰਮਾ ਆਸਟ੍ਰੇਲੀਆ ਦਾ ਸਭ ਤੋਂ ਵੱਡਾ ਆਦਿਵਾਸੀ (Indigenous) ਸੱਭਿਆਚਾਰਕ ਸਮਾਗਮ ਹੈ।
- ਇਹ ਤਿਉਹਾਰ ਹਰ ਸਾਲ ਅਗਸਤ ਮਹੀਨੇ ਵਿੱਚ ਮਨਾਇਆ ਜਾਂਦਾ ਹੈ ਅਤੇ ਇਸ ਦੀ ਮੇਜ਼ਬਾਨੀ ਯੋਥੂ ਯਿੰਡੀ ਫਾਊਂਡੇਸ਼ਨ ਵੱਲੋਂ ਕੀਤੀ ਜਾਂਦੀ ਹੈ।
- ਇਹ ਤਿਉਹਾਰ ਆਸਟ੍ਰੇਲੀਆ ਦੇ ਪ੍ਰਮੁੱਖ ਰਾਜਨੀਤਿਕ ਨੇਤਾਵਾਂ, ਕਾਰਜਕਾਰੀ ਅਧਿਕਾਰੀਆਂ, ਸਮਰਥਕਾਂ ਅਤੇ ਕਲਾਕਾਰਾਂ ਨੂੰ ਇਕੱਠਾ ਕਰਦਾ ਹੈ। ਗਾਰਮਾ ਤਿਉਹਾਰ ਰਵਾਇਤੀ ਸਮਾਰੋਹਾਂ ਅਤੇ ਰਾਜਨੀਤਿਕ ਹੱਕਾਂ ਤੇ ਹਮਾਇਤ ਵਿਚਕਾਰ ਇੱਕ ਪੁਲ ਦਾ ਕੰਮ ਕਰਦਾ ਹੈ।
Warning: ਆਦਿਵਾਸੀ ਅਤੇ ਟੋਰਸ ਸਟ੍ਰੇਟ ਆਈਲੈਂਡਰ ਸਰੋਤਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਅੱਗੇ ਪ੍ਰਸਾਰਿਤ ਕੀਤੀ ਜਾਣ ਵਾਲੀ ਸਮੱਗਰੀ ਵਿੱਚ ਉਨ੍ਹਾਂ ਆਸਟ੍ਰੇਲੀਆਈ ਮੂਲ ਨਿਵਾਸੀ ਵਿਅਕਤੀਆਂ ਦੇ ਨਾਮ ਸ਼ਾਮਲ ਹਨ, ਜਿਨ੍ਹਾਂ ਦਾ ਦੇਹਾਂਤ ਹੋ ਚੁੱਕਾ ਹੈ।
ਗਾਰਮਾ ਤਿਉਹਾਰ ਕੀ ਹੈ?
ਗਾਰਮਾ ਤਿਉਹਾਰ (Garma Festival) ਆਸਟ੍ਰੇਲੀਆ ਦਾ ਸਭ ਤੋਂ ਵੱਡਾ ਆਦਿਵਾਸੀ ਸੱਭਿਆਚਾਰਕ ਸਮਾਗਮ ਹੈ, ਜਿੱਥੇ ਹਰ ਸਾਲ ਹਜ਼ਾਰਾਂ ਲੋਕ ਨੌਰਦਰਨ ਟੈਰਿਟਰੀ ਦੇ ਉੱਤਰ-ਪੂਰਬੀ ਆਰਨਹੇਮ ਲੈਂਡ ਵਿੱਚ ਸਥਿਤ ਦੂਰ-ਦਰਾਜ਼ ਸ਼ਹਿਰ ਨਹੁਲੁਨਬੁਈ ਦੀ ਯਾਤਰਾ ਕਰਦੇ ਹਨ।
ਇਹ ਤਿਉਹਾਰ ਹਰ ਸਾਲ ਅਗਸਤ ਮਹੀਨੇ ਵਿੱਚ ਮਨਾਇਆ ਜਾਂਦਾ ਹੈ ਅਤੇ ਚਾਰ ਦਿਨਾਂ ਤੱਕ ਚੱਲਣ ਵਾਲਾ ਯੋਲਨੂ ਸੱਭਿਆਚਾਰ ਦਾ ਜਸ਼ਨ ਹੈ।
ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਗਾਰਮਾ ਇੱਕ ਅਜਿਹਾ ਮੰਚ ਹੈ, ਜਿੱਥੇ ਫਰਸਟ ਨੇਸ਼ਨਜ਼ (First Nations) ਭਾਈਚਾਰਿਆਂ ਨਾਲ ਸੰਬੰਧਿਤ ਸਮਾਜਿਕ, ਰਾਜਨੀਤਿਕ ਅਤੇ ਵਾਤਾਵਰਣਕ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਅਤੇ ਚਰਚਾ ਕੀਤੀ ਜਾਂਦੀ ਹੈ।
ਗਾਰਮਾ ਤਿਉਹਾਰ ਦੀ ਸ਼ੁਰੂਆਤ ਕਿਵੇਂ ਹੋਈ?
1999 ਵਿੱਚ ਮਰਹੂਮ ਭਰਾਵਾਂ ਡਾ. ਯੂਨੁਪਿੰਗੂ AC (Dr Yunupingu AC) ਅਤੇ ਯੋਥੂ ਯਿੰਡੀ (Yothu Yindi) ਬੈਂਡ ਦੇ ਮੁੱਖ ਗਾਇਕ ਡਾ. ਐਮ. ਯੂਨੁਪਿੰਗੂ (Dr M. Yunupingu) ਵੱਲੋਂ ਗਾਰਮਾ ਤਿਉਹਾਰ (Garma Festival) ਦੀ ਸਥਾਪਨਾ ਕੀਤੀ ਗਈ। ਇਸ ਤਿਉਹਾਰ ਦਾ ਵਿਚਾਰ ਯੋਲਨੂ (Yolŋu) ਸਭਿਆਚਾਰ ਨੂੰ ਸੰਭਾਲਣ, ਸੁਰੱਖਿਅਤ ਰੱਖਣ ਅਤੇ ਉਤਸ਼ਾਹਿਤ ਕਰਨ ਦੀ ਇੱਛਾ ਤੋਂ ਜਨਮਿਆ ਸੀ।
ਉਸ ਸਮੇਂ ਭਾਈਚਾਰੇ ਦੇ ਕਈ ਬਜ਼ੁਰਗਾਂ ਨੂੰ ਚਿੰਤਾ ਸੀ ਕਿ ਉਨ੍ਹਾਂ ਦਾ ਮਹੱਤਵਪੂਰਨ ਸੱਭਿਆਚਾਰਕ ਗਿਆਨ ਹੌਲੀ-ਹੌਲੀ ਖਤਮ ਹੋ ਰਿਹਾ ਹੈ। ਇਸ ਲਈ ਗਾਰਮਾ ਦੀ ਸਥਾਪਨਾ ਇੱਕ ਐਸੇ ਸਥਾਨ ਵਜੋਂ ਕੀਤੀ ਗਈ, ਜਿੱਥੇ ਸੱਭਿਆਚਾਰਕ ਮਜ਼ਬੂਤੀ ਅਤੇ ਰਾਜਨੀਤਿਕ ਵਿਚਾਰ-ਵਟਾਂਦਰਾ ਇਕੱਠੇ ਹੋ ਸਕਣ।
ਜੌਨ-ਪੌਲ ਜੈਂਕ (John-Paul Janke), ਜੋ SBS ਦੇ ਰਾਸ਼ਟਰੀ ਆਦਿਵਾਸੀ ਮਾਮਲਿਆਂ ਦੇ ਸੰਪਾਦਕ ਹਨ ਅਤੇ NITV ਦੇ ਪ੍ਰੋਗਰਾਮ The Point ਦੇ ਸਹਿ-ਮੇਜ਼ਬਾਨ ਵੀ ਹਨ, ਕਹਿੰਦੇ ਹਨ:
"ਇਸ ਦਾ ਉਦੇਸ਼ ਸੱਭਿਆਚਾਰਕ ਵੰਡਾਂ ਨੂੰ ਘਟਾਉਣਾ, ਗੱਲਬਾਤ ਰਾਹੀਂ ਆਦਿਵਾਸੀ ਭਾਈਚਾਰਿਆਂ ਨੂੰ ਸਸ਼ਕਤ ਬਣਾਉਣਾ ਅਤੇ ਯੋਲਨੂ ਸਭਿਆਚਾਰ ਦਾ ਜਸ਼ਨ ਮਨਾਉਣਾ ਸੀ।"
ਗਾਰਮਾ ਤਿਉਹਾਰ ਕਿੱਥੇ ਮਨਾਇਆ ਜਾਂਦਾ ਹੈ?
ਗਾਰਮਾ ਤਿਉਹਾਰ ਗੁਲਕੁਲਾ (Gulkula) ਵਿੱਚ ਮਨਾਇਆ ਜਾਂਦਾ ਹੈ, ਜੋ ਉੱਤਰ-ਪੂਰਬੀ ਆਰਨਹੇਮ ਲੈਂਡ (Arnhem Land) ਵਿੱਚ ਸਥਿਤ ਪੰਜ ਖੇਤਰੀ ਕਬੀਲਿਆਂ—ਗੁਮਾਤਜ (Gumatj), ਰਿਰਰਾਤਜਿੰਗੂ (Rirratjingu), ਜਾਪੂ (Djapu), ਗਾਲਪੂ (Galpu) ਅਤੇ ਵਾਂਗੁਰਰੀ (Wangurri)—ਦਾ ਰਵਾਇਤੀ ਮਿਲਣ-ਜੁਲਣ ਦਾ ਸਥਾਨ ਹੈ।
ਗੁਮਾਤਜ ਕਬੀਲੇ ਲਈ ਗੁਲਕੁਲਾ ਇੱਕ ਪਵਿੱਤਰ ਧਾਰਮਿਕ ਸਥਾਨ ਹੈ। ਯੋਲਨੂ (Yolŋu) ਸਭਿਆਚਾਰ ਅਨੁਸਾਰ, ਇਹ ਉਹ ਥਾਂ ਹੈ ਜਿੱਥੇ ਉਨ੍ਹਾਂ ਦੇ ਪੂਰਵਜ ਗਨਬੁਲਾਪੁਲਾ (Ganbulapula) ਯੋਲਨੂ ਲੋਕਾਂ ਲਈ ਯਿਡਾਕੀ (Yidaki) ਲੈ ਕੇ ਆਏ ਸਨ। ਯਿਡਾਕੀ ਨੂੰ ਡਿਡਜਰੀਡੂ (Didgeridoo) ਵੀ ਕਿਹਾ ਜਾਂਦਾ ਹੈ), ਜੋ ਹਵਾ ਨਾਲ ਵਜਾਇਆ ਜਾਣ ਵਾਲਾ ਇੱਕ ਆਦਿਵਾਸੀ ਸਾਜ਼ ਹੈ।
ਅੱਜ ਵੀ ਗੁਲਕੁਲਾ ਗਾਰਮਾ ਤਿਉਹਾਰ ਦਾ ਹਰ ਸਾਲ ਹੋਣ ਵਾਲਾ ਰਵਾਇਤੀ ਮਿਲਣ-ਜੁਲਣ ਦਾ ਸਥਾਨ ਹੈ।
ਗਾਰਮਾ ਤਿਉਹਾਰ ਮਹੱਤਵਪੂਰਨ ਕਿਉਂ ਹੈ
ਤਾਨਿਆ ਡੈਨਿੰਗ-ਓਰਮਨ (Tanya Denning-Orman), ਜੋ SBS ਦੀ ਫਰਸਟ ਨੇਸ਼ਨਜ਼ ਡਾਇਰੈਕਟਰ ਹਨ, ਕਹਿੰਦੀ ਹਨ ਕਿ ਗਾਰਮਾ ਤਿਉਹਾਰ ਦੁਨੀਆ ਵਿੱਚ ਆਪਣੀ ਕਿਸਮ ਦਾ ਵਿਲੱਖਣ ਤਿਉਹਾਰ ਹੈ।
ਉਹ ਕਹਿੰਦੀ ਹੈ, "ਗਾਰਮਾ ਆਪਣੀ ਭੂਗੋਲਿਕ ਸਥਿਤੀ ਅਤੇ ਇੱਥੇ ਇਕੱਠੇ ਹੋਣ ਵਾਲੇ ਲੋਕਾਂ ਕਰਕੇ ਬਹੁਤ ਹੀ ਖਾਸ ਹੈ। ਸੈਂਕੜਿਆਂ ਸਾਲਾਂ ਤੋਂ ਇਹ ਸਥਾਨ ਮਿਲਜੁਲ ਕੇ ਗੱਲਬਾਤ ਕਰਨ, ਵਿਚਾਰ ਸਾਂਝੇ ਕਰਨ ਅਤੇ ਰਾਜਨੀਤਿਕ ਚਰਚਾ ਦਾ ਕੇਂਦਰ ਰਿਹਾ ਹੈ।"
ਗਾਰਮਾ ਤਿਉਹਾਰ ਦੀ ਸਥਾਪਨਾ ਯੋਲਨੂ ਸੱਭਿਆਚਾਰਕ ਗਿਆਨ ਨੂੰ ਸੁਰੱਖਿਅਤ ਰੱਖਣ ਅਤੇ ਫਰਸਟ ਨੇਸ਼ਨਜ਼ ਲੋਕਾਂ ਦੀ ਤਾਕਤ ਅਤੇ ਸੰਘਰਸ਼ਸ਼ੀਲਤਾ ਦਾ ਜਸ਼ਨ ਮਨਾਉਣ ਲਈ ਕੀਤੀ ਗਈ ਸੀ।
ਇਸ ਤਿਉਹਾਰ ਨੂੰ ਯੋਲਨੂ ਦੇਸ਼ ਵਿੱਚ ਮਨਾਉਣਾ ਬਹੁਤ ਮਹੱਤਵਪੂਰਨ ਹੈ, ਕਿਉਂਕਿ ਇੱਥੇ ਆਉਣ ਵਾਲੇ ਲੋਕ ਉਸੇ ਥਾਂ 'ਤੇ ਸਿੱਖਦੇ ਹਨ ਜਿੱਥੇ ਹਜ਼ਾਰਾਂ ਸਾਲਾਂ ਤੋਂ ਸੱਭਿਆਚਾਰਕ ਗਿਆਨ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਪਹੁੰਚਾਇਆ ਗਿਆ ਹੈ।
ਇਹ ਤਿਉਹਾਰ ਵੱਖ-ਵੱਖ ਪਿਛੋਕੜਾਂ ਵਾਲੇ ਲੋਕਾਂ ਲਈ ਇੱਕ ਸੱਭਿਆਚਾਰਕ ਤੌਰ 'ਤੇ ਸੁਰੱਖਿਅਤ ਮਾਹੌਲ ਪ੍ਰਦਾਨ ਕਰਦਾ ਹੈ, ਜਿੱਥੇ ਉਹ ਇੱਕ-ਦੂਜੇ ਤੋਂ ਸਿੱਖ ਸਕਦੇ ਹਨ।
ਬਹੁਤ ਸਾਰੇ ਲੋਕਾਂ ਲਈ ਇਹ ਪਹਿਲਾ ਮੌਕਾ ਹੁੰਦਾ ਹੈ ਕਿ ਉਹ ਖੇਤਰੀ ਇਲਾਕੇ 'ਤੇ ਸਮਾਂ ਬਿਤਾਉਣ ਅਤੇ ਰਵਾਇਤੀ ਸਰਪ੍ਰਸਤਾਂ ਤੋਂ ਸਿੱਧਾ ਸਿੱਖ ਸਕਣ।
ਸੱਭਿਆਚਾਰਕ ਪ੍ਰੋਗਰਾਮਾਂ ਦੇ ਨਾਲ-ਨਾਲ, ਆਦਿਵਾਸੀ ਅਤੇ ਟੋਰਸ ਸਟ੍ਰੇਟ ਆਈਲੈਂਡਰ ਲੋਕਾਂ ਨਾਲ ਸੰਬੰਧਿਤ ਜਨਤਕ ਨੀਤੀਆਂ ਬਾਰੇ ਵੀ ਚਰਚਾਵਾਂ ਹੁੰਦੀਆਂ ਹਨ। ਇਸ ਨਾਲ ਆਦਿਵਾਸੀ ਨੇਤਾਵਾਂ ਨੂੰ ਆਪਣੀ ਸੱਭਿਆਚਾਰਕ ਅਥਾਰਟੀ ਨਾਲ ਗੱਲਬਾਤ ਦੀ ਅਗਵਾਈ ਕਰਨ ਦਾ ਮੌਕਾ ਮਿਲਦਾ ਹੈ, ਜੋ ਸਵੈ-ਨਿਰਣੇ ਦਾ ਇੱਕ ਮਹੱਤਵਪੂਰਨ ਹਿੱਸਾ ਹੈ।
ਗਾਰਮਾ ਤਿਉਹਾਰ ਵਿੱਚ ਕੌਣ-ਕੌਣ ਸ਼ਾਮਿਲ ਹੁੰਦਾ ਹੈ
ਇੱਕ ਆਮ ਗਲਤਫ਼ਹਿਮੀ ਇਹ ਹੈ ਕਿ ਗਾਰਮਾ ਤਿਉਹਾਰ ਵਿੱਚ ਸਿਰਫ਼ ਸੱਦੇ ਨਾਲ ਹੀ ਸ਼ਾਮਲ ਹੋ ਸਕਦੇ ਹਨ।
ਯੋਥੂ ਯਿੰਡੀ ਫਾਊਂਡੇਸ਼ਨ ਦੀ ਮੁੱਖ ਕਾਰਜਕਾਰੀ ਅਧਿਕਾਰੀ ਡੈਨੀਸ ਬਾਊਡਨ ਕਹਿੰਦੀ ਹਨ ਕਿ ਗਾਰਮਾ ਹਰ ਕਿਸੇ ਲਈ ਹੈ, ਕਿਉਂਕਿ ਕੋਈ ਵੀ ਵਿਅਕਤੀ ਯੋਥੂ ਯਿੰਡੀ ਫਾਊਂਡੇਸ਼ਨ ਦੀ ਵੈੱਬਸਾਈਟ ਰਾਹੀਂ ਟਿਕਟ ਖਰੀਦ ਕੇ ਇਸ ਵਿੱਚ ਹਿੱਸਾ ਲੈ ਸਕਦਾ ਹੈ।
ਉਹ ਕਹਿੰਦੀ ਹੈ, "ਯੋਥੂ ਯਿੰਡੀ ਫਾਊਂਡੇਸ਼ਨ ਇਸ ਸਮਾਗਮ ਨੂੰ ਸਪਾਂਸਰਸ਼ਿਪ ਅਤੇ ਟਿਕਟਾਂ ਦੀ ਵਿਕਰੀ ਰਾਹੀਂ ਚਲਾਉਂਦੀ ਹੈ। ਟਿਕਟਾਂ ਤੋਂ ਮਿਲਣ ਵਾਲੀ ਆਮਦਨ ਦਾ ਵੱਡਾ ਹਿੱਸਾ ਸਥਾਨਕ ਖੇਤਰ ਵਿੱਚ ਵਾਪਸ ਲਗਾਇਆ ਜਾਂਦਾ ਹੈ, ਜਿਸ ਨਾਲ ਸਾਡੇ ਕਲਾਕਾਰਾਂ ਨੂੰ ਇਸ ਸਮਾਗਮ ਵਿੱਚ ਯੋਗਦਾਨ ਲਈ ਭੁਗਤਾਨ ਕੀਤਾ ਜਾਂਦਾ ਹੈ।"
ਇਸ ਤਿਉਹਾਰ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਦੇ ਨੇਤਾਵਾਂ ਨੂੰ ਸੱਦਾ ਦਿੱਤਾ ਜਾਂਦਾ ਹੈ। ਪਿਛਲੇ ਸਾਲਾਂ ਵਿੱਚ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਵੀ ਇਸ ਵਿੱਚ ਸ਼ਾਮਲ ਹੋ ਚੁੱਕੇ ਹਨ।
ਇਸ ਤੋਂ ਇਲਾਵਾ, ਖੋਜਕਰਤਾ, ਅਧਿਆਪਕ, ਸਮਾਜਿਕ ਹੱਕਾਂ ਦੇ ਸਮਰਥਕ, ਕਲਾਕਾਰ,ਅਤੇ ਕਮਿਊਨਿਟੀ ਸੰਸਥਾਵਾਂ ਵੀ ਇਸ ਵਿੱਚ ਹਿੱਸਾ ਲੈਂਦੀਆਂ ਹਨ।
ਇਸ ਤਰ੍ਹਾਂ ਗਾਰਮਾ ਇੱਕ ਅਜਿਹਾ ਮੰਚ ਹੈ, ਜਿੱਥੇ ਵੱਖ-ਵੱਖ ਪਿਛੋਕੜਾਂ ਵਾਲੇ ਲੋਕ ਆਪਣੇ ਵਿਚਾਰ ਸਾਂਝੇ ਕਰਦੇ ਹਨ, ਸਾਂਝੇਦਾਰੀਆਂ ਬਣਾਉਂਦੇ ਹਨ ਅਤੇ ਨੀਤੀਆਂ ਬਾਰੇ ਚਰਚਾ ਕਰਦੇ ਹਨ।
ਗਾਰਮਾ ਤਿਉਹਾਰ ਵਿੱਚ ਕੀ-ਕੀ ਹੁੰਦਾ ਹੈ?
ਗਾਰਮਾ ਤਿਉਹਾਰ ਦੁਨੀਆ ਦੇ ਸਭ ਤੋਂ ਪੁਰਾਣੇ ਜੀਵੰਤ ਸਭਿਆਚਾਰਾਂ ਵਿੱਚੋਂ ਇੱਕ ਨੂੰ ਸਮਝਣ ਦਾ ਵਿਲੱਖਣ ਮੌਕਾ ਪ੍ਰਦਾਨ ਕਰਦਾ ਹੈ।
ਦਿਨ ਦੇ ਸਮੇਂ ਸੱਭਿਆਚਾਰਕ ਵਰਕਸ਼ਾਪਾਂ ਕਰਵਾਈਆਂ ਜਾਂਦੀਆਂ ਹਨ, ਜਿੱਥੇ ਮਹਿਮਾਨ, ਸੀਨੀਅਰ ਯੋਲਨੂ ਨੇਤਾਵਾਂ ਤੋਂ ਯੋਲਨੂ ਮਾਥਾ ਭਾਸ਼ਾ, ਰਿਸ਼ਤੇਦਾਰੀ ਪ੍ਰਣਾਲੀ, ਕਲਾ , ਗੀਤ ਅਤੇ ਹੋਰ ਸੱਭਿਆਚਾਰਕ ਗਿਆਨ ਬਾਰੇ ਸਿੱਖਦੇ ਹਨ।
ਸੂਰਜ ਡੁੱਬਣ ਵੇਲੇ ਬੁੰਗਗੁਲ ਨਾਮਕ ਰਵਾਇਤੀ ਨਾਚ ਪੇਸ਼ ਕੀਤਾ ਜਾਂਦਾ ਹੈ। ਇਸ ਦੇ ਨਾਲ ਯਿਡਾਕੀ, ਬਿਲਮਾ ਅਤੇ ਯੋਲਨੂ ਗਾਇਕਾਂ ਦੀਆਂ ਆਵਾਜ਼ਾਂ ਹੁੰਦੀਆਂ ਹਨ। ਵੱਖ-ਵੱਖ ਕਬੀਲੇ ਵਾਰੀ-ਵਾਰੀ ਆਪਣੀਆਂ ਕਹਾਣੀਆਂ ਅਤੇ ਪਰੰਪਰਾਵਾਂ ਪੇਸ਼ ਕਰਦੇ ਹਨ।
ਪਰ ਇਹ ਯਾਦ ਰੱਖਣਾ ਮਹੱਤਵਪੂਰਨ ਹੈ ਕਿ ਗਾਰਮਾ ਸਿਰਫ਼ ਇੱਕ ਸੱਭਿਆਚਾਰਕ ਤਿਉਹਾਰ ਨਹੀਂ ਹੈ।
ਇਹ ਯੋਲਨੂ ਅਤੇ ਆਸਟ੍ਰੇਲੀਆ ਭਰ ਦੇ ਹੋਰ ਆਦਿਵਾਸੀ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੇ ਮਹੱਤਵਪੂਰਨ ਮਸਲਿਆਂ 'ਤੇ ਗੱਲਬਾਤ ਅਤੇ ਵਿਚਾਰ-ਵਟਾਂਦਰੇ ਦਾ ਵੀ ਵਿਲੱਖਣ ਮੌਕਾ ਦਿੰਦਾ ਹੈ।
ਆਸਟ੍ਰੇਲੀਆ ਵਿੱਚ ਆਪਣੀ ਨਵੀਂ ਜ਼ਿੰਦਗੀ ਵਿੱਚ ਸੈਟਲ ਹੋਣ ਬਾਰੇ ਵਧੇਰੇ ਕੀਮਤੀ ਜਾਣਕਾਰੀ ਅਤੇ ਸੁਝਾਵਾਂ ਲਈ ਆਸਟ੍ਰੇਲੀਆ ਐਕਸਪਲੇਨਡ ਪੋਡਕਾਸਟ ਨੂੰ ਸਬਸਕ੍ਰਾਈਬ ਕਰੋ ਜਾਂ ਫਾਲੋ ਕਰੋ।
ਕੀ ਤੁਹਾਡੇ ਕੋਈ ਸਵਾਲ ਜਾਂ ਵਿਸ਼ੇ ਦੇ ਵਿਚਾਰ ਹਨ ਤਾਂ australiaexplained@sbs.com.au ਉਤੇ ਇੱਕ ਈਮੇਲ ਭੇਜੋ।





